04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਪੰਜਾਬ ਕੋਲ ਰਸੋਈ ਗੈਸ ਤੇ ਤੇਲ ਦਾ ਲੋੜੀਂਦਾ ਭੰਡਾਰ ਮੌਜੂਦ, ਘਬਰਾਉਣ ਦੀ ਲੋੜ ਨਹੀਂ-ਮੁੱਖ ਮੰਤਰੀ

ਅਜੀਤ ਡੈਸਕ 29-03-2026

ਕਿਹਾ, ਕਣਕ ਦੀ ਵਾਢੀ ਦੌਰਾਨ ਨਿਰਵਿਘਨ ਤੇਲ ਸਪਲਾਈ ਲਈ ਕੇਂਦਰ ਕੋਲ ਰੱਖੀ ਮੰਗ
ਚੰਡੀਗੜ੍ਹ, 28 ਮਾਰਚ (ਹਰਕਵਲਜੀਤ ਸਿੰਘ)–ਮੁੱਖ ਮੰਤਰੀ ਭਗਵੰਤ ਮਾਨ ਅੱਜ ਇਥੇ ਦੱਸਿਆ ਕਿ ਉਨ੍ਹਾਂ ਨੇ ਕੱਲ੍ਹ ਸ਼ਾਮ ਮੁੱਖ ਮੰਤਰੀਆਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਨਲਾਈਨ ਮੀਟਿੰਗ ਦੌਰਾਨ ਮੰਗ ਰੱਖੀ ਕਿ ਪੰਜਾਬ 'ਚ ਕੁੱਝ ਦਿਨ ਬਾਅਦ 140 ਲੱਖ ਮੀਟਿ੍ਕ ਟਨ ਕਣਕ ਦੀ ਫ਼ਸਲ ਦੀ ਸ਼ੁਰੂ ਹੋਣ ਜਾ ਰਹੀ ਕਟਾਈ ਤੇ ਸੰਭਾਲ ਲਈ ਪੰਜਾਬ ਨੂੰ ਤੇਲ ਦਾ ਵਿਸ਼ੇਸ਼ ਕੋਟਾ ਅਲਾਟ ਕਰਨ ਤਾਂ ਜੋ ਕਟਾਈ ਮਸ਼ੀਨਾਂ ਅਤੇ ਢੁਆਈ ਲਈ ਟਰਾਂਸਪੋਰਟ ਨੂੰ ਡੀਜ਼ਲ ਦੀ ûੜ ਮਹਿਸੂਸ ਨਾ ਹੋਵੇ | ਮੁੱਖ ਮੰਤਰੀ ਨੇ ਅੱਜ ਇਥੇ ਇਕ ਪੱਤਰਕਾਰ ਸੰਮੇਲਨ 'ਚ ਪੰਜਾਬ ਦੇ ਗੁਦਾਮਾਂ ਵਿਚ ਮੌਜੂਦ ਕਣਕ ਅਤੇ ਚੌਲਾਂ ਦੇ ਭੰਡਾਰ ਨੂੰ ਚੁਕਵਾਉਣ 'ਚ ਤੇਜ਼ੀ ਲਿਆਉਣ ਦੀ ਮੰਗ ਕੀਤੀ ਤਾਂ ਜੋ ਆਉਣ ਵਾਲੀ ਕਣਕ ਦੀ ਫ਼ਸਲ ਭੰਡਾਰ ਕਰਨ ਲਈ ਜਗ੍ਹਾ ਉਪਲਬਧ ਕਰਵਾਈ ਜਾ ਸਕੇ | ਮੁੱਖ ਮੰਤਰੀ ਨੇ ਕਿਹਾ ਕਿ ਰਾਜ ਵਿਚ ਜੂਨ 2026 ਵਿਚ ਝੋਨੇ ਦੀ ਫ਼ਸਲ ਲਈ ਬਿਜਾਈ ਵੀ ਸ਼ੁਰੂ ਹੋ ਜਾਵੇਗੀ, ਇਸ ਲਈ ਪੰਜਾਬ 'ਚ ਡੀ.ਏ.ਪੀ ਖਾਦ ਦਾ ਲੋੜੀਂਦਾ ਭੰਡਾਰਨ ਵੀ ਪਹਿਲਾਂ ਹੀ ਕਰਨ ਦੀ ਲੋੜ ਹੈ | ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਆਪਣੇ ਵੱਖ-ਵੱਖ ਦੇਸ਼ਾਂ ਨਾਲ ਦੱਸੇ ਜਾਂਦੇ ਚੰਗੇ ਸੰਬੰਧਾਂ ਨਾਲ ਭਾਰਤ ਲਈ ਤੇਲ ਤੇ ਗੈਸ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦੀਆਂ ਖਾਧ ਲੋੜ ਪੂਰੀਆਂ ਕਰਨ ਦੇ ਸਮਰੱਥ ਹੈ | ਉਨ੍ਹਾਂ ਕਿਹਾ ਕਿ ਸੂਬੇ ਵਿਚ ਡੀਜ਼ਲ ਦਾ 14 ਦਿਨਾਂ ਲਈ, ਪੈਟਰੋਲ ਦਾ 12 ਦਿਨਾਂ ਲਈ ਅਤੇ ਐਲ.ਪੀ.ਜੀ. ਦਾ 6 ਦਿਨਾਂ ਦਾ ਭੰਡਾਰ ਮੌਜੂਦ ਹੈ | ਉਨ੍ਹਾਂ ਕਿਹਾ ਕਿ ਕਮਰਸ਼ੀਅਲ ਗੈਸ ਦੀ ਮੰਗ ਵਧਣ ਕਾਰਨ ਉਸ ਦਾ ਕੋਟਾ 70 ਪ੍ਰਤੀਸ਼ਤ ਵਧਾਇਆ ਗਿਆ ਹੈ ਤੇ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਗੈਸ ਦੀ ਸਪਲਾਈ ਜਾਰੀ ਰੱਖੀ ਜਾਵੇ ਤਾਂ ਜੋ ਕੋਈ ਫ਼ੈਕਟਰੀ ਜਾਂ ਵਪਾਰ ਬੰਦ ਨਾ ਹੋਵੇ | ਉਨ੍ਹਾਂ ਕਿਹਾ ਕਿ ਰਾਜ ਦੇ ਅਧਿਕਾਰੀਆਂ ਵਲੋਂ ਤੇਲ ਕੰਪਨੀਆਂ ਦੇ ਮਾਰਕੀਟਿੰਗ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਹੈ ਅਤੇ ਜਮ੍ਹਾਂਖੋਰੀ ਨੂੰ ਰੋਕਣ ਲਈ ਚੈਕਿੰਗ ਦੌਰਾਨ 301 ਐਲ.ਪੀ.ਜੀ. ਸਿਲੰਡਰ ਜ਼ਬਤ ਕੀਤੇ ਹਨ | ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਨੂੰ ਉਨ੍ਹਾਂ ਦਿਹਾਤੀ ਖੇਤਰਾਂ ਲਈ ਵੀ 45 ਦਿਨਾਂ ਦੀ ਥਾਂ ਸ਼ਹਿਰੀ ਖੇਤਰਾਂ ਵਾਂਗ 25 ਦਿਨਾਂ ਬਾਅਦ ਦੂਸਰਾ ਸਿਲੰਡਰ ਦਿੱਤੇ ਜਾਣ ਦੀ ਮੰਗ ਰੱਖੀ ਹੈ | ਮੁੱਖ ਮੰਤਰੀ ਨੇ ਕਿਹਾ ਕਿ ਇਸ ਵੇਲੇ ਪੰਜਾਬ 'ਚ 139 ਲੱਖ ਮੀਟਿ੍ਕ ਟਨ ਚੌਲ ਦਾ ਭੰਡਾਰ ਹੈ, ਜਦੋਂ ਕਿ ਕਣਕ ਦੀ ਆ ਰਹੀ ਫ਼ਸਲ ਦੀ ਖ਼ਰੀਦ ਬਾਅਦ ਕਣਕ ਦਾ ਭੰਡਾਰ 171 ਲੱਖ ਮੀਟਿ੍ਕ ਟਨ 'ਤੇ ਪੱੁਜ ਜਾਵੇਗਾ ਅਤੇ ਭੰਡਾਰ ਦਾ ਦੂਜੇ ਰਾਜਾਂ ਨੂੰ ਢੁਆਈ ਤੋਂ ਬਿਨਾਂ ਪੰਜਾਬ ਵਿਚ ਫ਼ਸਲ ਦੇ ਇੰਨੇ ਭੰਡਾਰ ਨੂੰ ਸੰਭਾਲਣਾ ਸੰਭਵ ਨਹੀਂ ਹੋਵੇਗਾ, ਕਿਉਂਕਿ ਪੰਜਾਬ ਵਿਚ ਗੁਦਾਮਾਂ ਦੀ ਸਮਰੱਥਾਂ 155 ਲੱਖ ਮੀਟਿ੍ਕ ਟਨ ਹੈ | ਉਨ੍ਹਾਂ ਕਿਹਾ ਕਿ ਸਰਕਾਰੀ ਏਜੰਸੀਆਂ ਕਣਕ ਦੀ ਖ਼ਰੀਦ ਲਈ ਪੂਰੀ ਤਰ੍ਹਾਂ ਤਿਆਰ ਹਨ | ਉਨ੍ਹਾਂ ਲੋਕਾਂ ਨੂੰ ਖ਼ਬਰਦਾਰ ਕੀਤਾ ਕਿ ਉਹ ਪੈਟਰੋਲ ਤੇ ਡੀਜ਼ਲ ਦਾ ਘਰਾਂ 'ਚ ਭੰਡਾਰ ਨਾ ਕਰਨ ਕਿਉਂਕਿ ਉਨ੍ਹਾਂ ਲਈ ਖ਼ਤਰਾ ਵੀ ਬਣ ਸਕਦਾ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਪੰਜਾਬ ਲਈ ਤੇਲ ਦਾ ਕੋਟਾ ਵਧਾਉਣ ਲਈ ਹੁੰਗਾਰਾ ਭਰਿਆ ਹੈ | ਮੁੱਖ ਮੰਤਰੀ ਨੇ ਕਿਹਾ ਕਿ ਅਗਰ ਕੇਂਦਰ ਵਲੋਂ ਤੇਲ 'ਤੇ ਐਕਸਾਈਜ਼ ਡਿਊਟੀ ਘਟਾਈ ਜਾਂਦੀ ਹੈ ਤਾਂ ਉਹ ਉਸ ਦਾ ਸਵਾਗਤ ਕਰਨਗੇ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਭਰੋਸਾ ਪ੍ਰਗਟਾਇਆ ਕਿ ਦੇਸ਼ ਵਿਚ ਤੇਲ ਦੀ ਕੋਈ ਕਮੀ ਨਹੀਂ ਹੈ | ਮੁੱਖ ਮੰਤਰੀ ਨੇ ਇਹ ਦੱਸਿਆ ਕਿ ਸਰਕਾਰ ਵਲੋਂ ਝੋਨੇ ਦੀ ਬਿਜਾਈ ਤੱਕ ਖੇਤੀ ਲਈ ਨਹਿਰੀ ਪਾਣੀ ਦੀ ਉਪਲਬਧਤਾ ਨੂੰ ਵਧਾਉਣ ਲਈ ਯਤਨ ਜਾਰੀ ਹਨ ਅਤੇ ਇਸ ਨਾਲ ਕਿਸਾਨਾਂ ਨੂੰ ਵੱਡਾ ਲਾਭ ਮਿਲੇਗਾ | ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਕੋਈ ਸਮੱਸਿਆ ਨਹੀਂ ਹੈ ਤੇ ਪੁਲਿਸ ਪ੍ਰਸ਼ਾਸਨ ਚੰਗਾ ਕੰਮ ਕਰ ਰਿਹਾ ਹੈ |

ਪਿਛਲੀ ਖ਼ਬਰ ਸਾਬਕਾ ਮੰਤਰੀ ਲਾਲ ਸਿੰਘ ਨਹੀਂ ਰਹੇ ਅਗਲੀ ਖ਼ਬਰ 'ਭਾਰਤ ਪੂਰੀ ਤਾਕਤ ਨਾਲ ਪੱਛਮੀ ਏਸ਼ੀਆ ਸੰਕਟ ਦਾ ਸਾਹਮਣਾ ਕਰ ਰਿਹਾ ਹੈ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।