17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਮੰਡੀਆਂ 'ਚ ਕਣਕ ਦੇ ਅੰਬਾਰ, ਖ਼ਰੀਦ ਠੱਪ-ਕਿਸਾਨਾਂ ਦੀ ਚਿੰਤਾ ਸਿਖ਼ਰਾਂ 'ਤੇ

ਅਜੀਤ ਡੈਸਕ 15-04-2026

ਬੇਮੌਸਮੀ ਬਰਸਾਤ ਨਾਲ ਕੁਆਲਿਟੀ ਪ੍ਰਭਾਵਿਤ, ਮਾਪਦੰਡਾਂ 'ਚ ਛੋਟ ਲਈ ਕੇਂਦਰ ਵੱਲ ਤੱਕ ਰਹੀ ਹੈ ਪੰਜਾਬ ਸਰਕਾਰ
ਕੇਵਲ ਸਿੰਗਲਾ

ਮੂਨਕ, 14 ਅਪ੍ਰੈਲ-ਪੰਜਾਬ ਦੀਆਂ ਅਨਾਜ ਮੰਡੀਆਂ ਇਸ ਵੇਲੇ ਸੰਕਟਮਈ ਹਾਲਾਤ ਦਾ ਸਾਹਮਣਾ ਕਰ ਰਹੀਆਂ ਹਨ, ਜਿੱਥੇ ਕਣਕ ਦੀ ਭਾਰੀ ਆਮਦ ਦੇ ਬਾਵਜੂਦ ਖ਼ਰੀਦ ਪ੍ਰਕਿਰਿਆ ਲਗਪਗ ਠੱਪ ਪਈ ਹੈ | ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਮੰਡੀਆਂ ਕਣਕ ਨਾਲ ਨੱਕੋ-ਨੱਕ ਭਰੀਆਂ ਹੋਈਆਂ ਹਨ ਪਰ ਖ਼ਰੀਦ ਏਜੰਸੀਆਂ ਦੀ ਹੜਤਾਲ ਅਤੇ ਬੇਮੌਸਮੀ ਬਰਸਾਤ ਕਾਰਨ ਕੁਆਲਿਟੀ 'ਚ ਆਏ ਨੁਕਸ ਕਾਰਨ ਖ਼ਰੀਦ ਮਾਪਦੰਡਾਂ 'ਚ ਛੋਟ ਦੀ ਉਡੀਕ ਕੀਤੀ ਜਾ ਰਹੀ ਹੈ | ਜਾਣਕਾਰੀ ਮੁਤਾਬਿਕ ਸੂਬੇ ਵਿਚ ਕਈ ਇਲਾਕਿਆਂ 'ਚ 70 ਫ਼ੀਸਦੀ ਤੋਂ ਉੱਪਰ ਤੱਕ ਕਣਕ ਦੀ ਵਾਢੀ ਹੋ ਚੁੱਕੀ ਹੈ ਅਤੇ ਵੱਡੀ ਮਾਤਰਾ ਵਿਚ ਫ਼ਸਲ ਮੰਡੀਆਂ 'ਚ ਪਹੁੰਚ ਚੁੱਕੀ ਹੈ | ਇਕ ਅੰਦਾਜ਼ੇ ਅਨੁਸਾਰ ਲਗਪਗ 25 ਤੋਂ 30 ਲੱਖ ਮੀਟਰਿਕ ਟਨ ਕਣਕ ਖੁੱਲ੍ਹੇ ਅਸਮਾਨ ਹੇਠ ਪਈ ਹੈ | ਮੰਡੀਆਂ ਵਿਚ ਢੇਰੀਆਂ ਸੁੱਟਣ ਲਈ ਵੀ ਥਾਂ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ, ਜਿਸ ਨਾਲ ਕਿਸਾਨਾਂ ਦੀ ਚਿੰਤਾ ਹੋਰ ਵਧ ਗਈ ਹੈ | ਦੂਜੇ ਪਾਸੇ, ਬੇਮੌਸਮੀ ਬਰਸਾਤ ਕਾਰਨ ਕਣਕ ਦੀ ਕੁਆਲਿਟੀ 'ਤੇ ਅਸਰ ਪਿਆ ਹੈ, ਜਿਸ ਕਰ ਕੇ ਖ਼ਰੀਦ ਏਜੰਸੀਆਂ ਵਲੋਂ ਕੇਂਦਰ ਸਰਕਾਰ ਕੋਲ ਮਾਪਦੰਡਾਂ 'ਚ ਛੋਟ ਦੀ ਮੰਗ ਕੀਤੀ ਗਈ ਹੈ | ਕੇਂਦਰੀ ਟੀਮਾਂ ਵਲੋਂ ਮੰਡੀਆਂ 'ਚੋਂ ਕਣਕ ਦੇ ਸੈਂਪਲ ਭਰ ਕੇ ਲੈਬਾਰਟਰੀਆਂ ਵਿਚ ਜਾਂਚ ਲਈ ਭੇਜੇ ਗਏ ਹਨ | ਇਹ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਮਾਪਦੰਡਾਂ ਵਿਚ ਛੋਟ ਬਾਰੇ ਫ਼ੈਸਲਾ ਹੋਣਾ ਸੰਭਵ ਹੈ | ਖ਼ਰੀਦ ਪ੍ਰਕਿਰਿਆ ਵਿਚ ਹੋ ਰਹੀ ਦੇਰੀ ਨੂੰ ਲੈ ਕੇ ਕੇਂਦਰ ਅਤੇ ਸੂਬਾ ਸਰਕਾਰ ਦੋਵਾਂ 'ਤੇ ਸਵਾਲ ਖੜ੍ਹੇ ਹੋ ਰਹੇ ਹਨ | ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ 'ਤੇ ਫ਼ੈਸਲਾ ਨਾ ਹੋਇਆ ਤਾਂ ਮੌਸਮ ਖ਼ਰਾਬ ਹੋਣ ਦੀ ਸੂਰਤ 'ਚ ਖੁੱਲ੍ਹੇ ਅਸਮਾਨ ਹੇਠ ਪਈ ਕਣਕ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ | ਇਸ ਨਾਲ ਨਾ ਸਿਰਫ਼ ਕਿਸਾਨਾਂ ਦੀ ਆਮਦਨ ਪ੍ਰਭਾਵਿਤ ਹੋਵੇਗੀ, ਸਗੋਂ ਸਰਕਾਰੀ ਖ਼ਰੀਦ ਪ੍ਰਣਾਲੀ 'ਤੇ ਵੀ ਅਸਰ ਪਵੇਗਾ | ਮੰਡੀਆਂ ਵਿਚ ਕਈ ਕਿਸਾਨ ਪਿਛਲੇ 10 ਤੋਂ 14 ਦਿਨਾਂ ਤੋਂ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ | ਉਨ੍ਹਾਂ ਨੂੰ ਨਾ ਸਿਰਫ਼ ਆਰਥਿਕ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸਗੋਂ ਮੱਛਰਾਂ ਅਤੇ ਹੋਰ ਮੁਸ਼ਕਲ ਹਾਲਾਤ ਵਿਚ ਰਹਿਣਾ ਪੈ ਰਿਹਾ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਉਹ ਉਦੋਂ ਹੀ ਘਰ ਵਾਪਸ ਜਾ ਸਕਦੇ ਹਨ ਜਦੋਂ ਉਨ੍ਹਾਂ ਦੀ ਕਣਕ ਦੀ ਤੋਲ ਹੋ ਕੇ ਬੋਰੀਆਂ ਵਿਚ ਭਰਾਈ ਹੋ ਜਾਵੇ | ਕਿਸਾਨ ਜਥੇਬੰਦੀਆਂ ਅਤੇ ਮੰਡੀ ਮਾਹਿਰਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਣਕ ਦੇ ਸੈਂਪਲਾਂ ਦੀ ਜਾਂਚ ਤੁਰੰਤ ਕਰਵਾ ਕੇ ਮਾਪਦੰਡਾਂ ਵਿਚ ਲੋੜੀਂਦੀ ਛੋਟ ਦਾ ਐਲਾਨ ਕੀਤਾ ਜਾਵੇ | ਨਾਲ ਹੀ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਆਪਣੀ ਮਸ਼ੀਨਰੀ ਨੂੰ ਤੇਜ਼ ਕਰ ਕੇ ਖ਼ਰੀਦ ਪ੍ਰਕਿਰਿਆ ਨੂੰ ਤੁਰੰਤ ਸ਼ੁਰੂ ਕਰਵਾਏ, ਤਾਂ ਜੋ ਮੰਡੀਆਂ ਵਿਚ ਪੈਦਾ ਹੋ ਰਹੀ ਸੰਕਟਮਈ ਸਥਿਤੀ ਨੂੰ ਕਾਬੂ ਕੀਤਾ ਜਾ ਸਕੇ | ਮੌਜੂਦਾ ਹਾਲਾਤ ਵਿਚ ਜੇਕਰ ਤੁਰੰਤ ਫ਼ੈਸਲੇ ਨਾ ਲਏ ਗਏ ਤਾਂ ਮੰਡੀਆਂ ਵਿਚ ਪਈ ਲੱਖਾਂ ਮੀਟਰਿਕ ਟਨ ਕਣਕ ਦਾ ਭਵਿੱਖ ਅਨਿਸ਼ਚਿਤ ਹੋ ਸਕਦਾ ਹੈ ਅਤੇ ਕਿਸਾਨਾਂ ਨੂੰ ਵੱਡੇ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ |

ਪਿਛਲੀ ਖ਼ਬਰ ਬਿਹਾਰ 'ਚ ਨਿਤਿਸ਼ ਯੁੱਗ ਦਾ ਅੰਤ ਚੌਧਰੀ ਹੋਣਗੇ ਬਿਹਾਰ ਦੇ ਅਗਲੇ 'ਸਮਰਾਟ' <br/> ਅਗਲੀ ਖ਼ਬਰ ਸੀ.ਬੀ.ਐਸ.ਈ. 10ਵੀਂ ਦਾ ਨਤੀਜਾ ਜਲਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।