19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਤਰਨ ਤਾਰਨ ਦੇ ਪਿੰਡ ਪੰਜਵੜ ਦਾ ਸੀ ਧਮਾਕੇ 'ਚ ਮਾਰਿਆ ਗਿਆ ਜਗਰੂਪ ਸਿੰਘ

ਅਜੀਤ ਡੈਸਕ 29-04-2026

ਭਰਾ ਸਤਨਾਮ ਸਿੰਘ ਤੇ ਇਕ ਨਜ਼ਦੀਕੀ ਰਿਸ਼ਤੇਦਾਰ ਨੂੰ ਲਿਆ ਹਿਰਾਸਤ 'ਚ
ਝਬਾਲ (ਤਰਨ ਤਾਰਨ), 28 ਅਪ੍ਰੈਲ (ਸੁਖਦੇਵ ਸਿੰਘ, ਸਰਬਜੀਤ ਸਿੰਘ)-ਸ਼ੰਭੂ ਰੇਲਵੇ ਪੱਟੜੀ 'ਤੇ ਹੋਏ ਬੰਬ ਧਮਾਕੇ ਵਿਚ ਮਾਰੇ ਗਏ ਜਗਰੂਪ ਸਿੰਘ ਦੇ ਚਰਚਿੱਤ ਰਹੇ ਪਿੰਡ ਪੰਜਵੜ੍ਹ ਵਿਖੇ ਭਾਰੀ ਗਿਣਤੀ ਵਿਚ ਪੁੱਜੀ ਪੁਲਿਸ ਨੇ ਉਸ ਦੇ ਛੋਟੇ ਭਰਾ ਸਤਨਾਮ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਹੈ | ਮਿ੍ਤਕ ਜਗਰੂਪ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਬੰਬ ਧਮਾਕੇ ਵਿਚ ਆਪਣੇ ਪੁੱਤਰ ਦੀ ਸ਼ਮੂਲੀਅਤ ਨੂੰ ਨਕਾਰਦਿਆਂ ਕਿਹਾ ਕਿ ਉਸ ਦਾ ਪੁੱਤਰ ਦਲ ਪੰਥ ਨਾਲ ਰਹਿ ਕੇ ਸੇਵਾ ਕਰਦਾ ਸੀ ਅਤੇ ਉਹ ਘੋੜੇ ਤੇ ਬਾਜ਼ ਰੱਖਣ ਦਾ ਸ਼ੌਕੀਨ ਸੀ | ਉਸ ਨੇ ਦੱਸਿਆ ਕਿ ਜਗਰੂਪ ਸਿੰਘ ਵਿਆਹਿਆ ਹੋਇਆ ਹੈ ਅਤੇ ਉਸ ਦੀਆਂ ਦੋ ਲੜਕੀਆਂ ਹਨ | ਉਸ ਦੀ ਪਤਨੀ ਸਿਲਾਈ ਦਾ ਕੰਮ ਕਰਦੀ ਹੈ | ਜਗਰੂਪ ਸਿੰਘ ਜ਼ਿਆਦਾ ਸਮਾਂ ਦਲ ਪੰਥ ਨਾਲ ਰਹਿੰਦਾ ਸੀ | ਜਿਸ ਕਰਕੇ ਉਸ ਦਾ ਛੋਟਾ ਭਰਾ ਸਤਨਾਮ ਸਿੰਘ ਆਟਾ ਚੱਕੀ ਚਲਾ ਕੇ ਆਪਣਾ ਅਤੇ ਜਗਰੂਪ ਸਿੰਘ ਦਾ ਪਰਿਵਾਰ ਪਾਲਦਾ ਹੈ | ਮਾਤਾ ਨੇ ਦੱਸਿਆ ਸਾਰੀ ਘਟਨਾ ਦਾ ਪਤਾ ਉਨ੍ਹਾਂ ਨੂੰ ਉਸ ਵੇਲੇ ਲੱਗਾ, ਜਦੋਂ ਭਾਰੀ ਗਿਣਤੀ ਵਿਚ ਪੁੱਜੀ ਪੁਲਿਸ ਨੇ ਉਨ੍ਹਾਂ ਦੇ ਘਰ ਨੂੰ ਘੇਰਾ ਪਾ ਕੇ ਉਸ ਦੇ ਛੋਟੇ ਪੁੱਤਰ ਸਤਨਾਮ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ | ਉਸ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾ ਰਿਹਾ ਹੈ | ਉਸ ਨੇ ਕਿਹਾ ਕਿ ਜੇਕਰ ਪੁਲਿਸ ਨੇ ਉਸ ਦੇ ਛੋਟੇ ਪੁੱਤਰ ਸਤਨਾਮ ਸਿੰਘ ਨੂੰ ਨਾ ਛੱਡਿਆ ਤਾਂ ਸਾਰਾ ਪਰਿਵਾਰ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਥਾਣੇ ਅੱਗੇ ਧਰਨਾ ਲਗਾ ਕੇ ਬੈਠ ਜਾਵੇਗਾ | ਇਸ ਸੰਬੰਧੀ ਪਿੰਡ ਦੇ ਸਰਪੰਚ ਮਨਜੀਤ ਸਿੰਘ ਨੇ ਦੱਸਿਆ ਕਿ ਜਗਰੂਪ ਸਿੰਘ ਦਾ ਪਰਿਵਾਰ ਮਿਹਨਤ-ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਹੈ | ਜਦਕਿ ਜਗਰੂਪ ਸਿੰਘ ਜ਼ਿਆਦਾਤਰ ਦਲ ਪੰਥ ਨਾਲ ਰਹਿੰਦਾ ਸੀ ਅਤੇ ਪਿੰਡ ਵਿਚ ਘੋੜੇ ਲਿਆ ਕੇ ਉਨ੍ਹਾਂ ਦੀ ਸੇਵਾ ਕਰਦਾ ਸੀ | ਉਨ੍ਹਾਂ ਦੱਸਿਆ ਕਿ ਸਾਰੀ ਘਟਨਾ ਦਾ ਪਤਾ ਉਨ੍ਹਾਂ ਨੂੰ ਵੱਖ-ਵੱਖ ਚੈਨਲਾਂ 'ਤੇ ਚੱਲੀਆਂ ਖ਼ਬਰਾਂ ਤੋਂ ਬਾਅਦ ਹੀ ਪਤਾ ਲੱਗਾ | ਪਿੰਡ ਪੰਜਵੜ ਵਿਖੇ ਪੁੱਜੀਆਂ ਜਾਂਚ ਟੀਮਾਂ ਵਲੋਂ ਸਾਰੇ ਕੇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਈਰਾਨ ਹੁਣ ਢਹਿ-ਢੇਰੀ ਹੋਣ ਕਿਨਾਰੇ-ਟਰੰਪ ਅਗਲੀ ਖ਼ਬਰ ਦਾਊਦ ਦੇ ਕਰੀਬੀ ਸਲੀਮ ਡੋਲਾ ਨੂੰ ਤੁਰਕੀ ਤੋਂ ਲਿਆਂਦਾ ਭਾਰਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।