08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਕੇਂਦਰ ਸਰਕਾਰ ਦੀ ਵਿਦੇਸ਼ ਤੇ ਆਰਥਿਕ ਨੀਤੀ ਬੁਰੀ ਤਰ੍ਹਾਂ ਫ਼ੇਲ੍ਹ-ਮੁੱਖ ਮੰਤਰੀ

ਅਜੀਤ ਡੈਸਕ 20-05-2026

ਕਿਹਾ, ਕੁਝ ਵਿਅਕਤੀ ਖ਼ੁਦ ਨੂੰ ਪੰਥ ਅਖਵਾ ਕੇ ਧਰਮ ਨੂੰ ਸਿਆਸਤ ਲਈ ਵਰਤਣ ਲੱਗੇ
ਸੰਗਰੂਰ/ ਧਰਮਗੜ੍ਹ, 19 ਮਈ (ਸੁਖਵਿੰਦਰ ਸਿੰਘ ਫੁੱਲ, ਗੁਰਜੀਤ ਸਿੰਘ ਚਹਿਲ)-ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵਿਦੇਸ਼ ਨੀਤੀ ਅਤੇ ਆਰਥਿਕ ਨੀਤੀ 'ਚ ਬੁਰੀ ਤਰ੍ਹਾਂ ਫ਼ੇਲ੍ਹ ਹੋਈ ਹੈ | ਅਮਰੀਕਾ-ਈਰਾਨ ਜੰਗ ਦਾ ਅਸਰ ਦੂਸਰੇ ਦੇਸ਼ਾਂ 'ਤੇ ਵੀ ਪਿਆ ਹੈ ਪਰ ਸਾਡੇ ਦੇਸ਼ ਵਾਂਗ ਉੱਥੇ ਲੋਕਾਂ ਨੂੰ ਕੁਝ ਵੀ ਬੰਦ ਕਰਨ ਲਈ ਨਹੀਂ ਕਿਹਾ ਗਿਆ | ਭਾਰਤ ਵਿਚ ਪ੍ਰਧਾਨ ਮੰਤਰੀ ਵਲੋਂ ਲੋਕਾਂ ਨੂੰ ਵਿਦੇਸ਼ ਯਾਤਰਾ ਨਾ ਕਰਨ, ਸੋਨਾ ਨਾ ਖ਼ਰੀਦਣ, ਕਾਰਾਂ ਅਤੇ ਦੁਪਹੀਆ ਵਾਹਨਾਂ ਦੀ ਘੱਟ ਵਰਤੋਂ ਕਰਨ, ਦਫ਼ਤਰੀ ਕੰਮ ਘਰਾਂ ਤੋਂ ਕਰਨ ਦੇ ਸੱਦੇ ਦਿੱਤੇ ਗਏ ਹਨ | ਅੱਜ ਆਪਣੇ ਪਿੰਡ ਸਤੌਜ ਵਿਖੇ ਬਿਜਲੀ ਦੀਆਂ ਤਾਰਾਂ ਜ਼ਮੀਨਦੋਜ਼ ਕਰਨ ਅਤੇ ਬਿਜਲੀ ਦੇ ਖੰਭੇ ਹਟਾਉਣ ਦੇ ਰਾਜ ਪੱਧਰੀ ਪ੍ਰਾਜੈਕਟ ਦੇ ਪਾਇਲਟ ਪ੍ਰੋਗਰਾਮ ਦਾ ਉਦਘਾਟਨ ਕਰਨ ਪਹੁੰਚੇ ਮੁੱਖ ਮੰਤਰੀ ਨੇ ਕਿਹਾ ਕਿ ਮਹਿੰਗਾਈ 'ਤੇ ਕੰਟਰੋਲ ਨਹੀਂ ਹੋ ਰਿਹਾ ਅਤੇ ਹੁਣ ਇਹ ਵੀ ਅਮਰੀਕਾ-ਈਰਾਨ ਜੰਗ ਦੇ ਖਾਤੇ ਵਿਚ ਪਾ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕੁਝ ਰਾਜਾਂ ਦੀਆਂ ਚੋਣਾਂ ਕਾਰਨ ਤੇਲ ਦੀਆਂ ਕੀਮਤਾਂ ਵਿਚ ਵਾਧਾ ਰੋਕਿਆ ਹੋਇਆ ਸੀ | ਚੋਣਾਂ ਖ਼ਤਮ ਹੁੰਦਿਆਂ ਹੀ ਤੇਲ ਦੀਆਂ ਕੀਮਤਾਂ ਵਧਾ ਦਿੱਤੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਇਹ ਕੀਮਤਾਂ ਅਜੇ ਹੋਰ ਵੀ ਵਧਣਗੀਆਂ | ਇਸ ਹਾਲਾਤ ਵਿਚ ਦੇਸ਼ ਹੋਰ ਗਰੀਬ ਹੋ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਮਿੱਤਰ ਹੋਰ ਅਮੀਰ ਹੋ ਰਹੇ ਹਨ | ਆਪਣੀ ਸਰਕਾਰ ਦੀ ਪਿੱਠ ਥਾਪੜਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਹੁਣ ਕੋਲੇ ਦੀ ਸਮੱਸਿਆ ਨਹੀਂ ਆਵੇਗੀ, ਕਿਉਂਕਿ ਝਾਰਖੰਡ ਵਿਚ ਪੰਜਾਬ ਦੀ ਕੋਲੇ ਦੀ ਖਾਨ ਤੋਂ ਵਧੀਆ ਉਤਪਾਦਨ ਹੋ ਰਿਹਾ ਹੈ | ਇਸ ਤੋਂ ਪਹਿਲਾਂ ਸਾਡੀ ਸਰਕਾਰ ਨੇ ਇਕ ਪ੍ਰਾਈਵੇਟ ਥਰਮਲ ਪਲਾਂਟ ਖ਼ਰੀਦਿਆ, ਜਿਸ ਦਾ ਨਾਂਅ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਰੱਖਿਆ ਗਿਆ | ਬੇਅਦਬੀ ਕਾਨੂੰਨ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਵਿਰੋਧੀਆਂ ਨੂੰ ਇਸ ਕਾਨੂੰਨ ਦੇ ਵਿਰੋਧ ਵਿਚ ਕੁਝ ਲੱਭ ਨਹੀਂ ਰਿਹਾ ਹੈ, ਸਗੋਂ ਉਹ ਬੇਲੋੜੇ ਨੁਕਸ ਕੱਢਣ ਦਾ ਯਤਨ ਕਰ ਰਹੇ ਹਨ, ਜਦਕਿ ਇਹ ਕਾਨੂੰਨ ਬਣਾਉਣ ਲਈ ਪਹਿਲਾਂ ਸੰਤਾਂ, ਮਹਾਂਪੁਰਸ਼ਾਂ, ਸਿੱਖ ਵਿਦਵਾਨਾਂ ਅਤੇ ਕਾਨੂੰਨੀ ਮਾਹਿਰਾਂ ਦੀ ਸਲਾਹ ਲਈ ਗਈ ਸੀ | ਉਨ੍ਹਾਂ ਸਪੱਸ਼ਟ ਕਿਹਾ ਕਿ ਗਿਣਤੀ ਦੇ ਕੁਝ ਵਿਅਕਤੀ ਪੰਥ ਨਹੀਂ ਹੁੰਦੇ | ਇਨ੍ਹਾਂ ਲੋਕਾਂ ਨੇ ਧਰਮ ਨੂੰ ਆਪਣੀ ਮੁੱਠੀ ਵਿਚ ਰੱਖਿਆ ਹੋਇਆ ਹੈ ਅਤੇ ਹੁਣ ਸੰਗਤਾਂ ਵਿਚ ਭਰਮ ਭੁਲੇਖੇ ਪੈਦਾ ਕਰਨ ਲੱਗੇ ਹੋਏ ਹਨ | ਇਹ ਲੋਕ ਧਰਮ ਦੇ ਨਾਂਅ ਉੱਤੇ ਰਾਜਨੀਤੀ ਕਰਦੇ ਹਨ | ਪੰਜਾਬ ਨੂੰ ਬਿਜਲੀ ਖੰਭਾ ਰਹਿਤ ਕਰਨ ਦੇ ਇਸ ਪਾਇਲਟ ਪ੍ਰਾਜੈਕਟ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨਾਲ ਜਿੱਥੇ ਕਿਸਾਨਾਂ ਨੂੰ ਫ਼ਾਇਦਾ ਹੋਵੇਗਾ, ਉਨ੍ਹਾਂ ਦੇ ਖੇਤਾਂ 'ਚੋਂ ਖੰਭੇ ਖ਼ਤਮ ਹੋ ਜਾਣਗੇ, ਉੱਥੇ ਪਾਵਰਕਾਮ ਨੂੰ ਵੀ ਕਈ ਦਿੱਕਤਾਂ ਤੋਂ ਛੁਟਕਾਰਾ ਮਿਲੇਗਾ | ਤੇਜ਼ ਤੂਫ਼ਾਨ, ਮੀਂਹ, ਹੜ੍ਹਾਂ ਕਾਰਨ ਖੰਭੇ ਟੁੱਟ ਜਾਂਦੇ ਸਨ, ਤਾਰਾਂ ਦਾ ਨੁਕਸਾਨ ਹੋ ਜਾਂਦਾ ਸੀ, ਖੇਤਾਂ ਵਿਚ ਅੱਗਾਂ ਲੱਗ ਜਾਂਦੀਆਂ ਸਨ ਅਤੇ ਕਈ ਵਾਰ ਜਾਨੀ ਨੁਕਸਾਨ ਵੀ ਹੋ ਜਾਂਦਾ ਸੀ ਪਰ ਇਸ ਪ੍ਰਾਜੈਕਟ ਵਿਚ ਧਰਤੀ ਵਿਚ ਤਕਰੀਬਨ ਸਾਢੇ ਤਿੰਨ ਫੁੱਟ ਹੇਠਾਂ ਪਾਈਪ ਪਾ ਕੇ ਤਾਰਾਂ ਪਾਈਆਂ ਜਾਣਗੀਆਂ ਅਤੇ ਇਸ ਕਾਰਜ ਦੀ 50 ਸਾਲ ਦੀ ਗਾਰੰਟੀ ਹੋਵੇਗੀ | ਇਸ ਪਾਇਲਟ ਪ੍ਰੋਜੈਕਟ ਅਧੀਨ ਪਿੰਡ ਸਤੌਜ ਦੇ ਤਕਰੀਬਨ 382 ਖੰਭੇ ਖ਼ਤਮ ਕੀਤੇ ਜਾਣਗੇ | ਡੇਢ ਦੋ ਮਹੀਨੇ ਵਿਚ ਇਹ ਪ੍ਰੋਜੈਕਟ ਸਿਰੇ ਚੜ੍ਹ ਜਾਵੇਗਾ | ਇਸ ਤੋਂ ਬਾਅਦ ਇਸ ਪ੍ਰਾਜੈਕਟ ਦੀ ਸਮੀਖਿਆ ਕੀਤੀ ਜਾਵੇਗੀ ਤਾਂ ਜੋ ਪੂਰੇ ਰਾਜ ਵਿਚ ਇਹ ਪ੍ਰਾਜੈਕਟ ਸ਼ੁਰੂ ਕਰਨ ਬਾਰੇ ਵਿਚਾਰ ਕੀਤੀ ਜਾ ਸਕੇ | ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਪ੍ਰਭਦੀਪ ਸਿੰਘ ਨੱਥੋਵਾਲ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਸ ਪਿੰਡ ਵਿਚ 41 ਕਿੱਲੋਮੀਟਰ ਜ਼ਮੀਨਦੋਜ਼ ਤਾਰਾਂ ਵਿਛਾਈਆਂ ਜਾਣਗੀਆਂ | ਇਸ ਤੋਂ ਪਹਿਲਾਂ ਪੰਜਾਬ ਦੇ ਵਿੱਤ, ਕਰ, ਆਬਕਾਰੀ, ਯੋਜਨਾ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿਚ ਵਧ ਰਹੀ ਮਹਿੰਗਾਈ ਨੇ ਕੇਂਦਰ ਸਰਕਾਰ ਜ਼ਿੰਮੇਵਾਰੀ ਹੈ | ਦੋ ਹਫ਼ਤਿਆਂ ਵਿਚ ਤੇਲ ਦੀਆਂ ਕੀਮਤਾਂ 2 ਵਾਰ ਵਧ ਗਈਆਂ ਹਨ | ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਦ ਨੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਸਵਾਗਤ ਕੀਤਾ | ਇਸ ਮੌਕੇ ਡਾ. ਬਸੰਤ ਗਰਗ ਸਕੱਤਰ ਬਿਜਲੀ ਵਿਭਾਗ, ਕੁਲਦੀਪ ਸਿੰਘ ਚਹਿਲ ਡੀ.ਆਈ.ਜੀ. ਪਟਿਆਲਾ ਰੇਜ, ਪੂਨਮਦੀਪ ਕੌਰ ਡਿਪਟੀ ਕਮਿਸ਼ਨਰ, ਡਾ. ਰਵਜੋਤ ਕੌਰ ਗਰੇਵਾਲ ਐਸ.ਐਸ.ਪੀ. ਅਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ |

ਪਿਛਲੀ ਖ਼ਬਰ ਪੁਤਿਨ ਸਤੰਬਰ 'ਚ ਆਉਣਗੇ ਭਾਰਤ ਅਗਲੀ ਖ਼ਬਰ ਸੋਨੇ 'ਤੇ ਕਸਟਮ ਡਿਊਟੀ 6 ਤੋਂ 15 ਫ਼ੀਸਦੀ ਕਰਨ ਨਾਲ ਵਧੇਗੀ ਤਸਕਰੀ, ਕਾਲਾ ਬਾਜ਼ਾਰੀ ਤੇ ਟੈਕਸ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।