• ਰੇਲ ਪੱਟੜੀ ਉਡਾਉਣ ਆਏ ਸ਼ੱਕੀ ਦੇ ਹੀ ਉੱਡ ਗਏ ਚੀਥੜੇ • ਪੁਲਿਸ ਵਲੋਂ 4 ਗਿ੍ਫ਼ਤਾਰ
ਮਨਦੀਪ ਸਿੰਘ ਖਰੌੜ/ਰਣਜੀਤ ਸਿੰਘ
ਪਟਿਆਲਾ/ਰਾਜਪੁਰਾ, 28 ਅਪ੍ਰੈਲ (ਮਨਦੀਪ ਸਿੰਘ ਖਰੌੜ, ਰਣਜੀਤ ਸਿੰਘ)-ਬੀਤੀ ਰਾਤ ਸ਼ੰਭੂ-ਅੰਬਾਲਾ ਰੇਲ ਮਾਰਗ 'ਤੇ ਹੋਏ ਧਮਾਕੇ 'ਚ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀ ਦੀ ਮੌਕੇ 'ਤੇ ਮੌਤ ਹੋਣ ਦੇ ਮਾਮਲੇ 'ਚ ਪਟਿਆਲਾ ਪੁਲਿਸ ਨੇ ਇਸ ਕੇਸ ਨੂੰ ਹੱਲ ਕਰਨ ਦਾ ਦਾਅਵਾ ਕਰਦਿਆਂ 4 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਰਾਜਪੁਰਾ-ਅੰਬਾਲਾ ਰੇਲਵੇ ਲਾਈਨ 'ਤੇ ਸ਼ੰਭੂ ਨੇੜੇ ਜ਼ੋਰਦਾਰ ਧਮਾਕਾ ਹੋਇਆ | ਧਮਾਕਾ ਇੰਨਾ ਜ਼ਬਰਦਸਤ ਸੀ ਕਿ ਰੇਲਵੇ ਲਾਈਨ ਤੋਂ ਕਾਫੀ ਦੂਰ ਤੱਕ ਇਕ ਵਿਅਕਤੀ ਦੇ ਟੁਕੜੇ-ਟੁਕੜੇ ਹੋਈ ਲਾਸ਼ ਮਿਲੀ ਹੈ | ਇਸ ਦੇ ਨਾਲ ਹੀ ਝਾੜੀਆਂ 'ਤੇ ਟੰਗੇ ਹੋਏ ਕੱਪੜੇ ਅਤੇ ਹੋਰ ਨਿਕ ਸੁੱਕ ਮਿਲਿਆ ਹੈ | ਪੁਲਿਸ ਨੇ ਮੌਕੇ 'ਤੇ ਜਾ ਕੇ ਸਾਰਾ ਕੁਝ ਕਬਜ਼ੇ ਵਿਚ ਲੈ ਲਿਆ ਹੈ | ਲਾਸ਼ ਦੇ ਕੋਲੋਂ ਇਕ ਮੋਬਾਈਲ ਵੀ ਪੁਲਿਸ ਨੇ ਬਰਾਮਦ ਕੀਤਾ ਹੈ ਜਿਸ ਦੇ ਸਿੰਮ ਤੋਂ ਪੁਲਿਸ ਨੇ ਧਮਾਕਾ ਕਰਨ ਵਾਲੇ ਵਿਅਕਤੀਆਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਸ਼ੇਸ਼ ਡੀ.ਜੀ.ਪੀ. (ਰੇਲਵੇ) ਸ਼ਸ਼ੀ ਪ੍ਰਭਾ ਦਿਵੇਦੀ ਨੇ ਦੱਸਿਆ ਕਿ ਸ਼ੰਭੂ ਰੇਲਵੇ ਲਾਈਨ ਤੇ ਡੈਡੀਕੇਟਿਡ ਫ਼ਰੰਟ ਕਾਰੀਡੋਰ ਬਣਿਆ ਹੋਇਆ ਹੈ | ਰਾਤ ਕਰੀਬ 8.30 ਵਜੇ ਦੇ ਨੇੜੇ-ਤੇੜੇ ਜਦੋਂ ਇਕ ਮਾਲ ਗੱਡੀ ਇਸ
ਟਰੈਕ ਤੋਂ ਲੰਘੀ ਤਾਂ ਡਰਾਈਵਰ ਨੂੰ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ | ਡਰਾਈਵਰ ਨੇ ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਕਰੀਬ ਪੌਣੇ ਦਸ ਵਜੇ ਘਟਨਾ ਸਥਾਨ 'ਤੇ ਪੁੱਜੀ, ਪੁਲਿਸ ਦੇ ਪੈਰਾਂ ਹੇਠ ਤੋਂ ਉਸ ਵਕਤ ਜ਼ਮੀਨ ਖਿਸਕ ਗਈ ਜਦੋਂ ਉਨ੍ਹਾਂ ਨੇ ਰੇਲਵੇ ਲਾਈਨ 'ਤੇ ਕਰੀਬ ਸੋ ਮੀਟਰ ਦੀ ਦੂਰੀ ਤੱਕ ਇਕ ਵਿਅਕਤੀ ਦੀ ਲਾਸ਼ ਦੇ ਟੁਕੜੇ ਪਏ ਵਿਖਾਈ ਦਿੱਤੇ | ਪੁਲਿਸ ਨੂੰ ਇਸ ਥਾਂ ਤੋਂ ਹੋਰ ਵੀ ਕਾਫੀ ਕੁਝ ਮਿਲਿਆ ਜਿਸ ਵਿਚ ਨੀਲੇ ਰੰਗ ਦੇ ਕੱਪੜੇ, ਡੈਟੋਨੇਟਰ ਦੀਆਂ ਤਾਰਾਂ ਅਤੇ ਹੋਰ ਸਮਾਨ ਵੀ ਸੀ | ਸ਼ਸ਼ੀ ਪ੍ਰਭਾ ਨੇ ਦੱਸਿਆ ਕਿ ਪੁਲਿਸ ਦਾ ਸ਼ੱਕ ਹੈ ਕਿ ਜਿਹੜਾ ਵਿਅਕਤੀ ਧਮਾਕਾ ਕਰਨ ਆਇਆ ਸੀ ਇਹ ਲਾਸ਼ ਉਸੇ ਹੀ ਵਿਅਕਤੀ ਦੀ ਹੋ ਸਕਦੀ ਹੈ | ਇਸ ਦੇ ਨਾਲ ਹੀ ਪੁਲਿਸ ਨੇ ਦੋ ਮੋਟਰ ਸਾਈਕਲਾਂ ਦੀ ਵੀ ਸ਼ਨਾਖਤ ਕੀਤੀ ਹੈ ਜਿਨ੍ਹਾਂ ਵਿਚੋਂ ਇਕ 'ਤੇ ਯੂ.ਪੀ. ਅਤੇ ਦੂਜੇ ਤੇ ਹਰਿਆਣਾ ਦਾ ਨੰਬਰ ਲਿਖਿਆ ਹੋਇਆ ਸੀ | ਪੁਲਿਸ ਨੂੰ ਮਿ੍ਤਕ ਵਿਅਕਤੀ ਦੀ ਜੇਬ 'ਚੋਂ ਇਕ ਟਿਕਟ ਵੀ ਮਿਲੀ ਹੈ ਜਿਸ ਮੁਤਾਬਿਕ ਇਹ ਵਿਅਕਤੀ ਸਰਹਿੰਦ ਤੋਂ ਬੱਸ ਵਿਚ ਬੈਠਿਆ ਸੀ ਅਤੇ ਰਾਜਪੁਰਾ ਤੱਕ ਆਇਆ ਸੀ | ਪੁਲਿਸ ਨੇ ਅੰਮਿ੍ਤਸਰ ਤੋਂ ਇਕ ਬਾਈਕ ਵੀ ਕਬਜ਼ੇ ਵਿਚ ਲਿਆ ਹੈ | ਇਹ ਧਮਾਕਾ ਆਰ.ਡੀ.ਐਕਸ. ਨਾਲ ਕੀਤਾ ਹੋ ਸਕਦਾ ਹੈ ਧਮਾਕੇ ਦੀ ਆਵਾਜ ਜ਼ੋਰਦਾਰ ਸੀ ਕਿ ਨੇੜੇ ਤੇੜੇ ਤੇ ਢਾਬੇ ਵਾਲਿਆਂ ਅਤੇ ਪਿੰਡ ਬਠੋਣੀਆਂ ਵਾਸੀਆਂ ਨੇ ਵੀ ਸੁਣੀ ਦੱਸੀ ਜਾ ਰਹੀ ਹੈ |
ਡੀ.ਜੀ.ਪੀ. ਸ਼ਸ਼ੀ ਪ੍ਰਭਾ ਨੇ ਦੱਸਿਆ ਕਿ ਹੋ ਸਕਦਾ ਹੈ ਕਿ ਇਸ ਘਟਨਾ ਦੇ ਤਾਰ ਪਾਕਿਸਤਾਨ ਨਾਲ ਵੀ ਜੁੜੇ ਹੋਏ ਹੋਣ | ਇਸ ਪਿਛੇ ਪੁਲਿਸ ਕਈ ਤਰ੍ਹਾਂ ਦੀਆਂ ਥਿਊਰੀਆਂ 'ਤੇ ਕੰਮ ਕਰ ਰਹੀ ਹੈ | ਉਨ੍ਹਾਂ ਨੇ ਦੱਸਿਆ ਜਿਸ ਥਾਂ 'ਤੇ ਧਮਾਕਾ ਹੋਇਆ ਹੈ ਉਸ ਥਾਂ 'ਤੇ ਕੋਈ ਵੀ ਸੀ.ਸੀ.ਟੀ.ਵੀ. ਕੈਮਰਾ ਨਹੀਂ ਸੀ ਪਰ ਪੁਲਿਸ ਅੱਗੇ ਤੋਂ ਹਰ ਤਰ੍ਹਾਂ ਦੀ ਸਾਵਧਾਨੀ ਵਰਤੇਗੀ, ਉਨ੍ਹਾਂ ਨੇ ਦੱਸਿਆ ਕਿ ਇਹ ਕੋਈ ਅੱਤਵਾਦੀ ਹਮਲਾ ਵੀ ਹੋ ਸਕਦਾ ਹੈ ਅਤੇ ਧਮਾਕਾ ਕਾਰੀਆਂ ਦਾ ਮਕਸਦ ਰੇਲਵੇ ਲਾਈਨ ਨੂੰ ਨੁਕਸਾਨ ਪਹੁੰਚਾਉਣਾ ਵੀ ਹੋ ਸਕਦਾ ਹੈੈ | ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇੜੇ ਤੇੜੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਨੂੰ ਖੰਗਾਲੇਗੀ |
ਇਸ ਸੰਬੰਧੀ ਪਟਿਆਲਾ ਰੇਂਜ ਦੇ ਡੀ.ਆਈ.ਜੀ. ਕੁਲਦੀਪ ਸਿੰਘ ਚਾਹਲ ਅਤੇ ਐਸ.ਐਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਸੀ.ਆਈ.ਏ. ਪਟਿਆਲਾ ਦੇ ਮੁਖੀ ਪ੍ਰਦੀਪ ਸਿੰਘ ਬਾਜਵਾ ਦੀ ਟੀਮ ਨੇ ਇਸ ਗਰੋਹ ਦੇ ਸਰਗਨਾ ਪਰਦੀਪ ਸਿੰਘ ਖ਼ਾਲਸਾ ਵਾਸੀ ਜ਼ਿਲ੍ਹਾ ਮਾਨਸਾ, ਜਿਹੜਾ ਕਿ ਮਲੇਸ਼ੀਆ 'ਚ ਬੈਠੇ ਖ਼ਾਲਿਸਤਾਨ ਪੱਖੀ ਵਿਅਕਤੀਆਂ ਦੇ ਇਸ਼ਾਰੇ 'ਤੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਕਈ ਥਾਵਾਂ 'ਤੇ ਧਮਾਕੇ ਕਰਨ ਦੀ ਵਿਉਂਤਬੰਦੀ ਕਰ ਰਹੇ ਸੀ | ਸ਼ੰਭੂ-ਅੰਬਾਲਾ ਰੇਲਵੇ ਲਾਈਨ 'ਤੇ ਧਮਾਕੇ ਵਾਲੇ ਸਥਾਨ ਤੋਂ ਇਕੱਤਰ ਕੀਤੇ ਸਬੂਤਾਂ ਦੇ ਆਧਾਰ 'ਤੇ ਪਟਿਆਲਾ ਪੁਲਿਸ ਵਲੋਂ ਇਸ ਗਰੋਹ ਦੇ ਸਰਗਨਾ ਪਰਦੀਪ ਸਿੰਘ ਖ਼ਾਲਸਾ ਸਮੇਤ ਹੋਰ ਮੈਂਬਰਾਂ 'ਚ ਸਤਨਾਮ ਸਿੰਘ ਤੇ ਗੁਰਪ੍ਰੀਤ ਸਿੰਘ ਵਾਸੀਅਨ ਤਰਨਤਾਰਨ ਅਤੇ ਕੁਲਵਿੰਦਰ ਸਿੰਘ ਵਾਸੀ ਜ਼ਿਲ੍ਹਾ ਮਾਨਸਾ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਉਨ੍ਹਾਂ ਕੋਲੋਂ 1 ਗ੍ਰਨੇਡ, 2 ਪਿਸਤੌਲ, 4 ਕੈਮਰੇ, 1 ਵਾਕੀ-ਟਾਕੀ, ਪਾਸਪੋਰਟ, ਇਕ ਆਈ ਪੈਡ ਅਤੇ ਇਕ ਲੈਪਟਾਪ ਬਰਾਮਦ ਹੋਏ ਹਨ | ਮੁੱਢਲੀ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਇਸ ਗਰੋਹ ਦੀਆਂ ਤਾਰਾਂ ਆਈ.ਐਸ.ਆਈ. ਅਤੇ ਪਾਕਿਸਤਾਨ ਵਿਚ ਬੈਠੇ ਖ਼ਾਲਿਸਤਾਨ ਪੱਖੀ ਵਿਅਕਤੀਆਂ ਨਾਲ ਜੁੜੀਆਂ ਹੋਈਆਂ ਹਨ | ਇਸ ਗਰੋਹ ਦਾ ਸਰਗਨਾ ਸੂਬੇ ਦੇ ਨੌਜਵਾਨਾਂ ਅਤੇ ਵਿਅਕਤੀਆਂ ਨੂੰ ਗੁੰਮਰਾਹ ਕਰ ਕੇ ਮਲੇਸ਼ੀਆ 'ਚ ਖ਼ਾਲਿਸਤਾਨ ਸੰਬੰਧੀ ਸਿਖਲਾਈ ਲਈ ਭੇਜਦਾ ਸੀ | ਬਾਅਦ 'ਚ ਇਨ੍ਹਾਂ ਵਿਅਕਤੀਆਂ ਨੂੰ ਮਾਹੌਲ ਖ਼ਰਾਬ ਕਰਨ ਲਈ ਵੱਖ-ਵੱਖ ਕੰਮ ਸੌਂਪੇ ਜਾਂਦੇ ਸੀ | ਡੀ.ਆਈ.ਜੀ. ਚਹਿਲ ਨੇ ਦੱਸਿਆ ਕਿ ਵਿਅਕਤੀ ਦੇ ਚੀਥੜੇ ਉੱਡੇ ਹੋਏ ਦੀ ਲਾਸ਼ ਮਿਲੀ ਉਸ ਵਿਅਕਤੀ ਦੀ ਪਛਾਣ ਜਗਰੂਪ ਸਿੰਘ ਵਾਸੀ ਤਰਨਤਾਰਨ ਵਜੋਂ ਹੋਈ ਹੈ | ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਹੱਲ ਕਰਨ ਲਈ ਐਸ.ਪੀ. (ਡੀ) ਵੈਭਵ ਚੌਧਰੀ, ਡੀ.ਐਸ.ਪੀ. (ਡੀ) ਸੁਖਅੰਮਿ੍ਤ ਸਿੰਘ ਰੰਧਾਵਾ ਦੀ ਅਗਵਾਈ 'ਚ ਸੀ.ਆਈ.ਏ. ਪਟਿਆਲਾ ਦੇ ਮੁਖੀ ਪ੍ਰਦੀਪ ਸਿੰਘ ਬਾਜਵਾ, ਸੀ.ਆਈ.ਏ. ਸਮਾਣਾ ਦੇ ਮੁਖੀ ਇੰਸ. ਅੰਕੁਰਦੀਪ ਸਿੰਘ ਅਤੇ ਐਸ.ਐਚ.ਓ. ਕੋਤਵਾਲੀ ਜਸਪ੍ਰੀਤ ਸਿੰਘ ਕਾਹਲੋਂ ਦੀਆਂ ਟੀਮਾਂ ਵਲੋਂ ਵੱਖ-ਵੱਖ ਤਾਰ ਜੋੜ ਕੇ ਇਸ ਮਾਮਲੇ ਨੂੰ ਹੱਲ ਕੀਤਾ ਗਿਆ |
ਪਾਕਿ ਤੇ ਮਲੇਸ਼ੀਆ ਬੈਠੇ ਖ਼ਾਲਿਸਤਾਨ ਪੱਖੀਆਂ ਦੇ ਇਸ਼ਾਰੇ 'ਤੇ ਹੋਇਆ ਸੀ ਸ਼ੰਭੂ ਰੇਲ ਮਾਰਗ 'ਤੇ ਧਮਾਕਾ
ਅਜੀਤ ਡੈਸਕ
29-04-2026