25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ <br/>

ਅਜੀਤ ਡੈਸਕ 24-05-2026

• ਦੁਵੱਲੇ ਰਿਸ਼ਤਿਆਂ ਅਤੇ ਪੱਛਮੀ ਏਸ਼ੀਆ ਸੰਕਟ ਸਮੇਤ ਕਈ ਅਹਿਮ ਮੁੱਦਿਆਂ 'ਤੇ ਗੱਲਬਾਤ • ਟਰੰਪ ਵਲੋਂ ਅਮਰੀਕਾ ਆਉਣ ਦਾ ਦਿੱਤਾ ਸੱਦਾ
ਨਵੀਂ ਦਿੱਲੀ, 23 ਮਈ (ਏਜੰਸੀ)-ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ | ਇਸ ਦੌਰਾਨ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕਾ ਆਉਣ ਦਾ ਰਸਮੀ ਸੱਦਾ ਦਿੱਤਾ | ਦੋਵਾਂ ਆਗੂਆਂ ਵਿਚਾਲੇ ਹੋਈ ਇਸ ਉੱਚ ਪੱਧਰੀ ਬੈਠਕ ਵਿਚ ਦੁਵੱਲੇ ਰਿਸ਼ਤਿਆਂ, ਰੱਖਿਆ, ਵਪਾਰ, ਊਰਜਾ, ਰਣਨੀਤਕ ਤਕਨਾਲੋਜੀ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸਹਿਯੋਗ ਸਮੇਤ ਕਈ ਮਹੱਤਵਪੂਰਨ ਮੁੱਦਿਆਂ 'ਤੇ ਵਿਸਥਾਰਪੂਰਵਕ ਗੱਲਬਾਤ ਕੀਤੀ ਗਈ | ਇਸ ਦੇ ਨਾਲ ਹੀ ਉਨ੍ਹਾਂ ਨੇ ਪੱਛਮੀ ਏਸ਼ੀਆ ਦੀ ਮੌਜੂਦਾ ਸਥਿਤੀ ਅਤੇ ਈਰਾਨ ਸੰਕਟ ਵਰਗੇ ਗੰਭੀਰ ਵਿਸ਼ਿਆਂ 'ਤੇ ਵੀ ਚਰਚਾ ਕੀਤੀ | ਇਸ ਅਹਿਮ ਬੈਠਕ ਵਿਚ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ, ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨ.ਐਸ.ਏ.) ਅਜੀਤ ਡੋਵਾਲ, ਭਾਰਤ ਵਿਚ ਅਮਰੀਕੀ ਰਾਜਦੂਤ ਸਰਜੀਓ ਗੌਰ ਅਤੇ ਅਮਰੀਕੀ ਅੰਡਰ ਸੈਕਟਰੀ ਐਲੀਸਨ ਹੂਕਰ ਵੀ ਮੌਜੂਦ ਸਨ | ਅਮਰੀਕੀ ਰਾਜਦੂਤ ਗੌਰ ਮੁਤਾਬਿਕ ਵਿਦੇਸ਼ ਮੰਤਰੀ ਰੂਬੀਓ ਨੇ ਦਿੱਲੀ ਪਹੁੰਚਣ ਦੇ ਤੁਰੰਤ ਬਾਅਦ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਪ੍ਰਧਾਨ ਮੰਤਰੀ ਨੂੰ ਨੇੜ ਭਵਿੱਖ 'ਚ ਅਮਰੀਕਾ ਆਉਣ ਦਾ ਸੱਦਾ ਦਿੱਤਾ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਸ਼ਵ ਦੀ ਭਲਾਈ ਲਈ ਮਿਲ ਕੇ ਕੰਮ ਕਰਦੇ ਰਹਿਣਗੇ | ਉਨ੍ਹਾਂ ਕਿਹਾ ਕਿ ਅਸੀਂ ਭਾਰਤ-ਅਮਰੀਕਾ ਵਿਆਪਕ ਆਲਮੀ ਰਣਨੀਤਕ ਭਾਈਵਾਲੀ ਵਿਚ ਨਿਰੰਤਰ ਪ੍ਰਗਤੀ ਅਤੇ ਖੇਤਰੀ ਤੇ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਨਾਲ ਸੰਬੰਧਿਤ ਮੁੱਦਿਆਂ 'ਤੇ ਚਰਚਾ ਕੀਤੀ | ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਸਕੱਤਰ ਰੂਬੀਓ ਅਤੇ ਪ੍ਰਧਾਨ ਮੰਤਰੀ ਮੋਦੀ ਵਪਾਰ ਅਤੇ ਰੱਖਿਆ ਸਹਿਯੋਗ ਨੂੰ ਡੂੰਘਾ ਕਰਨ ਅਤੇ ਮਹੱਤਵਪੂਰਨ ਅਤੇ ਉੱਭਰ ਰਹੀਆਂ ਤਕਨਾਲੋਜੀਆਂ 'ਤੇ ਸਹਿਯੋਗ ਨੂੰ ਤੇਜ਼ ਕਰਨ 'ਤੇ ਸਹਿਮਤ ਹੋਏ | ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਰੂਬੀਓ ਨੇ ਅਮਰੀਕੀ ਦੂਤਘਰ ਵਿਖੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਰਤ ਨੂੰ ਅਮਰੀਕਾ ਲਈ ਇੱਕ ਬਹੁਤ ਮਹੱਤਵਪੂਰਨ ਭਾਈਵਾਲ ਦੱਸਿਆ ਅਤੇ ਸੰਕੇਤ ਦਿੱਤਾ ਕਿ ਦੋਵੇਂ ਧਿਰਾਂ ਆਉਣ ਵਾਲੇ ਮਹੀਨਿਆਂ ਵਿਚ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਕੁਝ ਮਹੱਤਵਪੂਰਨ ਐਲਾਨ ਕਰਨ ਦੀ ਯੋਜਨਾ ਬਣਾ ਰਹੀਆਂ ਹਨ | ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਟੌਮੀ ਪਿਗੌਟ ਨੇ ਮੋਦੀ ਨਾਲ ਰੂਬੀਓ ਦੀ ਮੁਲਾਕਾਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਵਿਦੇਸ਼ ਮੰਤਰੀ ਨੇ ਅਮਰੀਕਾ-ਭਾਰਤ ਸਾਂਝੇਦਾਰੀ ਦੇ ਰਣਨੀਤਕ ਮਹੱਤਵ, ਅਮਰੀਕੀ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਮੋਦੀ ਵਿਚਕਾਰ ਮਜ਼ਬੂਤ ਨਿੱਜੀ ਸੰਬੰਧਾਂ ਦੇ ਨਾਲ-ਨਾਲ ਦੋਵਾਂ ਧਿਰਾਂ ਲਈ ਡੂੰਘੇ ਆਰਥਿਕ ਅਤੇ ਵਪਾਰਕ ਮੌਕਿਆਂ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਮੋਦੀ ਅਤੇ ਰੂਬੀਓ ਨੇ ਦੁਵੱਲੀਆਂ ਪ੍ਰਾਪਤੀਆਂ 'ਤੇ ਵੀ ਚਰਚਾ ਕੀਤੀ, ਜਿਸ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਮਿਸ਼ਨ 500' ਨੂੰ ਅੱਗੇ ਵਧਾਉਣ ਵਾਲੇ ਮਹੱਤਵਪੂਰਨ ਨਿਵੇਸ਼ ਸ਼ਾਮਿਲ ਹਨ, ਜਿਸ ਨਾਲ 2030 ਤੱਕ ਵਪਾਰ ਦੁੱਗਣਾ ਹੋ ਜਾਵੇਗਾ | ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਅੱਜ ਸਵੇਰੇ ਪਹਿਲਾਂ ਕੋਲਕਾਤਾ ਪਹੁੰਚੇ, ਰਾਸ਼ਟਰੀ ਰਾਜਧਾਨੀ ਲਈ ਉਡਾਣ ਭਰਨ ਤੋਂ ਪਹਿਲਾਂ ਉਨ੍ਹਾਂ ਮਦਰ ਹਾਊਸ- ਸੇਂਟ ਟੈਰੇਸਾ ਮਿਸ਼ਨਰੀਜ਼ ਆਫ਼ ਚੈਰਿਟੀ ਦੇ ਮੁੱਖ ਦਫ਼ਤਰ ਦਾ ਦੌਰਾ ਕੀਤਾ | ਐਤਵਾਰ ਨੂੰ ਰੂਬੀਓ ਭਾਰਤੀ ਹਮਰੁਤਬਾ ਜੈਸ਼ੰਕਰ ਨਾਲ ਦੁਵੱਲੀ ਗੱਲਬਾਤ ਕਰਨਗੇ | ਅਮਰੀਕੀ ਵਿਦੇਸ਼ ਮੰਤਰੀ ਸੋਮਵਾਰ ਨੂੰ ਆਗਰਾ ਅਤੇ ਜੈਪੁਰ ਜਾਣਗੇ ਅਤੇ ਮੰਗਲਵਾਰ ਸਵੇਰੇ ਕਵਾਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਲਈ ਦਿੱਲੀ ਵਾਪਸ ਆਉਣਗੇ | ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦਾ ਭਾਰਤ ਦੌਰਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੀਨ ਦੌਰੇ ਦੇ ਬਿਲਕੁਲ 7 ਦਿਨਾਂ ਬਾਅਦ ਹੋ ਰਿਹਾ ਹੈ | ਇਸ ਕਾਰਨ ਅਮਰੀਕੀ ਮੀਡੀਆ ਵਿਚ ਇਸ ਦੌਰੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜ ਗਈਆਂ ਹਨ | ਅਮਰੀਕੀ ਮੀਡੀਆ ਦਾ ਕਹਿਣਾ ਹੈ ਕਿ ਰੂਬੀਓ ਦੀ ਇਹ ਭਾਰਤ ਫੇਰੀ ਸਿਰਫ਼ ਇੱਕ ਆਮ ਸਫ਼ਾਰਤੀ ਯਾਤਰਾ ਨਹੀਂ ਹੈ, ਸਗੋਂ ਇਹ ਇੱਕ 'ਡੈਮੇਜ ਕੰਟਰੋਲ ਮਿਸ਼ਨ' ਵੀ ਹੈ | ਨਿਊਯਾਰਕ ਟਾਈਮਜ਼ ਦੀ ਇਕ ਰਿਪੋਰਟ ਮੁਤਾਬਿਕ ਟਰੰਪ ਦੇ ਹਾਲ ਹੀ ਵਿਚ ਹੋਏ ਚੀਨ ਦੌਰੇ ਨੇ ਏਸ਼ੀਆ ਦੀ ਰਾਜਨੀਤੀ ਵਿਚ ਇੱਕ ਨਵੀਂ ਚਿੰਤਾ ਪੈਦਾ ਕਰ ਦਿੱਤੀ ਹੈ | ਬੀਜਿੰਗ 'ਚ ਆਪਣੇ ਦੌਰੇ ਦੌਰਾਨ ਰਾਸ਼ਟਰਪਤੀ ਟਰੰਪ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਖੁੱਲ੍ਹ ਕੇ ਤਾਰੀਫ਼ ਕੀਤੀ ਸੀ ਅਤੇ ਉਨ੍ਹਾਂ ਨੂੰ ਇੱਕ ਮਹਾਨ ਨੇਤਾ ਅਤੇ ਆਪਣਾ ਖ਼ਾਸ ਦੋਸਤ ਦੱਸਿਆ ਸੀ, ਜਿਸ ਤੋਂ ਬਾਅਦ ਹੁਣ ਭਾਰਤ ਨਾਲ ਰਿਸ਼ਤਿਆਂ ਵਿਚ ਸੰਤੁਲਨ ਬਣਾਉਣ ਲਈ ਅਮਰੀਕਾ ਵਲੋਂ ਇਹ ਕਦਮ ਚੁੱਕਿਆ ਜਾ ਰਿਹਾ ਹੈ |

ਪਿਛਲੀ ਖ਼ਬਰ ਕੌਂਸਲ ਚੋਣਾਂ ਲਈ ਕੁੱਲ 7555 ਉਮੀਦਵਾਰ ਮੈਦਾਨ 'ਚ ਅਗਲੀ ਖ਼ਬਰ ਖ਼ਾਲਸਾਈ ਜਾਹੋ-ਜਲਾਲ ਨਾਲ ਖੁੱਲ੍ਹੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।