21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਬਰਤਾਨੀਆ ਦੇ ਮਹਾਰਾਜਾ ਚਾਰਲਸ ਦਾ ਭਰਾ ਐਂਡਰਿਊ ਗਿ੍ਫ਼ਤਾਰ ਤੇ ਰਿਹਾਅ

ਅਜੀਤ ਡੈਸਕ 20-02-2026

ਲੰਡਨ, 19 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. ਪੁਲਿਸ ਨੇ ਮਹਾਰਾਜਾ ਚਾਰਲਸ ਤੀਜੇ ਦੇ ਛੋਟੇ ਭਰਾ ਐਂਡਰਿਊ ਮਾਊਾਟਬੈਟਨ-ਵਿੰਡਸਰ ਨੂੰ ਜਿਨਸੀ ਅਪਰਾਧੀ ਜੈਫਰੀ ਐਪਸਟੀਨ ਨਾਲ ਸੰਬੰਧਾਂ ਤੇ ਵਪਾਰਕ ਦੌਰਿਆਂ ਦੀਆਂ ਸਰਕਾਰੀ ਰਿਪੋਰਟਾਂ ਸਾਂਝੀਆਂ ਕਰਨ ਦੇ ਕਥਿਤ ਦੋਸ਼ਾਂ ਤਹਿਤ ਸੈਂਡਰਿੰਘਮ ਹਾਊਸ ਨਾਰਫੋਕ ਤੋਂ ਗਿ੍ਫ਼ਤਾਰ ਕੀਤਾ, ਜਿਸ ਨੂੰ ਕਰੀਬ 11 ਘੰਟਿਆਂ ਬਾਅਦ ਵੀਰਵਾਰ ਸ਼ਾਮ ਨੂੰ ਛੱਡ ਦਿੱਤਾ ਗਿਆ | ਲੰਡਨ ਦੀ ਥੇਮਸ ਵੈਲੀ ਪੁਲਿਸ ਨੇ ਕਿਹਾ ਕਿ ਉਹ ਬਰਕਸ਼ਾਇਰ ਤੇ ਨਾਰਫੋਕ 'ਚ ਸਾਬਕਾ ਰਾਜਕੁਮਾਰ ਦੀਆਂ ਰਿਹਾਇਸ਼ੀ ਜਾਇਦਾਦਾਂ ਦੀ ਤਲਾਸ਼ੀ ਲਈ, ਭਾਵੇਂ ਕਿ ਪੁਲਿਸ ਨੇ ਗਿ੍ਫਤਾਰ ਕੀਤੇ ਗਏ ਵਿਅਕਤੀ ਦਾ ਨਾਂਅ ਜਨਤਕ ਨਹੀਂ ਕੀਤਾ ਸੀ ਪਰ ਮਹਾਰਾਜਾ ਚਾਰਲਸ ਦੇ ਬਿਆਨ ਤੋਂ ਬਾਅਦ ਸਥਿਤੀ ਸਪੱਸ਼ਟ ਹੋ ਗਈ | ਮੀਡੀਆ ਰਿਪੋਰਟਾਂ ਮੁਤਾਬਿਕ ਅੱਜ ਸਵੇਰ ਮੌਕੇ ਐਂਡਰਿਊ ਦੀ ਨਾਰਫੋਕ ਰਿਹਾਇਸ਼ ਤੇ ਪੁਲਿਸ ਦੀਆਂ ਗੱਡੀਆਂ ਵੇਖੀਆਂ ਗਈਆਂ ਸਨ | ਯੂ.ਕੇ. ਦੇ ਕਾਨੂੰਨ 'ਚ ਕਿਸੇ ਵੀ ਵਿਅਕਤੀ ਦੀ ਗਿ੍ਫਤਾਰੀ ਲਈ ਪੁਲਿਸ ਕੋਲ ਵਾਜਬ ਆਧਾਰ ਹੋਣਾ ਲਾਜ਼ਮੀ ਹੁੰਦਾ ਹੈ | ਸ਼ਾਇਦ ਇਸੇ ਕਾਰਨ ਗਿ੍ਫਤਾਰੀ ਨੂੰ ਲੈ ਕੇ ਦੇਰੀ ਹੋਈ ਹੈ | ਐਂਡਰਿਊ 'ਤੇ ਕਥਿਤ ਦੋਸ਼ ਹਨ ਕਿ ਇਕ ਦਹਾਕੇ ਪਹਿਲਾਂ ਤਤਕਾਲੀ ਸਰਕਾਰ ਦੇ ਵਪਾਰ ਵਿਭਾਗ 'ਚ ਸਾਬਕਾ ਵਪਾਰ ਰਾਜਦੂਤ ਵਜੋਂ ਕੰਮ ਕਰਦਿਆਂ ਉਹਨਾਂ ਦੇ ਸਰਕਾਰੀ ਅਹੁਦੇ 'ਤੇ ਹੁੰਦਿਆਂ ਅਫਗਾਨਿਸਤਾਨ 'ਚ ਨਿਵੇਸ਼ ਬਾਰੇ ਇਕ ਗੁਪਤ ਰਿਪੋਰਟ ਅੱਗੇ ਭੇਜੀ ਸੀ ਅਤੇ ਇਕ ਨਿੱਜੀ ਵਪਾਰਕ ਸੰਪਰਕ ਨੂੰ ਇਕ ਖਜ਼ਾਨਾ ਰਿਪੋਰਟ ਦਿੱਤੀ ਸੀ | ਇਸ ਸੰਬੰਧੀ ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਕਿ ਕੋਈ ਵੀ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਹੈ | ਜਿਸ ਕੋਲ ਕੋਈ ਜਾਣਕਾਰੀ ਹੈ ਉਸ ਨੂੰ ਗਵਾਹੀ ਦੇਣੀ ਚਾਹੀਦੀ ਹੈ | ਮਹਾਰਾਜਾ ਚਾਰਲਸ ਨੇ ਐਂਡਰਿਊ ਦੀ ਗਿ੍ਫ਼ਤਾਰੀ ਤੋਂ ਬਾਅਦ 'ਡੂੰਘੀ ਚਿੰਤਾ' ਪ੍ਰਗਟ ਕੀਤੀ ਤੇ ਕਿਹਾ ਕਿ ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਨਿਰਪੱਖ ਤੇ ਢੁਕਵੀਂ ਜਾਂਚ ਲਈ ਸਾਡਾ ਪੂਰਾ ਸਹਿਯੋਗ ਹੋਵੇਗਾ |

ਪਿਛਲੀ ਖ਼ਬਰ ਮਾਂ ਬੋਲੀ ਦਿਵਸ 'ਤੇ ਵਿਸ਼ੇਸ਼ ਚਰਚਾ : ਮੇਰਾ ਮਾਣ ਪੰਜਾਬੀ, ਮੇਰੀ ਸ਼ਾਨ ਪੰਜਾਬੀ ਮੇਰੇ ਲਈ ਸਾਰੇ ਜੱਗ ਤੋਂ ਮਹਾਨ ਪੰਜਾਬੀ ਅਗਲੀ ਖ਼ਬਰ ਅਮਰੀਕਾ ਇਸ ਹਫ਼ਤੇ ਈਰਾਨ 'ਤੇ ਕਰ ਸਕਦਾ ਹੈ ਹਮਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।