ਅੱਜ ਪਟਿਆਲਾ 'ਚ ਹੋਵੇਗਾ ਅੰਤਿਮ ਸੰਸਕਾਰ
ਐੱਸ.ਏ.ਐੱਸ. ਨਗਰ/ਪਟਿਆਲਾ, 28 ਮਾਰਚ (ਪ੍ਰੋ. ਅਵਤਾਰ ਸਿੰਘ/ਧਰਮਿੰਦਰ ਸਿੰਘ ਸਿੱਧੂ)-ਪੰਜਾਬ ਕਾਂਗਰਸ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਤੇ ਸਾਬਕਾ ਵਿੱਤ ਮੰਤਰੀ ਲਾਲ ਸਿੰਘ (85) ਦਾ ਲੰਬੀ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ | ਜ਼ਿਆਦਾ ਸਿਹਤ ਖ਼ਰਾਬ ਹੋਣ ਦੇ ਚਲਦਿਆਂ ਉਨ੍ਹਾਂ ਨੂੰ ਮੁਹਾਲੀ ਦੇ ਇਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ ਸੀ, ਜਿਥੇ ਕਿ ਦੁਪਹਿਰ ਕਰੀਬ 12 ਵਜੇ ਉਨ੍ਹਾਂ ਆਖ਼ਰੀ ਸਾਹ ਲਏ | ਜ਼ਿਕਰਯੋਗ ਹੈ ਕਿ ਲਾਲ ਸਿੰਘ ਦੀ ਪਤਨੀ ਦਾ ਕੁਝ ਸਮਾਂ ਪਹਿਲਾਂ ਹੀ ਦਿਹਾਂਤ ਹੋ ਗਿਆ ਸੀ | ਉਹ ਆਪਣੇ ਪਿਛੇ ਇਕ ਪੁੱਤਰ ਅਤੇ ਧੀ ਛੱਡ ਗਏ ਹਨ | ਲਾਲ ਸਿੰਘ ਦੇ ਪੁੱਤਰ ਕਾਕਾ ਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ, ਜਿਸ ਕਾਰਨ ਉਨ੍ਹਾਂ ਦਾ ਇਲਾਜ ਮੁਹਾਲੀ ਦੇ ਇਕ ਨਿੱਜੀ ਹਸਪਤਾਲ ਤੋਂ ਚੱਲ ਰਿਹਾ ਸੀ | ਬਿਮਾਰੀ ਦੇ ਚਲਦਿਆਂ ਉਹ ਆਪਣੇ ਚੰਡੀਗੜ੍ਹ ਦੇ ਸੈਕਟਰ-33 ਸਥਿਤ ਘਰ ਵਿਖੇ ਰਹਿ ਰਹੇ ਸਨ | ਉਨ੍ਹਾਂ ਦੱਸਿਆ ਕਿ ਸਵ. ਲਾਲ ਸਿੰਘ ਦਾ ਅੰਤਿਮ ਸੰਸਕਾਰ 29 ਮਾਰਚ ਨੂੰ ਪਟਿਆਲਾ-ਰਾਜਪੁਰਾ ਸੜਕ 'ਤੇ ਸਥਿਤ 'ਵੀਰ ਜੀ ਮੜੀਆਂ' ਵਿਖੇ ਬਾਅਦ ਦੁਪਹਿਰ 3 ਵਜੇ ਹੋਵੇਗਾ | ਜ਼ਿਕਰਯੋਗ ਹੈ ਕਿ ਲਾਲ ਸਿੰਘ ਪਿਛਲੇ ਕਰੀਬ 45 ਸਾਲਾਂ ਤੋਂ ਪਟਿਆਲਾ ਦੇ ਸਨੌਰ ਹਲਕੇ ਨਾਲ ਸੰਬੰਧ ਰੱਖਦੇ ਸਨ | ਉਨ੍ਹਾਂ ਨੇ 1977 'ਚ ਪਹਿਲੀ ਵਾਰ ਇਸ ਹਲਕੇ ਤੋਂ ਚੋਣ ਲੜੀ ਅਤੇ ਉਸ ਤੋਂ ਬਾਅਦ ਕਈ ਵਾਰ ਵਿਧਾਇਕ ਬਣ ਕੇ ਲੋਕਾਂ ਦੀ ਨੁਮਾਇੰਦਗੀ ਕੀਤੀ | ਉਨ੍ਹਾਂ ਨੂੰ ਇਕ ਮਜ਼ਬੂਤ ਲੋਕ-ਆਧਾਰ ਵਾਲੇ ਆਗੂ ਵਜੋਂ ਜਾਣਿਆ ਜਾਂਦਾ ਸੀ | ਉਨ੍ਹਾਂ ਪੰਜਾਬ ਸਰਕਾਰ 'ਚ ਕੈਬਨਿਟ ਮੰਤਰੀ ਵਜੋਂ ਵੀ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ ਅਤੇ ਆਪਣੇ ਕਾਰਜਕਾਲ ਦੌਰਾਨ ਕਈ ਵਿਕਾਸ ਪ੍ਰਾਜੈਕਟਾਂ ਨੂੰ ਅੱਗੇ ਵਧਾਇਆ | ਕਾਂਗਰਸ ਪਾਰਟੀ ਅੰਦਰ ਵੀ ਉਹ ਇਕ ਤਜ਼ਰਬੇਕਾਰ ਅਤੇ ਸੰਤੁਲਿਤ ਆਗੂ ਮੰਨੇ ਜਾਂਦੇ ਸਨ | 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਦੋਂ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸਨ, ਉਨ੍ਹਾਂ ਨੂੰ 'ਇਕ ਪਰਿਵਾਰ, ਇਕ ਟਿਕਟ' ਨੀਤੀ ਕਰਕੇ ਸਨੌਰ ਤੋਂ ਟਿਕਟ ਨਹੀਂ ਦਿੱਤੀ ਗਈ ਸੀ, ਹਾਲਾਂਕਿ ਬਾਅਦ 'ਚ ਪਾਰਟੀ ਵਲੋਂ ਉਨ੍ਹਾਂ ਨੂੰ ਪੰਜਾਬ ਮੰਡੀ ਬੋਰਡ ਦਾ ਚੇਅਰਮੈਨ ਨਿਯੁਕਤ ਕਰਕੇ ਮਾਣ-ਸਨਮਾਨ ਦਿੱਤਾ ਗਿਆ ਸੀ, ਜਦਕਿ ਉਨ੍ਹਾਂ ਦੇ ਪੁੱਤਰ ਕਾਕਾ ਰਾਜਿੰਦਰ ਸਿੰਘ ਨੂੰ ਪਟਿਆਲਾ ਦੇ ਹੀ ਸਮਾਣਾ ਹਲਕੇ ਤੋਂ ਟਿਕਟ ਦਿੱਤੀ ਗਈ ਸੀ, ਜਿਥੋਂ ਉਹ ਜਿੱਤ ਪ੍ਰਾਪਤ ਕਰਕੇ ਵਿਧਾਇਕ ਬਣੇ ਸਨ | ਸਾਬਕਾ ਮੰਤਰੀ ਲਾਲ ਸਿੰਘ ਦੇ ਦਿਹਾਂਤ 'ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਆਗੂਆਂ ਨੇ ਕਿਹਾ ਕਿ ਲਾਲ ਸਿੰਘ ਦਾ ਜਾਣਾ ਪੰਜਾਬ ਦੀ ਰਾਜਨੀਤੀ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ | ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਸਮਰਥਕਾਂ ਵਲੋਂ ਵੀ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ |
ਸਾਬਕਾ ਮੰਤਰੀ ਲਾਲ ਸਿੰਘ ਨਹੀਂ ਰਹੇ
ਅਜੀਤ ਡੈਸਕ
29-03-2026