ਫ਼ੌਜ ਮੁਖੀ ਤੇ ਗ੍ਰਹਿ ਮੰਤਰੀ 'ਤੇ ਸਾਬਕਾ ਪ੍ਰਧਾਨ ਮੰਤਰੀ ਨੂੰ ਹਿਰਾਸਤ 'ਚ ਮਾਰਨ ਦੀ ਸਾਜਿਸ਼ ਰਚਣ ਦਾ ਦੋਸ਼
ਅੰਮਿ੍ਤਸਰ, 18 ਫਰਵਰੀ (ਸੁਰਿੰਦਰ ਕੋਛੜ)-ਰਾਵਲਪਿੰਡੀ ਦੀ ਅਡਿਆਲਾ ਜੇਲ੍ਹ 'ਚ ਬੰਦ ਸਾਬਕਾ ਪ੍ਰਧਾਨ ਮੰਤਰੀ ਤੇ ਪੀ. ਟੀ. ਆਈ. (ਪਾਕਿਸਤਾਨ ਤਹਿਰੀਕ-ਏ-ਇਨਸਾਫ਼) ਪਾਰਟੀ ਦੇ ਸੰਸਥਾਪਕ ਇਮਰਾਨ ਖ਼ਾਨ ਦੀ ਸਿਹਤ ਨੂੰ ਲੈ ਕੇ ਗੁਆਂਢੀ ਮੁਲਕ ਦੀ ਰਾਜਨੀਤੀ ਇਸ ਸਮੇਂ ਪੂਰੀ ਤਰ੍ਹਾਂ ਭਖੀ ਹੋਈ ਹੈ | 73 ਸਾਲਾ ਇਮਰਾਨ ਖ਼ਾਨ ਦੀ ਸੱਜੀ ਅੱਖ 'ਚ ਤੇਜ਼ੀ ਨਾਲ ਨਜ਼ਰ ਘਟਣ ਦੀਆਂ ਰਿਪੋਰਟਾਂ ਨੇ ਉਨ੍ਹਾਂ ਦੇ ਸਮਰਥਕਾਂ ਨੂੰ ਸੜਕਾਂ 'ਤੇ ਉੱਤਰਨ ਲਈ ਉਕਸਾਇਆ ਹੈ | ਅਦਾਲਤ ਦੁਆਰਾ ਨਿਯੁਕਤ ਵਕੀਲ ਦੀ ਰਿਪੋਰਟ ਅਨੁਸਾਰ ਅਕਤੂਬਰ 2025 'ਚ ਸ਼ੁਰੂ ਹੋਈ ਸਮੱਸਿਆ ਨਾਲ ਖ਼ਾਨ ਦੀ ਸੱਜੀ ਅੱਖ 'ਚ ਸਿਰਫ਼ 15 ਫ਼ੀਸਦੀ ਨਜ਼ਰ ਹੀ ਬਚੀ ਹੈ ਤੇ ਰੈਟਿਨਲ ਨਾੜੀ ਦੇ ਬੰਦ ਹੋਣ ਦੀ ਗੰਭੀਰ ਸਥਿਤੀ ਪੈਦਾ ਹੋ ਗਈ ਹੈ | ਇਮਰਾਨ ਖ਼ਾਨ ਦੀ ਨਜ਼ਰ ਬਾਰੇ ਵਧਦੀਆਂ ਚਿੰਤਾਵਾਂ ਵਿਚਕਾਰ ਪੀ.ਟੀ.ਆਈ. ਨੇ ਆਪਣੇ ਵਿਰੋਧ ਪ੍ਰਦਰਸ਼ਨ ਤੇਜ਼ ਕਰ ਦਿੱਤੇ ਹਨ | ਪਾਰਟੀ ਵਰਕਰਾਂ ਨੇ ਲਹਿੰਦੇ ਪੰਜਾਬ ਤੇ ਖ਼ੈਬਰ ਪਖਤੂਨਖਵਾ ਸੂਬੇ ਨੂੰ ਜੋੜਨ ਵਾਲੀ ਮੁੱਖ ਸੜਕ ਨੂੰ ਰੋਕ ਦਿੱਤਾ ਤੇ ਇਸਲਾਮਾਬਾਦ 'ਚ ਸੰਸਦ ਨੇੜੇ ਧਰਨਾ ਦਿੱਤਾ | ਇਸ ਤੋਂ ਇਲਾਵਾ ਪੀ. ਟੀ. ਆਈ. ਵਰਕਰਾਂ ਨੇ ਅਟਕ ਪੁਲ 'ਤੇ ਵੀ ਕਬਜ਼ਾ ਕਰ ਲਿਆ ਹੈ | ਇਸ ਕਾਰਨ ਆਵਾਜਾਈ 'ਚ ਭਾਰੀ ਵਿਘਨ ਪੈ ਰਿਹਾ ਹੈ | ਵਿਰੋਧ ਪ੍ਰਦਰਸ਼ਨਾਂ ਦੀ ਮੁੱਖ ਮੰਗ ਇਹ ਹੈ ਕਿ ਇਮਰਾਨ ਖ਼ਾਨ ਨੂੰ ਵਿਸ਼ੇਸ਼ ਇਲਾਜ ਲਈ ਇਸਲਾਮਾਬਾਦ ਦੇ ਸ਼ਿਫਾ ਇੰਟਰਨੈਸ਼ਨਲ ਹਸਪਤਾਲ 'ਚ ਤਬਦੀਲ ਕੀਤਾ ਜਾਵੇ | ਇਸ ਮਾਮਲੇ ਦੇ ਸੰਬੰਧ 'ਚ ਇਮਰਾਨ ਖ਼ਾਨ ਦੀਆਂ ਭੈਣਾਂ ਉਜ਼ਮਾ ਖ਼ਾਨਮ, ਅਲੀਮਾ ਖ਼ਾਨਮ ਤੇ ਨੋਰੀਨ ਨਿਆਜ਼ੀ ਨੇ ਪਾਕਿਸਤਾਨੀ ਫ਼ੌਜ ਮੁਖੀ ਆਸਿਮ ਮੁਨੀਰ ਤੇ ਗ੍ਰਹਿ ਮੰਤਰੀ ਮੋਹਸਿਨ ਨਕਵੀ 'ਤੇ ਹਿਰਾਸਤ 'ਚ ਸਾਬਕਾ ਪ੍ਰਧਾਨ ਮੰਤਰੀ ਨੂੰ ਮਾਰਨ ਦੀ ਘਾਤਕ ਸਾਜਿਸ਼ ਰਚਣ ਦਾ ਦੋਸ਼ ਲਗਾਇਆ | ਉਜ਼ਮਾ ਨੇ ਕਿਹਾ ਕਿ ਮੋਹਸਿਨ ਨਕਵੀ ਉਨ੍ਹਾਂ ਨੂੰ ਧਮਕੀ ਦੇ ਰਹੇ ਹਨ ਤੇ ਜੇਕਰ ਇਮਰਾਨ ਖ਼ਾਨ ਨੂੰ ਕੁਝ ਹੁੰਦਾ ਹੈ ਤਾਂ ਯਾਦ ਰੱਖੋ ਅਸੀਂ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਨਹੀਂ ਬਖ਼ਸ਼ਾਂਗੇ |
ਸਰਕਾਰ ਨੇ ਜ਼ਮਾਨਤ ਦੇਣ ਨੂੰ ਚੁਣੌਤੀ ਦੇਣ ਵਾਲੀਆਂ ਸਾਰੀਆਂ ਅਪੀਲਾਂ ਲਈਆਂ ਵਾਪਸ
ਜਾਣਕਾਰੀ ਅਨੁਸਾਰ ਲਹਿੰਦੇ ਪੰਜਾਬ ਦੀ ਸਰਕਾਰ ਨੇ ਇਮਰਾਨ ਖ਼ਾਨ ਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਜ਼ਮਾਨਤ ਦੇਣ ਨੂੰ ਚੁਣੌਤੀ ਦੇਣ ਵਾਲੀਆਂ ਸੁਪਰੀਮ ਕੋਰਟ 'ਚ ਦਾਇਰ ਆਪਣੀਆਂ ਸਾਰੀਆਂ ਅਪੀਲਾਂ ਵਾਪਸ ਲੈ ਲਈਆਂ ਹਨ | ਜਸਟਿਸ ਮੁਹੰਮਦ ਹਾਸ਼ਿਮ ਕੱਕੜ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਦੇ ਤਿੰਨ ਮੈਂਬਰੀ ਬੈਂਚ ਨੇ 9 ਮਈ ਨੂੰ ਇਮਰਾਨ ਖ਼ਾਨ ਤੇ ਬੁਸ਼ਰਾ ਬੀਬੀ ਨੂੰ ਦਿੱਤੀ ਗਈ ਜ਼ਮਾਨਤ ਤੇ ਹੋਰ ਸੰਬੰਧਿਤ ਮਾਮਲਿਆਂ ਵਿਰੁੱਧ ਪੰਜਾਬ ਸਰਕਾਰ ਦੀਆਂ ਪਟੀਸ਼ਨਾਂ ਦੀ ਸੁਣਵਾਈ ਕੀਤੀ | ਸੁਣਵਾਈ ਦੌਰਾਨ ਪੰਜਾਬ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਸਰਕਾਰੀ ਵਕੀਲ ਨੇ ਅਦਾਲਤ ਤੋਂ ਸਾਰੀਆਂ ਪਟੀਸ਼ਨਾਂ ਨੂੰ ਵਾਪਸ ਲੈਣ ਦੀ ਇਜਾਜ਼ਤ ਮੰਗੀ, ਜੋ ਸਵੀਕਾਰ ਕਰ ਲਈ ਗਈ |
ਇਮਰਾਨ ਖ਼ਾਨ ਨਾਲ ਸਮਝੌਤੇ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ-ਰਾਣਾ ਸਨਾਉੱਲਾ
ਪਾਕਿ ਪ੍ਰਧਾਨ ਮੰਤਰੀ ਦੇ ਰਾਜਨੀਤਿਕ ਮਾਮਲਿਆਂ ਦੇ ਸਲਾਹਕਾਰ ਰਾਣਾ ਸਨਾਉੱਲਾ ਨੇ ਕਿਹਾ ਕਿ ਇਮਰਾਨ ਖ਼ਾਨ ਨਾਲ ਸਮਝੌਤੇ ਦੀਆਂ ਦੋ ਕੋਸ਼ਿਸ਼ਾਂ ਕੀਤੀਆਂ ਗਈਆਂ, ਜੋ ਅਸਫਲ ਰਹੀਆਂ | ਉਨ੍ਹਾਂ ਕਿਹਾ ਕਿ ਖ਼ਾਨ ਇਕ ਸੌਦੇ 'ਤੇ ਸਹਿਮਤ ਹੋਏ, ਪਰ ਬਾਅਦ 'ਚ ਇਸ ਤੋਂ ਪਿੱਛੇ ਹਟ ਗਏ | ਉਨ੍ਹਾਂ ਕਿਹਾ ਕਿ ਰਾਜਨੀਤੀ ਰਸਤੇ ਲੱਭਣ ਦਾ ਨਾਂਅ ਹੈ, ਪਰ ਖ਼ਾਨ ਰਸਤੇ ਲੱਭਣ ਲਈ ਤਿਆਰ ਨਹੀਂ ਤੇ ਉਨ੍ਹਾਂ ਦਾ ਰਵੱਈਆ ਜ਼ਿੱਦੀ ਹੈ | ਸਨਾਉੱਲਾ ਨੇ ਕਿਹਾ ਕਿ ਖ਼ਾਨ ਦੀਆਂ ਸ਼ਰਤਾਂ ਕਿਸੇ ਨੂੰ ਵੀ ਸਵੀਕਾਰ ਨਹੀਂ ਹਨ ਕਿਉਂਕਿ ਉਹ ਕਹਿੰਦੇ ਹਨ, ਕਿ ਤੁਸੀਂ ਮੇਰੀ ਜਗ੍ਹਾ ਆਓ ਤੇ ਮੈਂ ਤੁਹਾਡੀ ਜਗ੍ਹਾ |
ਇਮਰਾਨ ਖ਼ਾਨ ਦੀ ਸਿਹਤ ਨੂੰ ਲੈ ਕੇ ਪਾਕਿਸਤਾਨ 'ਚ ਰਾਜਨੀਤੀ ਪੂਰੀ ਤਰ੍ਹਾਂ ਭਖੀ <br/>
ਅਜੀਤ ਡੈਸਕ
19-02-2026