ਨੌਜਵਾਨਾਂ ਦੇ ਭਵਿੱਖ ਨੂੰ ਨਵੀਂ ਉਡਾਣ ਦੇਣ ਦਾ ਕੰਮ ਹੋ ਰਿਹਾ-ਮੋਦੀ
ਕਿਹਾ, ਵਿਰੋਧੀ ਧਿਰਾਂ ਅਜਿਹੀਆਂ ਗੱਲਾਂ ਕਰਨ ਤੋਂ ਗੁਰੇਜ਼ ਕਰਨ ਜੋ ਦੇਸ਼ ਲਈ ਨੁਕਸਾਨਦੇਹ ਹੋਣ
ਨਵੀਂ ਦਿੱਲੀ, 28 ਮਾਰਚ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਭਾਰਤ ਦੇ ਸਭ ਤੋਂ ਵੱਡੇ ਅਤੇ ਏਸ਼ੀਆ ਦੇ ਦੂਜੇ ਸਭ ਤੋਂ ਵੱਡੇ ਹਵਾਈ ਅੱਡੇ ਉੱਤਰ ਪ੍ਰਦੇਸ਼ ਦੇ ਜੇਵਰ 'ਚ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ | ਉਦਘਾਟਨ ਮੌਕੇ ਪ੍ਰਧਾਨ ਮੰਤਰੀ ਨੇ ਆਪ ਰਿਮੋਰਟ ਦਾ ਬਟਨ ਦਬਾ ਕੇ ਪਹਿਲੇ ਪੜਾਅ ਦਾ ਆਗਾਜ਼ ਕੀਤਾ, ਨਾਲ ਹੀ ਉਥੇ ਮੌਜੂਦ ਲੋਕਾਂ ਨੂੰ ਆਪਣੇ ਮੋਬਾਈਲ ਫੋਨ ਦੀ ਫਲੈਸ਼ਲਾਈਟ ਜਗਾ ਕੇ ਰੌਸ਼ਨੀ ਦੇ ਨਾਲ ਹਵਾਈ ਅੱਡੇ ਦਾ ਉਦਘਾਟਨ ਕਰਨ ਨੂੰ ਕਿਹਾ | ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦਾ ਸਿਰਫ ਅੱਧਾ ਕੰਮ ਹੀ ਪੂਰਾ ਹੋਇਆ ਹੈ ਅਤੇ ਉਨ੍ਹਾਂ ਨੇ ਸਿਰਫ਼ ਪਰਦਾ ਉਠਾਇਆ ਹੈ ਜਦਕਿ ਇਸ ਦਾ ਅਸਲੀ ਭਵਿੱਖ ਜਨਤਾ ਅਦੇ ਨੌਜਵਾਨਾਂ ਦੇ ਹੱਥ 'ਚ ਹੈ | ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ 'ਚ ਨਾ ਕੇਵਲ ਹਵਾਈ ਅੱਡੇ ਨੂੰ , ਜੋ ਉੱਤਰ ਪ੍ਰਦੇਸ਼ ਤੋਂ ਇਲਾਵਾ ਦੱਖਣੀ ਹਰਿਆਣਾ, ਪੂਰਬੀ ਰਾਜਸਥਾਨ ਅਤੇ ਉਤਰਾਖੰਡ ਦੇ ਲੋਕਾਂ ਲਈ ਵੀ ਕਾਫੀ ਸੁਵਿਧਾਜਨਕ ਹੋਵੇਗਾ, ਉੱਤਰ ਪ੍ਰਦੇਸ਼ ਦੇ ਵਿਕਾਸ ਦੀ ਉਡਾਣ ਦਾ ਪ੍ਰਤੀਕ ਦੱਸਿਆ, ਸਗੋਂ ਪਿਛਲੀਆਂ ਸੂਬਾ ਸਰਕਾਰਾਂ (ਸਮਾਜਵਾਦੀ ਪਾਰਟੀ) 'ਤੇ ਖਿੱਤੇ ਨੂੰ ਅਣਗੌਲਣ ਦਾ ਦੋਸ਼ ਵੀ ਲਾਇਆ | ਇਸ ਤੋਂ ਇਲਾਵਾ ਉਨ੍ਹਾਂ ਨੇ ਈਰਾਨ ਅਤੇ ਇਜ਼ਰਾਈਲ-ਅਮਰੀਕਾ ਜੰਗ ਕਾਰਨ ਉਪਜੇ ਸੰਕਟ ਨੂੰ ਵੀ ਆਪਣੇ ਭਾਸ਼ਨ 'ਚ ਭਰਵੀਂ ਥਾਂ ਦਿੱਤੀ ਅਤੇ ਸਿਆਸੀ ਪਾਰਟੀਆਂ ਨੂੰ ਅਜਿਹੀਆਂ ਗੱਲਾਂ ਕਰਨ ਤੋਂ ਗੁਰੇਜ਼ ਕਰਨ ਨੂੰ ਕਿਹਾ ਜੋ ਦੇਸ਼ ਲਈ ਨੁਕਸਾਨਦੇਹ ਹੋਣ |
ਨੌਜਵਾਨਾਂ ਦੇ ਭਵਿੱਖ ਨੂੰ ਨਵੀਂ ਉਡਾਣ ਦੇਣ ਦਾ ਕੰਮ ਹੋ ਰਿਹਾ ਹੈ-ਮੋਦੀ
ਪ੍ਰਧਾਨ ਮੰਤਰੀ ਮੋਦੀ ਨੇ ਜੇਵਰ ਹਵਾਈ ਅੱਡੇ ਨੂੰ ਨੌਜਵਾਨਾਂ ਦੇ ਭਵਿੱਖ ਨੂੰ ਨਵੀਂ ਉਡਾਣ ਦੇਣ ਦੀ ਦਿਸ਼ਾ 'ਚ ਚੁੱਕਿਆ ਕਦਮ ਦੱਸਦਿਆਂ ਉੱਤਰ ਪ੍ਰਦੇਸ਼ ਦੀਆਂ ਪਿਛਲੀਆਂ ਸਰਕਾਰਾਂ ਨੂੰ ਵੀ ਨਿਸ਼ਾਨੇ 'ਤੇ ਲਿਆ | ਉਨ੍ਹਾਂ ਕਿਹਾ ਕਿ 2014 ਤੋਂ ਪਹਿਲਾਂ ਦੇਸ਼ 'ਚ ਸਿਰਫ 74 ਹਵਾਈ ਅੱਡੇ ਸਨ, ਹੁਣ ਇਹ ਵਧ ਕੇ 160 ਹੋ ਗਏ ਹਨ | ਇਸ ਮੌਕੇ ਉੱਤਰ ਪ੍ਰਦੇਸ਼ ਦੇ ਰਾਜਪਾਲ ਆਨੰਦੀਬੇਨ ਪਟੇਲ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਅਤੇ ਬ੍ਰਜੇਸ਼ ਪਾਠਕ, ਕੇਂਦਰੀ ਸਿਵਿਲ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਸਮੇਤ ਕਈ ਮੰਤਰੀ, ਸੰਸਦ ਮੈਂਬਰ ਅਤੇ ਵਿਧਾਇਕ ਮੌਜੂਦ ਰਹੇ |
ਪ੍ਰਧਾਨ ਮੰਤਰੀ ਵਲੋਂ ਦੇਸ਼ ਦੇ ਸਭ ਤੋਂ ਵੱਡੇ ਹਵਾਈ ਅੱਡੇ ਦਾ ਉਦਘਾਟਨ
ਅਜੀਤ ਡੈਸਕ
29-03-2026