22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਕੈਨੇਡਾ ਦੇ 'ਐਕਸਪ੍ਰੈੱਸ ਐਂਟਰੀ ਸਿਸਟਮ' 'ਚ ਕਿੱਤਿਆਂ ਦਾ ਵਾਧਾ

ਅਜੀਤ ਡੈਸਕ 20-02-2026

• ਯੋਗਤਾ ਪ੍ਰਾਪਤ ਸੀਨੀਅਰ ਮੈਨੇਜਰਾਂ ਤੇ ਫ਼ੌਜੀਆਂ ਨੂੰ ਮਿਲੇਗਾ ਪੱਕੇ ਹੋਣ ਦਾ ਮੌਕਾ • ਕੁੱਕ, ਖੇਤੀਬਾੜੀ ਕਾਮੇ ਅਤੇ ਡਰਾਈਵਰ ਸ਼ਾਮਿਲ ਨਹੀਂ
ਟੋਰਾਂਟੋ, 19 ਫਰਵਰੀ (ਸਤਪਾਲ ਸਿੰਘ ਜੌਹਲ)-ਕੈਨੇਡਾ ਦੀ ਇੰਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਨੇ ਟੋਰਾਂਟੋ ਵਿਖੇ ਬੀਤੇ ਕੱਲ੍ਹ ਐਲਾਨ ਕਰਦਿਆਂ ਆਖਿਆ ਕਿ ਦੇਸ਼ ਦੀ ਰੋਜ਼ਗਾਰ ਮਾਰਕਿਟ ਦੀਆਂ ਲੋੜਾਂ ਅਨੁਸਾਰ ਐਕਸਪ੍ਰੈੱਸ ਐਂਟਰੀ ਸਿਸਟਮ 'ਚ ਕੈਨੇਡੀਅਨ ਐਕਸਪੀਰੀਐਂਸ ਕਲਾਸ ਰਾਹੀਂ ਪੱਕੀ ਇੰਮੀਗ੍ਰੇਸ਼ਨ ਲਈ ਕਿੱਤਿਆਂ ਦੀਆਂ 3 ਨਵੀਆਂ ਕੈਟੇਗਰੀਆਂ ਸ਼ਾਮਿਲ ਕੀਤੀਆਂ ਜਾ ਰਹੀਆਂ ਹਨ | ਇਸ ਨਾਲ ਹੁਣ ਐਕਸਪ੍ਰੈਸ ਐਂਟਰੀ 'ਚ ਪ੍ਰੋਫਾਈਲ ਬਣਾਉਣ ਵਾਸਤੇ ਕੁੱਲ 10 ਕੈਟੇਗਰੀਆਂ ਹੋ ਗਈਆਂ ਹਨ | ਕੈਨੇਡਾ ਵਿਚ ਸੀਨੀਅਰ ਮੈਨੇਜਰ ਪੱਧਰ ਦੇ ਕੰਮ ਦਾ ਤਜਰਬਾ ਗ੍ਰਹਿਣ ਕਰ ਚੁੱਕੇ ਯੋਗਤਾ ਪ੍ਰਾਪਤ ਵਿਦੇਸ਼ੀਆਂ ਨੂੰ ਹੁਣ ਪਹਿਲ ਦੇ ਆਧਾਰ 'ਤੇ ਪੱਕੇ ਹੋਣ ਦਾ ਮੌਕਾ ਮਿਲ ਸਕਦਾ ਹੈ | ਇਸ ਵਿਚ ਸਿਹਤ, ਸਿੱਖਿਆ, ਯੂਨੀਵਰਸਿਟੀ ਪ੍ਰੋਫੈਸਰ, ਲੈਕਚਰਾਰ, ਪਾਇਲਟ, ਜਹਾਜ਼ਾਂ ਦੇ ਮਕੈਨਿਕ, ਵਿੱਤੀ ਸੇਵਾਵਾਂ, ਖੋਜ, ਸੰਚਾਰ, ਪ੍ਰਸਾਰਨ, ਵਪਾਰ, ਮਕਾਨ ਉਸਾਰੀ, ਆਵਾਜਾਈ, ਟਰੱਕ ਤੇ ਬੱਸ ਦੇ ਮਕੈਨਿਕ, ਡਾਕਟਰ, ਉਤਪਾਦਨ ਅਤੇ ਜਨਤਕ ਸਹੂਲਤਾਂ (ਬਿਜਲੀ, ਪਾਣੀ ਖੇਤਰ) ਆਦਿ ਕਿੱਤੇ ਸ਼ਾਮਿਲ ਹਨ, ਜਿਨ੍ਹਾਂ ਵਿਚ ਪ੍ਰੋਫਾਈਲ ਬਣਾਉਣ ਦੀ ਤਰੀਕ ਤੋਂ ਪਹਿਲਾਂ 3 ਸਾਲ ਪਿੱਛੇ ਤੱਕ ਕੈਨੇਡਾ ਵਿਚ ਘੱਟੋ ਘੱਟ ਕੁੱਲ 1 ਸਾਲ ਕੰਮ ਦਾ ਤਜਰਬਾ ਗ੍ਰਹਿਣ ਕੀਤਾ ਹੋਵੇ | ਵਰਨਣਯੋਗ ਹੈ ਕਿ ਕੰਮ ਦੇ ਤਜਰਬੇ ਦੀ ਸ਼ਰਤ ਹੁਣ ਤੱਕ 6 ਮਹੀਨੇ ਸੀ ਜਿਸ ਨੂੰ ਵਧਾ ਕੇ 1 ਸਾਲ ਕੀਤਾ ਗਿਆ ਹੈ | ਕੈਨੇਡਾ ਦੇ ਰੱਖਿਆ ਪ੍ਰਬੰਧਾਂ ਵਿਚ ਮਾਹਿਰਾਂ ਦੀ ਲੋੜ ਅਨੁਸਾਰ ਦੇਸ਼ ਦੀ ਫੌਜ ਵਿਚ ਕੰਮ ਦਾ ਤਜ਼ਰਬਾ ਹਾਸਿਲ ਕਰਨ ਅਤੇ ਯੋਗਦਾਨ ਪਾਉਣ ਵਾਲੇ (ਸਕਿੱਲਡ) ਫ਼ੌਜੀਆਂ ਨੂੰ ਵੀ ਹੁਣ ਐਕਸਪ੍ਰੈੱਸ ਐਂਟਰੀ ਸਿਸਟਮ ਰਾਹੀਂ ਪੱਕੀ ਇਮੀਗ੍ਰੇਸ਼ਨ ਲੈਣ ਦਾ ਮੌਕਾ ਮਿਲ ਸਕਦਾ ਹੈ ਜਿਸ ਵਿਚ ਨੈਸ਼ਨਲ ਆਕੂਪੇਸ਼ਨਲ ਕਲਾਸੀਫਿਕੇਸ਼ਨ (ਨੌਕ) ਦੇ ਕੋਡ 40142, 42102, ਅਤੇ 43204 ਬਣਾਏ ਗਏ ਹਨ | ਇਸ ਕੈਟੇਗਰੀ ਵਿਚ ਯੋਗ ਹੋਣ ਲਈ ਕੈਨੇਡਾ ਵਿਚ ਕੰਮ ਦੇ 1 ਸਾਲ ਦੇ ਤਜਰਬੇ ਤੋਂ ਇਲਾਵਾ, ਵਿਦੇਸ਼ (ਅਰਜ਼ੀਕਰਤਾ ਦੇ ਆਪਣੇ ਦੇਸ਼ ਦੀ) ਫ਼ੌਜ ਵਿੱਚ 10 ਸਾਲ ਦਾ ਤਜਰਬਾ, ਕੈਨੇਡੀਅਨ ਫ਼ੌਜ ਤੋਂ 3 ਸਾਲਾਂ ਦੀ ਫੁੱਲ ਟਾਈਮ ਜੌਬ ਆਫਰ, ਕਾਲਜ ਜਾਂ ਯੂਨੀਵਰਸਿਟੀ ਪੱਧਰ ਦੀ ਸਿੱਖਿਆ ਵੀ ਪ੍ਰਾਪਤ ਕੀਤੀ ਹੋਣੀ ਜ਼ਰੂਰੀ ਹੈ | ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ (ਪੀ.ਆਰ.) ਲਈ ਕੈਟੇਗਰੀਆਂ ਵਿਚ ਵਾਧਾ ਕੀਤੇ ਜਾਣ ਨਾਲ ਕੈਨੇਡਾ ਵਿਚ ਵਰਕ ਪਰਮਿਟ ਦੀ ਮਿਆਦ ਖ਼ਤਮ ਹੋਣ ਵਾਲੇ ਵਿਦੇਸ਼ੀ ਨੌਜਵਾਨਾਂ ਨੂੰ ਰਾਹਤ ਮਿਲਣ ਦੀ ਸੰਭਾਵਨਾ ਹੈ | ਇਸ ਦੇ ਨਾਲ ਹੀ ਐਕਸਪ੍ਰੈੱਸ ਐਂਟਰੀ ਰਾਹੀਂ ਪੀ.ਆਰ. ਲਈ ਕੁੱਕ, ਖੇਤਬਾੜੀ ਕਾਮੇ ਅਤੇ ਡਰਾਈਵਰ ਨਹੀਂ ਰੱਖੇ ਗਏ | ਬੀਤੇ ਸਮੇਂ ਦੌਰਾਨ ਇਨ੍ਹਾਂ ਕੁਝ ਕਿੱਤਿਆਂ ਵਿਚ ਪ੍ਰਮੁੱਖਤਾ ਨਾਲ ਭਾਰਤੀ ਨਾਗਰਿਕਾਂ ਵਲੋਂ ਵਰਕ ਪਰਮਿਟ ਲੈਣ ਅਤੇ ਪੱਕੇ ਹੋਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਤੇ ਇਸ ਦੌਰਾਨ ਉਨ੍ਹਾਂ ਨੂੰ ਏਜੰਟਾਂ ਅਤੇ ਕਾਰੋਬਾਰੀਆਂ ਵਲੋਂ ਮਿਲੀਭੁਗਤ ਨਾਲ ਵਰਕ ਪਰਮਿਟ ਅਤੇ ਪੀ.ਆਰ. ਦੀਆਂ ਅਰਜ਼ੀਆਂ ਕਰਨ ਲਈ ਚਿੱਠੀਆਂ (ਜੌਬ ਲੈਟਰ) ਵੇਚਣ ਬਾਰੇ ਸਰਕਾਰ ਤੱਕ ਸ਼ਿਕਾਇਤਾਂ ਪੁੱਜਦੀਆਂ ਰਹੀਆਂ ਹਨ | ਮੰਤਰੀ ਡਿਆਬ ਨੇ ਕਿਹਾ ਕਿ ਐਕਸਪ੍ਰੈੱਸ ਐਂਟਰੀ ਦੇ ਡਰਾਅ ਕੱਢੇ ਜਾਣਾ ਜਾਰੀ ਰਹੇਗਾ ਅਤੇ ਕੈਨੇਡਾ ਵਿਚ ਕੰਮ ਦਾ ਤਡਰਬਾ ਹਾਸਿਲ ਕਰ ਚੁੱਕੇ ਡਾਕਟਰਾਂ ਲਈ ਇਕ ਡਰਾਅ ਇਸੇ ਹਫਤੇ ਕੱਢਿਆ ਜਾਵੇਗਾ |

ਪਿਛਲੀ ਖ਼ਬਰ 'ਆਪ' ਦੇ ਸਰਪੰਚ ਹਰਬਰਿੰਦਰ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਲੰਡਾ ਹਰੀਕੇ ਨੇ ਲਈ ਅਗਲੀ ਖ਼ਬਰ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 23 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।