ਪੈਟਰੋਲੀਅਮ ਮੰਤਰੀ ਮਲਿਕ ਨੇ ਕਬੂਲੀ ਬੇਵਸੀ-ਕਿਹਾ, ਅਸੀਂ ਭਾਰਤ ਜਿੰਨੇ ਸਮਰੱਥ ਨਹੀਂ
ਅੰਮਿ੍ਤਸਰ, 28 ਅਪ੍ਰੈਲ (ਸੁਰਿੰਦਰ ਕੋਛੜ)-ਗੁਆਂਢੀ ਮੁਲਕ ਪਾਕਿਸਤਾਨ ਇਸ ਸਮੇਂ ਆਪਣੇ ਇਤਿਹਾਸ ਦੇ ਸਭ ਤੋਂ ਭਿਆਨਕ ਊਰਜਾ ਸੰਕਟ ਦਾ ਸਾਹਮਣਾ ਕਰ ਰਿਹਾ ਹੈ | ਪੈਟਰੋਲੀਅਮ ਮੰਤਰੀ ਅਲੀ ਪਰਵੇਜ਼ ਮਲਿਕ ਨੇ ਚਿਤਾਵਨੀ ਦਿੱਤੀ ਹੈ ਕਿ ਪਾਕਿ ਕੋਲ ਸਿਰਫ਼ ਪੰਜ ਤੋਂ ਸੱਤ ਦਿਨ ਲਈ ਕੱਚਾ ਤੇਲ ਬਚਿਆ ਹੈ | ਮੱਧ ਪੂਰਬ 'ਚ ਚੱਲ ਰਹੇ ਤਣਾਅ ਅਤੇ ਲਾਲ ਸਾਗਰ 'ਚ ਬਣੇ ਸੰਕਟ ਨੇ ਪਾਕਿ ਦੀ ਸਪਲਾਈ ਲੜੀ ਨੂੰ ਪੂਰੀ ਤਰ੍ਹਾਂ ਵਿਗਾੜ ਦਿੱਤਾ ਹੈ | ਜੇਕਰ ਅਗਲੇ ਕੁਝ ਦਿਨਾਂ 'ਚ ਨਵੇਂ ਤੇਲ ਦੀ ਖੇਪ ਨਹੀਂ ਪਹੁੰਚਦੀ ਹੈ ਤਾਂ ਦੇਸ਼ 'ਚ ਆਵਾਜਾਈ ਅਤੇ ਉਦਯੋਗ ਪੂਰੀ ਤਰ੍ਹਾਂ ਠੱਪ ਹੋ ਸਕਦੇ ਹਨ | ਮਲਿਕ ਨੇ ਭਾਰਤ ਦੀਆਂ ਰਣਨੀਤਕ ਸਮਰੱਥਾਵਾਂ ਦਾ ਹਵਾਲਾ ਦਿੰਦੇ ਹੋਏ ਆਪਣੀ ਬੇਵਸੀ ਪ੍ਰਗਟ ਕੀਤੀ ਅਤੇ ਕਿਹਾ ਕਿ ਪਾਕਿਸਤਾਨ ਕੋਲ ਤੇਲ ਦੇ ਕੋਈ ਮਹੱਤਵਪੂਰਨ ਭੰਡਾਰ ਨਹੀਂ ਹਨ | ਉਨ੍ਹਾਂ ਭਾਰਤ ਦੀ ਤੁਲਣਾ ਕਰਦਿਆਂ ਕਿਹਾ ਕਿ ਅਸੀਂ ਭਾਰਤ ਜਿੰਨੇ ਸਮਰੱਥ ਨਹੀਂ ਹਾਂ | ਭਾਰਤ ਆਪਣੇ ਭੰਡਾਰਾਂ 'ਚੋਂ ਇਕ ਦਸਤਖ਼ਤ ਨਾਲ 60-70 ਦਿਨਾਂ ਦਾ ਤੇਲ ਛੱਡ ਸਕਦਾ ਹੈ | ਹਾਲਾਂਕਿ, ਪਾਕਿ ਦੀ ਸਥਿਤੀ ਅਜਿਹੀ ਹੈ ਕਿ ਸਾਡੇ ਕੋਲ ਬਾਹਰੀ ਝਟਕਿਆਂ ਦਾ ਸਾਹਮਣਾ ਕਰਨ ਦੀ ਥੋੜ੍ਹੀ ਜਿਹੀ ਸਮਰੱਥਾ ਵੀ ਨਹੀਂ ਬਚੀ ਹੈ | ਪੈਟਰੋਲੀਅਮ ਮੰਤਰੀ ਨੇ ਇਹ ਵੀ ਕਿਹਾ ਕਿ ਦੇਸ਼ ਕੋਲ ਇਕ ਦਿਨ ਲਈ ਵੀ ਵਾਧੂ ਪੈਟਰੋਲ ਭੰਡਾਰ ਨਹੀਂ ਹੈ | ਉਨ੍ਹਾਂ ਨੇ ਈਰਾਨ ਅਤੇ ਅਮਰੀਕਾ ਵਿਚਕਾਰ ਵਧ ਰਹੇ ਭੂ-ਰਾਜਨੀਤਿਕ ਤਣਾਅ ਨੂੰ ਸੰਕਟ ਦਾ ਮੁੱਖ ਕਾਰਨ ਦੱਸਿਆ | ਉਨ੍ਹਾਂ ਦੇ ਅਨੁਸਾਰ ਪੱਛਮੀ ਏਸ਼ੀਆ 'ਚ ਚੱਲ ਰਹੀ ਜੰਗ ਦੇ ਘਟਣ ਦੇ ਕੋਈ ਸੰਕੇਤ ਨਹੀਂ ਵਿਖਾਈ ਦੇ ਰਹੇ ਹਨ, ਜਿਸ ਨਾਲ ਵਿਸ਼ਵ ਊਰਜਾ ਬਾਜ਼ਾਰ 'ਚ ਮਹੱਤਵਪੂਰਨ ਅਨਿਸ਼ਚਿਤਤਾ ਪੈਦਾ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਤੁਰੰਤ ਇਕ ਪ੍ਰਭਾਵਸ਼ਾਲੀ ਊਰਜਾ ਸੁਰੱਖਿਆ ਯੋਜਨਾ ਦੀ ਲੋੜ ਹੈ, ਨਹੀਂ ਤਾਂ ਦੇਸ਼ ਪੂਰੀ ਤਰ੍ਹਾਂ ਠੱਪ ਹੋ ਸਕਦਾ ਹੈ | ਦੂਜੇ ਪਾਸੇ, ਕੌਮਾਂਤਰੀ ਹਾਲਾਤਾਂ ਨੇ ਪਾਕਿ ਦੀਆਂ ਮੁਸ਼ਕਲਾਂ ਨੂੰ ਵਧਾ ਦਿੱਤਾ ਹੈ | ਵਿਸ਼ਵ-ਵਿਆਪੀ ਪਾਬੰਦੀਆਂ ਅਤੇ ਘਰੇਲੂ ਸਟੋਰੇਜ ਦੀ ਘਾਟ ਨੇ ਪਾਕਿ ਨੂੰ ਦੋ-ਪੱਖੀ ਸੰਕਟ 'ਚ ਸੁੱਟ ਦਿੱਤਾ ਹੈ | ਕੱਚੇ ਤੇਲ ਦੀ ਘਾਟ ਕਰਕੇ ਰਿਫਾਇਨਰੀਆਂ ਨੂੰ ਬੰਦ ਕਰਨ ਦਾ ਖ਼ਤਰਾ ਹੈ | ਜੇਕਰ ਸਪਲਾਈ ਜਲਦੀ ਹੀ ਯਕੀਨੀ ਨਹੀਂ ਬਣਾਈ ਗਈ ਤਾਂ ਪਾਕਿ 'ਚ ਆਵਾਜਾਈ ਅਤੇ ਬਿਜਲੀ ਪ੍ਰਣਾਲੀਆਂ ਪੂਰੀ ਤਰ੍ਹਾਂ ਢਹਿ ਸਕਦੀਆਂ ਹਨ |
ਪਾਕਿ 'ਚ ਸਿਰਫ਼ 5-7 ਦਿਨਾਂ ਦਾ ਬਚਿਆ ਕੱਚਾ ਤੇਲ
ਅਜੀਤ ਡੈਸਕ
29-04-2026