ਕਿਹਾ, ਸਿਰਫ਼ 4 ਸਾਲਾਂ 'ਚ 990 ਆਮ ਆਦਮੀ ਕਲੀਨਿਕ ਸਥਾਪਤ ਕੀਤੇ, 400 ਹੋਰ ਪ੍ਰਗਤੀ ਅਧੀਨ
ਫ਼ਤਹਿਗੜ੍ਹ ਸਾਹਿਬ, 28 ਮਾਰਚ (ਮਨਪ੍ਰੀਤ ਸਿੰਘ)-ਪੰਜਾਬ ਸਰਕਾਰ ਨੇ ਅੱਜ 109 ਨਵੇਂ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ, ਜਿਸ ਨਾਲ ਰਾਜ ਵਿਚ ਅਜਿਹੇ ਕਲੀਨਿਕਾਂ ਦੀ ਕੁੱਲ ਗਿਣਤੀ ਚਾਰ ਸਾਲਾਂ ਅੰਦਰ 990 ਹੋ ਗਈ ਹੈ ਤੇ ਆਉਣ ਵਾਲੇ ਦਿਨਾਂ 'ਚ ਅਜਿਹੇ 400 ਹੋਰ ਕਲੀਨਿਕ ਵੀ ਖੋਲ੍ਹੇ ਜਾਣਗੇ | ਸਰਹਿੰਦ ਦੀ ਅਨਾਜ ਮੰਡੀ 'ਚ 'ਆਪ' ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਕਲੀਨਿਕ 107 ਦਵਾਈਆਂ ਅਤੇ 47 ਡਾਇਗਨੌਸਟਿਕ ਟੈਸਟ ਮੁਫ਼ਤ ਪ੍ਰਦਾਨ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਸਿਹਤ ਨੈੱਟਵਰਕ ਤਹਿਤ ਹੁਣ ਤੱਕ ਤਕਰੀਬਨ 5 ਕਰੋੜ ਓ.ਪੀ.ਡੀ. ਵਿਜ਼ਿਟ ਦਰਜ ਕੀਤੀਆਂ ਗਈਆਂ ਹਨ | ਕੇਜਰੀਵਾਲ ਨੇ ਦੱਸਿਆ ਕਿ ਸਰਕਾਰ 65 ਲੱਖ ਪਰਿਵਾਰਾਂ ਨੂੰ ਸਿਹਤ ਕਾਰਡ ਜਾਰੀ ਕਰ ਰਹੀ ਹੈ, ਜਿਨ੍ਹਾਂ 'ਚੋਂ 30 ਲੱਖ ਕਾਰਡ ਪਹਿਲਾਂ ਹੀ ਬਣ ਚੁੱਕੇ ਹਨ | ਉਨ੍ਹਾਂ ਨੇ ਪੰਜਾਬ ਦੇ ਵੋਟਰਾਂ ਨੂੰ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਸਾਵਧਾਨ ਕੀਤਾ | ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਟੇਜ ਤੋਂ ਅਸੀਂ ਸਿੱਖਿਆ, ਸਿਹਤ, ਬਿਜਲੀ, ਖੇਤੀਬਾੜੀ ਅਤੇ ਹੋਰ ਖੇਤਰਾਂ ਬਾਰੇ ਗੱਲ ਕਰ ਰਹੇ ਹਾਂ, ਜਦੋਂਕਿ ਦੂਜੀਆਂ ਪਾਰਟੀਆਂ ਦੀਆਂ ਸਟੇਜਾਂ 'ਤੋਂ ਸਿਰਫ਼ ਸੱਤਾ ਹਥਿਆਉਣ ਦੇ ਦਾਅਵੇ ਕੀਤੇ ਜਾ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਅੱਜ ਫ਼ਤਹਿਗੜ੍ਹ ਸਾਹਿਬ ਵਿਚ 41.22 ਕਰੋੜ ਰੁਪਏ ਦੇ ਨਿਵੇਸ਼ ਨਾਲ ਦੋ ਵੱਡੇ ਸਿੰਚਾਈ ਪ੍ਰਾਜੈਕਟ ਸ਼ੁਰੂ ਕੀਤੇ ਜਾ ਰਹੇ ਹਨ | ਇਸ ਵਿਚ 1ਐਲ ਡਿਸਟਰੀਬਿਊਟਰੀ, ਸੰਗਤਪੁਰਾ ਮਾਈਨਰ, ਰੀਠਖੇੜੀ ਮਾਈਨਰ ਅਤੇ ਚਲੀਲਾ ਸਬ-ਮਾਈਨਰ ਦੀ ਕੰਕਰੀਟ ਲਾਈਨਿੰਗ ਸ਼ਾਮਿਲ ਹੈ | ਪਹਿਲਾਂ ਘੱਟ ਸਮਰੱਥਾ ਕਾਰਨ ਵਾਧੂ ਪਾਣੀ ਹਰਿਆਣਾ ਵੱਲ ਜਾਂਦਾ ਸੀ ਤੇ ਪੰਜਾਬ ਦੇ ਖੇਤਾਂ ਨੂੰ ਨੁਕਸਾਨ ਹੁੰਦਾ ਸੀ | ਹੁਣ ਪੰਜਾਬ ਦੇ ਦਰਿਆਈ ਪਾਣੀ ਦੀ ਹਰ ਬੂੰਦ ਪੰਜਾਬ ਦੇ ਖੇਤਾਂ ਤੱਕ ਪਹੁੰਚੇਗੀ, ਜਿਸ ਨਾਲ 70 ਪਿੰਡਾਂ ਦੇ 41,726 ਏਕੜ ਰਕਬੇ ਨੂੰ ਲਾਭ ਹੋਵੇਗਾ | ਇਸ ਮੌਕੇ ਸੀਨੀਅਰ ਆਗੂ ਮਨੀਸ਼ ਸਿਸੋਦੀਆ, ਕੈਬਨਿਟ ਮੰਤਰੀ ਅਮਨ ਅਰੋੜਾ, ਡਾ. ਬਲਬੀਰ ਸਿੰਘ, ਤਰੁਨਪ੍ਰੀਤ ਸਿੰਘ ਸੌਂਦ, ਬਰਿੰਦਰ ਗੋਇਲ, ਗੁਰਮੀਤ ਸਿੰਘ ਖੁੱਡੀਆਂ, ਡਾ. ਰਵਜੋਤ, ਹਰਭਜਨ ਸਿੰਘ ਈ.ਟੀ.ਓ., ਮਹਿੰਦਰ ਭਗਤ, ਵਿਧਾਇਕ ਲਖਵੀਰ ਸਿੰਘ ਰਾਏ, ਵਿਧਾਇਕ ਰੁਪਿੰਦਰ ਸਿੰਘ ਹੈਪੀ, ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਜੈ ਸਿੰਘ ਲਿਬੜਾ, ਮਾਰਕੀਟ ਕਮੇਟੀ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਤੇ ਰਸ਼ਪਿੰਦਰ ਸਿੰਘ ਰਾਜਾ, ਐਸ.ਸੀ. ਵਿੰਗ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਜੀ.ਪੀ. ਸਮੇਤ ਆਗੂ ਤੇ ਵਰਕਰ ਸ਼ਾਮਿਲ ਸਨ |
ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ 109 ਆਮ ਆਦਮੀ ਕਲੀਨਿਕ ਲੋਕਾਂ ਨੂੰ ਕੀਤੇ ਸਮਰਪਿਤ
ਅਜੀਤ ਡੈਸਕ
29-03-2026