11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਭਗਵੰਤ ਮਾਨ ਤੇ ਮਨੀਸ਼ ਸਿਸੋਦੀਆ ਨੇ ਆਬਜ਼ਰਵਰਾਂ ਨਾਲ ਕੀਤੀ ਮੁਲਾਕਾਤ

ਅਜੀਤ ਡੈਸਕ 30-04-2026

ਜਤਿੰਦਰ ਪੰਮੀ
ਜਲੰਧਰ, 29 ਅਪ੍ਰੈਲ-ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਿੰਡਾਂ, ਵਾਰਡਾਂ ਅਤੇ ਹਲਕਿਆਂ 'ਚ ਤਾਇਨਾਤ ਲਗਭਗ 1,000 ਪਾਰਟੀ ਆਬਜ਼ਰਵਰਾਂ ਦੀ ਇਕ ਆਮ ਵਾਂਗ ਮੀਟਿੰਗ ਬੁਲਾ ਕੇ ਆਪਣੇ ਆਤਮ-ਵਿਸ਼ਵਾਸ ਅਤੇ ਜਥੇਬੰਦਕ ਤਾਕਤ ਦਾ ਪ੍ਰਦਰਸ਼ਨ ਕੀਤਾ | ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਜ਼ਮੀਨੀ ਪੱਧਰ 'ਤੇ ਲੋਕਾਂ ਨਾਲ ਸੰਪਰਕ ਦੀ ਸਮੀਖਿਆ ਕੀਤੀ, ਤਾਲਮੇਲ ਨੂੰ ਮਜ਼ਬੂਤ ਕੀਤਾ ਅਤੇ ਸਪੱਸ਼ਟ ਸੰਦੇਸ਼ ਦਿੱਤਾ ਕਿ 'ਆਪ' ਦੀ ਅਸਲ ਤਾਕਤ ਇਸ ਦੇ ਵਰਕਰ, ਸ਼ਾਸਨ ਦੇ ਰਿਕਾਰਡ ਅਤੇ ਲੋਕਾਂ ਨਾਲ ਡੂੰਘੇ ਸਬੰਧਾਂ ਵਿਚ ਹੈ | ਵੀਡੀਓ ਕਾਨਫਰੰਸਿੰਗ ਰਾਹੀਂ ਆਬਜ਼ਰਵਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਗੱਲਬਾਤ ਇਕ ਆਮ ਵਾਂਗ ਜਥੇਬੰਦਕ ਕਾਰਵਾਈ ਹੈ ਅਤੇ ਇਸ ਨੂੰ ਲੈ ਕੇ ਹਾਲ ਹੀ 'ਚ ਮੀਡੀਆ 'ਚ ਲਗਾਈਆਂ ਜਾ ਰਹੀਆਂ ਅਟਕਲਾਂ ਬੇਬੁਨਿਆਦ ਹਨ | ਮੈਂ ਸਾਰੇ ਆਬਜ਼ਰਵਰਾਂ ਦਾ ਧੰਨਵਾਦ ਕਰਦਾ ਹਾਂ, ਜੋ ਪਾਰਟੀ ਦੀ ਰੀੜ੍ਹ ਦੀ ਹੱਡੀ ਅਤੇ ਜੜ੍ਹਾਂ ਹਨ | ਆਮ ਆਦਮੀ ਪਾਰਟੀ ਦਾ ਜਥੇਬੰਦਕ ਢਾਂਚਾ ਦੇਸ਼ 'ਚ ਸਭ ਤੋਂ ਮਜ਼ਬੂਤ ਹੈ, ਜਿਥੇ ਆਗੂ ਜ਼ਮੀਨੀ ਪੱਧਰ 'ਤੇ ਲੋਕਾਂ ਨਾਲ ਲਗਾਤਾਰ ਜੁੜੇ ਰਹਿੰਦੇ ਹਨ | ਜਨਤਾ 'ਚ ਪਹੁੰਚ ਬਣਾਉਣ ਦੀ ਅਪੀਲ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਆਬਜ਼ਰਵਰਾਂ ਨੂੰ ਇਹ ਪ੍ਰਾਪਤੀਆਂ ਸਰਗਰਮੀ ਨਾਲ ਲੋਕਾਂ ਤੱਕ ਪਹੁੰਚਾਉਣੀਆਂ ਚਾਹੀਦੀਆਂ ਹਨ | ਉਹ ਸਰਕਾਰ ਅਤੇ ਜਨਤਾ ਵਿਚਕਾਰ ਅਹਿਮ ਕੜੀ ਹਨ | ਸੱਤ ਸੰਸਦ ਮੈਂਬਰਾਂ ਦੇ ਪਾਰਟੀ ਛੱਡਣ ਨਾਲ ਪਾਰਟੀ ਦੀ ਤਾਕਤ 'ਤੇ ਕੋਈ ਅਸਰ ਨਹੀਂ ਪੈਂਦਾ | ਜੇਕਰ ਸਾਗਰ 'ਚੋਂ ਕੁਝ ਬੂੰਦਾਂ ਕੱਢ ਲਈਆਂ ਜਾਣ ਤਾਂ ਇਸ ਨਾਲ ਸਾਗਰ ਨੂੰ ਕੋਈ ਫਰਕ ਨਹੀਂ ਪੈਂਦਾ | ਪਾਰਟੀ ਕਿਸੇ ਵੀ ਵਿਅਕਤੀ ਨਾਲੋਂ ਬਹੁਤ ਵੱਡੀ ਹੁੰਦੀ ਹੈ | ਪੰਜਾਬ ਦੇ ਲੋਕ ਹਮੇਸ਼ਾ ਆਮ ਆਦਮੀ ਪਾਰਟੀ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ | ਉਨ੍ਹਾਂ ਅੱਗੇ ਕਿਹਾ ਕਿ ਜਦੋਂ ਵੀ ਆਮ ਆਦਮੀ ਪਾਰਟੀ ਨੂੰ ਕਿਸੇ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਹੈ, ਪੰਜਾਬੀਆਂ ਨੇ ਝੰਡਾਬਰਦਾਰ ਬਣ ਕੇ ਸਾਥ ਦਿੱਤਾ ਹੈ | ਉਨ੍ਹਾਂ ਕਿਹਾ ਕਿ ਮੈਂ ਆਗੂਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਸੰਦੇਸ਼ ਨੂੰ ਪਿੰਡ-ਪਿੰਡ ਲੈ ਕੇ ਜਾਣ ਅਤੇ ਇਨ੍ਹਾਂ ਵਿਕਾਸ ਕਾਰਜਾਂ ਨੂੰ ਲੋਕਾਂ ਨਾਲ ਸਾਂਝਾ ਕਰਨ, ਕਿਉਂਕਿ ਤੁਸੀਂ ਉਹ ਨੁਮਾਇੰਦੇ ਹੋ ਜੋ ਜ਼ਮੀਨੀ ਪੱਧਰ 'ਤੇ ਜਾਂਦੇ ਹੋ, ਤੁਸੀਂ ਲੋਕਾਂ ਦੀਆਂ ਅਸਲ ਸਮੱਸਿਆਵਾਂ ਨੂੰ ਕਿਸੇ ਵੀ ਹੋਰ ਨਾਲੋਂ ਬਿਹਤਰ ਸਮਝਦੇ ਹੋ ਅਤੇ ਤੁਹਾਨੂੰ ਉਹ ਮੁੱਦੇ ਸਰਕਾਰ ਤੱਕ ਪਹੁੰਚਾਉਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਦਾ ਹੱਲ ਕੀਤਾ ਜਾ ਸਕੇ |
'ਆਪ' ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਸੀ.ਟੀ. ਇੰਸਟੀਚਿਊਟ ਸ਼ਾਹਪੁਰ ਕੈਂਪਸ ਵਿਖੇ ਆਬਜ਼ਰਵਰਾਂ ਦੀ ਮੰਥਨ ਮਿਲਣੀ ਉਪਰੰਤ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ 'ਆਪ' ਦੇ ਵਿਧਾਇਕ ਭਾਰਤੀ ਜਨਤਾ ਪਾਰਟੀ ਨਹੀਂ ਬਲਕਿ ਪੰਜਾਬ ਦੇ ਉਨ੍ਹਾਂ ਦੇ ਆਮ ਲੋਕਾਂ ਦੇ ਸੰਪਰਕ 'ਚ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਚੁਣ ਕੇ ਸੂਬੇ ਦੀ ਸੇਵਾ ਕਰਨ ਲਈ ਵਿਧਾਨ ਸਭਾ ਅੰਦਰ ਭੇਜਿਆ ਸੀ | ਸਾਡੇ ਵਿਧਾਇਕਾਂ ਨੇ ਚਾਰ ਸਾਲ ਸੂਬੇ ਦੀ ਬਿਹਤਰੀ ਲਈ ਕਾਫੀ ਮਿਹਨਤ ਕੀਤੀ ਹੈ ਅਤੇ ਇਕ ਸਾਲ ਹਾਲੇ ਹੋਰ ਮਿਹਨਤ ਕਰਨੀ ਹੈ ਤਾਂ ਜੋ ਅੱਗੋਂ ਵੀ ਲੋਕਾਂ ਦੀ ਤਰੱਕੀ ਲਈ ਕੰਮ ਕਰ ਸਕਣ | ਮੀਡੀਆ ਵਲੋਂ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਭਾਜਪਾ ਦਾ ਕਹਿਣਾ ਹੈ ਕਿ ਪਾਰਟੀ ਛੱਡ ਕੇ ਗਏ ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਹੋਰਨਾਂ ਦੇ ਸੰਪਰਕ 'ਚ ਉਨ੍ਹਾਂ ਦੀ ਪਾਰਟੀ ਦੇ ਕਈ ਵਿਧਾਇਕ ਹਨ, ਇਸ ਦੇ ਜਵਾਬ 'ਚ ਸਿਸੋਦੀਆ ਨੇ ਕਿਹਾ ਕਿ ਭਾਜਪਾ ਸਭ ਤੋਂ ਝੂਠੀ ਪਾਰਟੀ ਹੈ, ਇਸ ਲਈ ਉਸ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ | ਇਹ ਪਾਰਟੀ ਕੇਵਲ ਦੇਸ਼ ਤੇ ਦੂਜੀਆਂ ਪਾਰਟੀਆਂ ਨੂੰ ਤੋੜਨਾ ਹੀ ਜਾਣਦੀ ਹੈ | ਇਸ ਕੰਮ ਲਈ ਉਹ ਈ.ਡੀ., ਸੀ.ਬੀ.ਆਈ. ਤੇ ਹੋਰ ਸਰਕਾਰੀ ਏਜੰਸੀਆਂ ਦੀ ਆਪਣੇ ਹੱਕ ਲਈ ਦੁਰਵਰਤੋਂ ਕਰਦੀ ਆ ਰਹੀ ਹੈ | ਆਬਜ਼ਰਵਰ ਮਿਲਣੀ 'ਚ ਕੀਤੇ ਗਏ ਮੰਥਨ ਬਾਰੇ ਸਿਸੋਦੀਆ ਨੇ ਕਿਹਾ ਕਿ ਪਾਰਟੀ ਨੇ 15 ਪਿੰਡਾਂ ਜਾਂ 15 ਵਾਰਡਾਂ ਪਿਛੇ ਇਕ ਆਬਜ਼ਰਵਰ ਲਾਇਆ ਹੈ | ਇਨ੍ਹਾਂ ਆਬਜ਼ਰਵਰਾਂ ਦਾ ਕੰਮ ਪਾਰਟੀ ਦੇ ਵਲੰਟੀਅਰਾਂ ਤੇ ਆਮ ਲੋਕਾਂ ਨਾਲ ਪਾਰਟੀ ਦੇ ਸੰਗਠਨ ਅਤੇ ਸਰਕਾਰ ਦੇ ਕੰਮਾਂ ਤੇ ਨੀਤੀਆਂ ਬਾਰੇ ਚਰਚਾ ਕਰਨਾ ਹੈ | ਇਸ ਤੋਂ ਇਲਾਵਾ ਫੀਡ ਬੈਕ ਲੈਣਾ ਵੀ ਹੈ, ਜੋ ਉਨ੍ਹਾਂ ਨੇ ਪਾਰਟੀ ਹਾਈਕਮਾਨ ਤੇ ਸਰਕਾਰ ਤੱਕ ਪਹੁੰਚਾਉਣੀ ਹੁੰਦੀ ਹੈ | ਇਸ ਲਈ ਆਬਜ਼ਰਵਰਾਂ ਦੀ ਹਰ ਚਾਰ ਮਹੀਨੇ ਬਾਅਦ ਮਿਲਣੀ ਕੀਤੀ ਜਾਂਦੀ ਹੈ | ਇਹ ਆਬਜ਼ਰਵਰ ਜ਼ਮੀਨੀ ਪੱਧਰ 'ਤੇ ਪਾਰਟੀ ਵਰਕਰਾਂ ਅਤੇ ਹਾਈ ਕਮਾਨ ਤੇ ਸਰਕਾਰ ਵਿਚਾਲੇ ਪੁਲ ਦਾ ਕੰਮ ਕਰਦੇ ਹਨ | ਇਸ ਤੋਂ ਪਹਿਲਾਂ ਮੀਟਿੰਗ ਫਰਵਰੀ ਮਹੀਨੇ ਕੀਤੀ ਗਈ ਸੀ | ਸਿਸੋਦੀਆ ਨੇ ਕਿਹਾ ਕਿ ਆਬਜ਼ਰਵਰਾਂ ਵਲੋਂ ਪਿਛਲੇ ਸਮੇਂ ਦੌਰਾਨ 2.50 ਲੱਖ ਦੇ ਕਰੀਬ ਵਲੰਟੀਅਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਸਨ | ਅੱਜ ਦੀ ਇਸ ਮਿਲਣੀ 'ਚ ਉਨ੍ਹਾਂ ਕੋਲੋਂ ਫੀਡ ਬੈਕ ਲਈ ਗਈ ਹੈ ਤੇ ਕੀਤੇ ਗਏ ਕੰਮਾਂ 'ਤੇ ਚਰਚਾ ਕੀਤੀ ਗਈ | ਅੱਗੋਂ ਕੀ ਕਰਨਾ ਹੈ, ਉਸ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਤੇ ਰਣਨੀਤੀ ਬਣਾਈ ਗਈ ਹੈ | ਉਨ੍ਹਾਂ ਕਿਹਾ ਕਿ 'ਆਪ' ਦੀ ਤਾਕਤ ਇਕ ਪਾਸੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਜ਼ਨ ਹੈ ਜਦੋਂਕਿ ਦੂਜੇ ਪਾਸੇ ਪਾਰਟੀ ਦੇ ਹਰੇਕ ਪਿੰਡ ਤੇ ਵਾਰਡ 'ਚ ਬੈਠੇ ਵਲੰਟੀਅਰ ਹਨ ਅਤੇ ਇਨ੍ਹਾਂ ਸਾਰਿਆਂ ਦੇ ਸਾਂਝੇ ਵਿਜ਼ਨ ਨਾਲ ਹੀ ਪਾਰਟੀ ਅੱਗੇ ਵਧੀ ਹੈ ਤੇ ਭਵਿੱਖ 'ਚ ਵਧਦੀ ਰਹੇਗੀ | ਸਿਸੋਦੀਆ ਨੇ ਕਿਹਾ ਕਿ 'ਆਪ' ਵਰਕਰਾਂ ਨੂੰ ਉਤਸ਼ਾਹ ਇਸ ਗੱਲ ਤੋਂ ਮਿਲਦਾ ਹੈ ਕਿ ਸਾਡੀ ਸਰਕਾਰ ਸੂਬੇ ਅੰਦਰ ਸਿਹਤ ਤੇ ਸਿੱਖਿਆ ਨੂੰ ਬੜਾਵਾ ਦੇਣ ਲਈ ਕਿੰਨੇ ਸਕੂਲ ਤੇ ਹਸਪਤਾਲ ਖੋਲ੍ਹ ਰਹੀ ਹੈ, ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਜਾਂ ਨਹੀਂ ਤੇ ਸਨਅਤਕਾਰਾਂ, ਵਪਾਰੀਆਂ ਤੇ ਕਿਸਾਨਾਂ ਦੀ ਭਲਾਈ ਲਈ ਕੰਮ ਕੀਤਾ ਜਾ ਰਿਹਾ ਹੈ ਜਾਂ ਨਹੀਂ | ਉਨ੍ਹਾਂ ਕਿਹਾ ਕਿ ਪਾਰਟੀ ਵਰਕਰ ਤੇ ਵਲੰਟੀਅਰ ਇਸ ਗੱਲੋਂ ਖੁਸ਼ ਹਨ ਕਿ 'ਆਪ' ਸਰਕਾਰ ਨੇ ਇਨ੍ਹਾਂ ਖੇਤਰਾਂ 'ਚ ਜਿੰਨਾ ਕੰਮ ਪਿਛਲੇ ਚਾਰ ਸਾਲਾਂ 'ਚ ਕੀਤਾ ਹੈ, ਓਨਾ ਕੰਮ ਰਵਾਇਤੀ ਪਾਰਟੀਆਂ ਨੇ ਪਿਛਲੇ 75-80 ਸਾਲਾਂ ਦੌਰਾਨ ਵੀ ਨਹੀਂ ਕੀਤਾ | ਇਸ ਆਬਜ਼ਰਵਰ ਮੀਟਿੰਗ ਦੌਰਾਨ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ, ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੋਂ ਇਲਾਵਾ ਸਾਰੇ ਕੈਬਨਿਟ ਮੰਤਰੀ, ਵਿਧਾਇਕ, ਬੋਰਡਾਂ, ਟਰੱਸਟਾਂ ਤੇ ਕਾਰਪੋਰੇਸ਼ਨਾਂ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ, ਹਲਕਾ ਇੰਚਾਰਜ, ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ ਆਦਿ ਹਾਜ਼ਰ ਸਨ |
ਆਬਜ਼ਰਵਰਾਂ ਦੇ ਮੰਥਨ ਤੋਂ ਪਹਿਲਾਂ ਕਰਵਾਇਆ ਮਨੋਰੰਜਨ
ਸੀ.ਟੀ. ਇੰਸਟੀਚਿਊਟ ਵਿਖੇ ਆਬਜ਼ਰਵਰਾਂ ਦੀ ਮੰਥਨ ਮੀਟਿੰਗ ਕਰਨ ਤੋਂ ਪਹਿਲਾਂ ਜਿਥੇ ਪੰਜਾਬ 'ਚੋਂ ਆਏ ਸਾਰੇ ਮੰਤਰੀ, ਵਿਧਾਇਕ ਤੇ ਹੋਰ ਆਗੂ ਇਕ-ਦੂਜੇ ਨੂੰ ਮਿਲੇ, ਉਥੇ ਉਨ੍ਹਾਂ ਵਿਚਾਲੇ ਮਨੋਰੰਜਨ ਖੇਡਾਂ ਤੇ ਮੁਕਾਬਲੇ ਵੀ ਕਰਵਾਏ ਗਏ | ਇਨ੍ਹਾਂ ਦਾ ਮਕਸਦ ਪਾਰਟੀ ਆਗੂਆਂ ਤੇ ਵਲੰਟੀਅਰਾਂ 'ਚੋਂ ਤਣਾਅ ਦੂਰ ਕਰਨਾ, ਆਪਸੀ ਤਾਲਮੇਲ ਵਧਾਉਣਾ ਅਤੇ ਮਨੋਰੰਜਨ ਕਰਨਾ ਸੀ | ਆਬਜ਼ਰਵਰਾਂ ਦੇ ਆਪਸੀ ਤਾਲਮੇਲ ਲਈ ਬਿਨਾਂ ਹੱਥ ਛੱਡੇ ਗੋਲ ਰਿੰਗ ਨੂੰ ਇਕ-ਦੂਜੇ ਵੱਲ ਵਧਾਉਣਾ ਸੀ | ਇਸ ਤੋਂ ਬਾਅਦ ਇਕ ਜ਼ਿਲ੍ਹੇ ਦੇ ਦੂਜੇ ਜ਼ਿਲ੍ਹੇ ਨਾਲ ਰੱਸਾਕਸੀ ਮੁਕਾਬਲੇ ਕਰਵਾਏ ਗਏ, ਜਿਸ ਦੌਰਾਨ ਸਾਰੇ ਮੰਤਰੀ, ਵਿਧਾਇਕ ਤੇ ਹੋਰ ਆਗੂ ਮਿਲ ਕੇ ਜਿੱਤਣ ਲਈ ਜ਼ੋਰ ਲਾਉਂਦੇ ਨਜ਼ਰ ਆਏ | ਉਪਰੰਤ ਸਾਰਿਆਂ ਲਈ ਖਾਣੇ ਦਾ ਪ੍ਰਬੰਧ ਕੀਤਾ ਗਿਆ |

ਪਿਛਲੀ ਖ਼ਬਰ ਡੂੰਘੇ ਹੁੰਦੇ ਜਲ ਪੱਧਰ ਨੇ ਪੰਜਾਬੀਆਂ ਨੂੰ ਪਾਇਆ ਫ਼ਿਕਰਾਂ 'ਚ <br/> ਅਗਲੀ ਖ਼ਬਰ ਸੀ.ਬੀ.ਐਸ.ਈ. 12ਵੀਂ ਦਾ ਨਤੀਜਾ ਮਈ ਦੇ ਤੀਜੇ ਹਫ਼ਤੇ ਸੰਭਵ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।