ਨਵੀਂ ਦਿੱਲੀ, 13 ਫਰਵਰੀ (ਉਪਮਾ ਡਾਗਾ ਪਾਰਥ)-ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਸੰਸਦ ਭਵਨ ਦੇ ਅੰਦਰ ਕਈ ਕਿਸਾਨ ਸੰਗਠਨਾਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ | ਮੁਲਾਕਾਤ ਦੌਰਾਨ ਰਾਹੁਲ ਗਾਂਧੀ ਨੇ ਇਨ੍ਹਾਂ ਸੰਗਠਨਾਂ ਨਾਲ ਵਪਾਰ ਸਮਝੌਤੇ ਦਾ ਵਿਰੋਧ ਕਰਨ ਅਤੇ ਖੇਤੀ ਮਜ਼ਦੂਰਾਂ ਦੇ ਹਿਤਾਂ ਦੀ ਰਾਖੀ ਲਈ ਰਾਸ਼ਟਰੀ ਪੱਧਰ 'ਤੇ ਵੱਡੇ ਅੰਦੋਲਨ ਦੀ ਲੋੜ 'ਤੇ ਚਰਚਾ ਕੀਤੀ | ਰਾਹੁਲ ਗਾਂਧੀ ਵਲੋਂ ਇਹ ਮੁਲਾਕਾਤ ਲੋਕ ਸਭਾ 'ਚ ਬੁੱਧਵਾਰ ਨੂੰ ਤਿੱਖੇ ਲਫ਼ਜ਼ਾਂ 'ਚ ਭਾਰਤ-ਅਮਰੀਕਾ ਸਮਝੌਤੇ ਦੀ ਮੁਖਾਲਫ਼ਤ ਕਰਨ ਤੋਂ ਇਕ ਦਿਨ ਬਾਅਦ ਕੀਤੀ ਗਈ, ਜਿਸ 'ਚ ਉਨ੍ਹਾਂ ਇਸ ਸਮਝੌਤੇ ਨੂੰ ਅਮਰੀਕੀ ਦਬਾਅ ਹੇਠ ਲਿਆ ਸਮਝੌਤਾ ਦੱਸਦਿਆਂ ਕਿਹਾ ਸੀ ਕਿ ਸਰਕਾਰ ਨੇ ਦੇਸ਼ ਨੂੰ ਵੇਚ ਦਿੱਤਾ ਹੈ | ਸ਼ੁੱਕਰਵਾਰ ਨੂੰ ਹੋਈ ਮੀਟਿੰਗ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਇਸ ਵਪਾਰ ਸਮਝੌਤੇ ਨੇ ਖੇਤੀ ਦਰਾਮਦ ਲਈ ਰਾਹ ਖੋਲ੍ਹ ਦਿੱਤਾ ਹੈ ਅਤੇ ਛੇਤੀ ਹੀ ਕਈ ਹੋਰ ਫਸਲਾਂ ਵੀ ਇਸ ਦੇ ਘੇਰੇ 'ਚ ਆ ਸਕਦੀਆਂ ਹਨ | ਕਾਂਗਰਸ ਵਲੋੋਂ ਦਿੱਤੀ ਜਾਣਕਾਰੀ ਮੁਤਾਬਿਕ ਕਿਸਾਨ ਸੰਗਠਨਾਂ ਦੇ ਨੇਤਾਵਾਂ ਨੇ ਭਾਰਤ-ਅਮਰੀਕਾ ਵਪਾਰ ਸਮਝੌਤੇ ਦਾ ਵਿਰੋਧ ਪ੍ਰਗਟਾਇਆ ਅਤੇ ਮੱਕੀ, ਸੋਇਆਬੀਨ, ਕਪਾਹ, ਫਲਾਂ ਅਤੇ ਮੇਵਿਆਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੇ ਸੰਬੰਧ 'ਚ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ | ਕਿਸਾਨ ਨੇਤਾਵਾਂ ਅਤੇ ਰਾਹੁਲ ਗਾਂਧੀ ਨੇ ਇਸ ਸੰਬੰਧ 'ਚ ਇਕ ਵੱਡੇ ਰਾਸ਼ਟਰੀ ਅੰਦੋਲਨ ਦੀ ਲੋੜ 'ਤੇ ਚਰਚਾ ਕੀਤੀ | ਇਸ ਬੈਠਕ 'ਚ ਭਾਰਤੀ ਕਿਸਾਨ ਕਾਂਗਰਸ ਦੇ ਨੇਤਾ ਸੁਖਪਾਲ ਸਿੰਘ ਖਹਿਰਾ, ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਬਲਦੇਵ ਐਸ. ਜ਼ੀਰਾ, ਕਿਸਾਨ ਮਜ਼ਦੂਰ ਮੋਰਚਾ (ਇੰਡੀਆ) ਦੇ ਗੁਰਮਨੀਤ ਐਸ. ਮੰਗਤ ਸਮੇਤ ਕਈ ਸੰਗਠਨਾਂ ਦੇ ਨੇਤਾ ਸ਼ਾਮਿਲ ਹੋਏ |