28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਕੱਚੇ ਤੇਲ ਦੀ ਕੀਮਤ 120 ਡਾਲਰ ਤੋਂ ਪਾਰ

ਅਜੀਤ ਡੈਸਕ 01-05-2026

ਭਾਰਤੀ ਅਰਥਵਿਵਸਥਾ ਤੇ ਰੁਪਏ 'ਤੇ ਵਧਦਾ ਦਬਾਅ 2022 ਤੋਂ ਬਾਅਦ ਉੱਚ ਪੱਧਰ 'ਤੇ

ਕੇਵਲ ਸਿੰਗਲਾ

ਮੂਨਕ, 30 ਅਪ੍ਰੈਲ-ਅੰਤਰਰਾਸ਼ਟਰੀ ਬਾਜ਼ਾਰਾਂ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ ਵਾਧਾ ਦਰਜ ਕੀਤਾ ਗਿਆ, ਜਿਸ ਨਾਲ ਵਿਸ਼ਵ ਭਰ 'ਚ ਚਿੰਤਾ ਦਾ ਮਾਹੌਲ ਬਣ ਗਿਆ ਹੈ | ਬ੍ਰੈਂਟ ਕੱਚਾ ਤੇਲ 121 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ ਹੈ, ਜੋ ਕਿ ਸਾਲ 2022 ਤੋਂ ਬਾਅਦ ਸਭ ਤੋਂ ਉੱਚਾ ਪੱਧਰ ਹੈ | ਅਮਰੀਕਾ ਅਤੇ ਈਰਾਨ ਦਰਮਿਆਨ ਗੱਲਬਾਤ ਰੁਕ ਜਾਣ ਨਾਲ ਹੋਰਮੁਜ਼ ਜਲਡਮਰੂ ਦੇ ਫਿਰ ਤੋਂ ਖੁੱਲ੍ਹਣ ਅਤੇ ਈਰਾਨ ਯੁੱਧ ਦੇ ਹਮੇਸ਼ਾਂ ਲਈ ਖਤਮ ਹੋਣ 'ਤੇ ਸ਼ੱਕ ਪੈਦਾ ਹੋਣ ਨਾਲ ਵੀਰਵਾਰ ਸਵੇਰੇ ਬ੍ਰੈਂਟ ਕੱਚੇ ਤੇਲ ਦੀ ਕੀਮਤ 125 ਡਾਲਰ ਪ੍ਰਤੀ ਬੈਰਲ ਦੇ ਪਾਰ ਚਲੀ ਗਈ ਸੀ | ਇਸ ਦੇ ਨਾਲ ਹੀ ਡਬਲਯੂ.ਟੀ.ਆਈ. ਵੀ 108.35 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ | ਇਸ ਵਾਧੇ ਦੇ ਪਿੱਛੇ ਮੁੱਖ ਕਾਰਨ ਸਟਰੇਟ ਆਫ਼ ਹੋਰਮੁਜ਼ ਦੇ ਆਲੇ-ਦੁਆਲੇ ਬਣੀ ਅਨਿਸ਼ਚਿਤਤਾ ਹੈ, ਜੋ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਤੇਲ ਆਵਾਜਾਈ ਮਾਰਗਾਂ 'ਚੋਂ ਇਕ ਮੰਨਿਆ ਜਾਂਦਾ ਹੈ | ਇਸ ਤੋਂ ਇਲਾਵਾ, ਅਮਰੀਕਾ ਅਤੇ ਈਰਾਨ ਦਰਮਿਆਨ ਵਧ ਰਹੇ ਤਣਾਅ ਅਤੇ ਈਰਾਨੀ ਤੇਲ ਨਿਰਯਾਤ 'ਤੇ ਸੰਭਾਵਿਤ ਪਾਬੰਦੀਆਂ ਕਾਰਨ ਵੀ ਸਪਲਾਈ 'ਤੇ ਦਬਾਅ ਬਣ ਰਿਹਾ ਹੈ | ਭਾਰਤ ਇਕ ਵੱਡਾ ਤੇਲ ਦਰਾਮਦ ਕਰਨ ਵਾਲਾ ਦੇਸ਼ ਹੈ, ਇਸ ਲਈ ਕੀਮਤਾਂ 'ਚ ਇਹ ਵਾਧਾ ਸਿੱਧਾ ਅਰਥਵਿਵਸਥਾ 'ਤੇ ਅਸਰ ਪਾ ਸਕਦਾ ਹੈ | ਮਾਹਿਰਾਂ ਅਨੁਸਾਰ ਆਵਾਜਾਈ ਅਤੇ ਉਤਪਾਦਨ ਦੀ ਲਾਗਤ ਵਧਣ ਨਾਲ ਆਮ ਵਰਤੋਂ ਦੀਆਂ ਚੀਜ਼ਾਂ ਮਹਿੰਗੀਆਂ ਹੋ ਸਕਦੀਆਂ ਹਨ | ਡਾਲਰ 'ਚ ਤੇਲ ਦੀ ਖ਼ਰੀਦ ਵਧਣ ਨਾਲ ਭਾਰਤੀ ਰੁਪਏ 'ਤੇ ਦਬਾਅ ਪੈ ਸਕਦਾ ਹੈ ਅਤੇ ਇਹ ਕਮਜ਼ੋਰ ਹੋ ਸਕਦਾ ਹੈ, ਜਦਕਿ ਨਿਵੇਸ਼ਕਾਂ 'ਚ ਸਾਵਧਾਨੀ ਵਧਣ ਕਾਰਨ ਬਾਜ਼ਾਰ 'ਚ ਅਸਥਿਰਤਾ ਵੀ ਆ ਸਕਦੀ ਹੈ | ਹਾਲਾਂਕਿ ਫਿਲਹਾਲ ਦੇਸ਼ 'ਚ ਖਪਤਕਾਰਾਂ 'ਤੇ ਇਸ ਵਾਧੇ ਦਾ ਸਿੱਧਾ ਬੋਝ ਨਹੀਂ ਪਾਇਆ ਗਿਆ ਹੈ ਅਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਕਾਫ਼ੀ ਹੱਦ ਤੱਕ ਸਥਿਰ ਬਣੀਆਂ ਹੋਈਆਂ ਹਨ | ਮੰਨਿਆ ਜਾ ਰਿਹਾ ਹੈ ਕਿ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਦਾ ਵਿੱਤੀ ਦਬਾਅ ਇਸ ਸਮੇਂ ਤੇਲ ਕੰਪਨੀਆਂ ਆਪਣੇ ਪੱਧਰ 'ਤੇ ਝੱਲ ਰਹੀਆਂ ਹਨ | ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਜੇ ਮੱਧ ਪੂਰਬ 'ਚ ਤਣਾਅ ਜਾਰੀ ਰਹਿੰਦਾ ਹੈ ਜਾਂ ਤੇਲ ਸਪਲਾਈ 'ਚ ਹੋਰ ਰੁਕਾਵਟਾਂ ਆਉਂਦੀਆਂ ਹਨ ਤਾਂ ਕੀਮਤਾਂ 'ਚ ਹੋਰ ਵਾਧਾ ਹੋ ਸਕਦਾ ਹੈ | ਇਸ ਦਾ ਪ੍ਰਭਾਵ ਭਾਰਤ ਦੇ ਵਪਾਰ ਘਾਟੇ ਅਤੇ ਆਰਥਿਕ ਵਿਕਾਸ 'ਤੇ ਨਕਾਰਾਤਮਕ ਤਰੀਕੇ ਨਾਲ ਪੈ ਸਕਦਾ ਹੈ | ਸਰਕਾਰ ਵਲੋਂ ਇਸ ਸਥਿਤੀ ਨਾਲ ਨਜਿੱਠਣ ਲਈ ਟੈਕਸਾਂ 'ਚ ਕਟੌਤੀ ਜਾਂ ਹੋਰ ਰਾਹਤਮਈ ਕਦਮ ਚੁੱਕੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤਾਂ ਜੋ ਆਮ ਜਨਤਾ 'ਤੇ ਪੈ ਰਹੇ ਬੋਝ ਨੂੰ ਘਟਾਇਆ ਜਾ ਸਕੇ | ਦੂਜੇ ਪਾਸੇ, ਵਿਰੋਧੀ ਧਿਰ ਦਾ ਕਹਿਣਾ ਹੈ ਕਿ ਬੰਗਾਲ ਸਮੇਤ ਕੁੱਝ ਸੂਬਿਆਂ 'ਚ ਚੋਣਾਂ ਪੂਰੀਆਂ ਹੋਣ ਤੋਂ ਬਾਅਦ ਤੇਲ ਦੀਆਂ ਕੀਮਤਾਂ 'ਚ ਵਾਧਾ ਹੋਣ ਦੀ ਸੰਭਾਵਨਾ ਵਧ ਗਈ ਹੈ, ਜਿਸ ਨੂੰ ਲੈ ਕੇ ਰਾਜਨੀਤਕ ਚਰਚਾ ਵੀ ਤੇਜ਼ ਹੋ ਗਈ ਹੈ |

ਪਿਛਲੀ ਖ਼ਬਰ ਅੱਜ ਦੇ ਮੈਚ ਅਗਲੀ ਖ਼ਬਰ ਜਬਰ ਜਨਾਹ ਪੀੜਤਾ ਦੀ ਗਰਭ ਅਵਸਥਾ ਖ਼ਤਮ ਕਰਨ ਦੇ ਕਾਨੂੰਨ 'ਚ ਸੋਧ ਕੀਤੀ ਜਾਏ-ਸੁਪਰੀਮ ਕੋਰਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।