• ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਤੋਂ ਬਿਨਾਂ ਸਿੱਖ ਕਿਸੇ ਦੀ ਗੁਲਾਮੀ ਨਹੀਂ ਕਰਦੇ-ਜਥੇਦਾਰ ਗੜਗੱਜ
• ਅਕਾਲ ਤਖ਼ਤ ਸਾਹਿਬ 'ਤੇ ਫ਼ੌਜੀ ਹਮਲਾ ਆਜ਼ਾਦ ਭਾਰਤ 'ਚ ਕਾਂਗਰਸ ਦੇ ਮੱਥੇ 'ਤੇ ਵੱਡਾ ਕਲੰਕ-ਧਾਮੀ
ਜਸਵੰਤ ਸਿੰੰਘ ਜੱਸ, ਹਰਮਿੰਦਰ ਸਿੰਘ, ਰੇਸ਼ਮ ਸਿੰਘ
ਅੰਮਿ੍ਤਸਰ, 6 ਜੂਨ-ਜੂਨ 1984 ਦੀ 42ਵੀਂ ਵਰੇ੍ਹਗੰਢ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਅੱਜ ਅਕਾਲ ਤਖ਼ਤ ਸਾਹਿਬ ਵਿਖੇ ਕਰਵਾਇਆ ਸਾਲਾਨਾ ਸ਼ਹੀਦੀ ਸਮਾਗਮ ਅਮਨ ਅਮਾਨ ਤੇ ਸੁੱਖ ਸ਼ਾਂਤੀ ਨਾਲ ਸੰਪੰਨ ਹੋ ਗਿਆ | ਪੁਲਿਸ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਆਸ-ਪਾਸ ਤੇ ਸ਼ਹਿਰ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ | ਅੱਜ ਦੇ ਘੱਲੂੁਘਾਰਾ ਸਮਾਗਮ ਵਿਚ ਜਥੇਦਾਰ ਗੜਗੱਜ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸ਼ੋ੍ਰਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਲਬੀਰ ਸਿੰਘ 96ਵੇਂ ਕਰੋੜੀ, ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਦਲ ਪੰਥ ਬਾਬਾ ਬਿਧੀ ਚੰਦ ਸੰਪ੍ਰਦਾਇ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ, ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਖ਼ਾਲਸਾ, ਭਾਈ ਗੁਰਦੀਪ ਸਿੰਘ ਬਠਿੰਡਾ, ਦਲ ਖ਼ਾਲਸਾ ਆਗੂ ਕੰਵਰਪਾਲ ਸਿੰਘ ਅਤੇ ਪਰਮਜੀਤ ਸਿੰਘ ਮੰਡ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਭਾਈ ਅੰਮਿ੍ਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ, ਸੰਸਦ ਮੈਂਬਰ ਭਾਈ ਸਰਬਜੀਤ ਸਿੰਘ, ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸਮੇਤ ਹੋਰ ਕਈ ਪੰਥਕ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ |
ਜਥੇਦਾਰ ਗੜਗੱਜ ਨੇ ਪਹਿਲੀ ਵਾਰ ਜਾਰੀ ਕੀਤਾ ਕੌਮ ਦੇ ਨਾਂਅ ਸੰਦੇਸ਼
ਇਸ ਵਾਰ ਦੇ ਸ਼ਹੀਦੀ ਸਮਾਗਮ ਦੀ ਇਹ ਵਿਸ਼ੇਸ਼ ਗੱਲ ਸੀ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ, ਜੋ ਪਿਛਲੇ ਸਾਲ ਵੀ ਕਾਰਜਕਾਰੀ ਜਥੇਦਾਰ ਸਨ ਤੇ ਜਿਨ੍ਹਾਂ ਦੀ ਨਿਯੁਕਤੀ ਅਤੇ ਸੇਵਾ ਸੰਭਾਲ ਦੇ ਤਰੀਕੇ ਨੂੰ ਲੈ ਕੇ ਸ਼ਹੀਦੀ ਸਮਾਗਮ ਦੌਰਾਨ ਦਮਦਮੀ ਟਕਸਾਲ ਤੇ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਵਿਰੋਧ ਦੇ ਡਰੋਂ ਉਨ੍ਹਾਂ ਜਥੇਦਾਰ ਵਜੋਂ ਕੌਮ ਦੇ ਨਾਂਅ ਸੰਦੇਸ਼ ਜਾਰੀ ਨਹੀਂ ਸੀ ਕੀਤਾ ਗਿਆ ਤੇ ਸ਼ਹੀਦ ਪਰਿਵਾਰਾਂ ਨੂੰ ਵੀ ਪ੍ਰਧਾਨ ਧਾਮੀ ਵਲੋਂ ਸਨਮਾਨਿਤ ਕੀਤਾ ਗਿਆ ਸੀ, ਪਰ ਇਸ ਵਾਰ ਉਨ੍ਹਾਂ ਵਲੋਂ ਪਹਿਲੀ ਵਾਰ ਸੰਦੇਸ਼ ਜਾਰੀ ਕਰਨ ਸਮੇਂ ਕਿਸੇ ਵੀ ਸਿੱਖ ਜਥੇਬੰਦੀ ਨੇ ਕੋਈ ਉਜਰ ਨਹੀਂ ਕੀਤਾ, ਜਿਸ ਨਾਲ ਉਨ੍ਹਾਂ ਨੂੰ ਇਕ ਤਰ੍ਹਾਂ ਪੰਥ ਵਲੋਂ ਮਾਨਤਾ ਮਿਲ ਗਈ | ਹਾਲਾਂਕਿ ਦਮਦਮੀ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਜਾਂ ਉਨ੍ਹਾਂ ਦੇ ਪ੍ਰਤੀਨਿਧ ਅੱਜ ਦੇ ਸ਼ਹੀਦੀ ਸਮਾਗਮ 'ਚ ਸ਼ਾਮਿਲ ਨਹੀਂ ਸਨ ਹੋਏ |
ਖ਼ਾਲਿਸਤਾਨ ਪੱਖੀ ਨਾਅਰੇਬਾਜ਼ੀ
ਅੱਜ ਦਾ ਸ਼ਹੀਦੀ ਸਮਾਗਮ ਤਾਂ ਨਿਰਵਿਘਨ ਸੰਪੂਰਨ ਹੋ ਗਿਆ, ਪਰ ਸਮਾਪਤੀ 'ਤੇ ਗੁ: ਥੜ੍ਹਾ ਸਾਹਿਬ ਦੇ ਹੇਠਾਂ ਪਰਿਕਰਮਾ ਵਿਚ ਹੱਥਾਂ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਹੋਰ ਸ਼ਹੀਦਾਂ ਅਤੇ ਅਕਾਲ ਤਖ਼ਤ ਸਾਹਿਬ ਦੀ ਢਹਿ ਢੇਰੀ ਹੋਈ ਇਮਾਰਤ ਦੀਆਂ ਤਸਵੀਰਾਂ ਅਤੇ ਖ਼ਾਲਿਸਤਾਨ ਦੇ ਝੰਡੇ ਫੜੀ ਬੈਠੇ ਨੌਜਵਾਨਾਂ ਵਲੋਂ ਕੁਝ ਸਮਾਂ ਖ਼ਾਲਿਸਤਾਨ ਪੱਖੀ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ |
ਅੰਮਿ੍ਤਸਰ 'ਚ ਰਿਹਾ ਮੁਕੰਮਲ ਬੰਦ
ਅੱਜ ਘੱਲੂਘਾਰੇ ਦੀ 42ਵੀਂ ਵਰੇ੍ਹਗੰਢ ਮੌਕੇ ਦਲ ਖ਼ਾਲਸਾ ਵਲੋਂ ਦਿੱਤੇ ਅੰਮਿ੍ਤਸਰ ਬੰਦ ਦੇ ਸੱਦੇ ਨੂੰ ਸ਼ਹਿਰ ਵਾਸੀਆਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਤੇ ਅੰਮਿ੍ਤਸਰ ਸ਼ਹਿਰ ਦੇ ਬਾਜ਼ਾਰ, ਕਾਰੋਬਾਰ ਅੱਜ ਮੁਕੰਮਲ ਬੰਦ ਰਹੇ |
ਦਮਦਮੀ ਟਕਸਾਲ (ਮਹਿਤਾ) ਮੁਖੀ ਰਹੇ ਗ਼ੈਰ-ਹਾਜ਼ਰ ਇਥੇ ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਦਮਦਮੀ ਟਕਸਾਲ ਵਲੋਂ ਪਿਛਲੇ ਸਾਲਾਂ ਵਾਂਗ ਟਕਸਾਲ ਦੇ ਹੈੱਡਕੁਆਰਟਰ ਚੌਕ ਮਹਿਤਾ ਵਿਖੇ 6 ਜੂਨ ਨੂੰ ਹੀ ਵੱਖਰੇ ਤੌਰ 'ਤੇ ਰੱਖੇ ਘੱਲੂਘਾਰਾ ਯਾਦਗਾਰੀ ਸਮਾਗਮ ਨੂੰ ਲੈ ਕੇ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਟਕਸਾਲ ਮੁਖੀ ਵਲੋਂ ਇਕ ਦੂਜੇ ਵਿਰੁੱਧ ਕੀਤੀ ਜਾ ਰਹੀ ਬਿਆਨਬਾਜ਼ੀ ਤੋਂ ਬਾਅਦ ਅੱਜ ਟਕਸਾਲ ਮੁਖੀ ਦੇ ਅਕਾਲ ਤਖ਼ਤ ਸਾਹਿਬ ਵਾਲੇ ਸਮਾਗਮ ਵਿਚ ਸ਼ਿਰਕਤ ਨਾ ਕਰਨ ਕਰਕੇ ਦੋਹਾਂ ਜਥੇਬੰਦੀਆਂ ਦਰਮਿਆਨ ਸੰਭਾਵੀ ਟਕਰਾਅ ਟਲ ਗਿਆ, ਜਿਸ 'ਤੇ ਸ਼ੋ੍ਰਮਣੀ ਕਮੇਟੀ ਅਤੇ ਪੁਲਿਸ ਅਧਿਕਾਰੀਆਂ ਨੇ ਇਕ ਤਰ੍ਹਾਂ ਸੁੱਖ ਦਾ ਸਾਹ ਲਿਆ |
ਜਥੇਦਾਰ ਦਾ ਸੰਦੇਸ਼ ਖ਼ਾਲਸਾ ਪੰਥ ਦੀਆਂ ਭਾਵਨਾਵਾਂ ਅਨੁਸਾਰ-ਦਲ ਖ਼ਾਲਸਾ
ਘੱਲੂਘਾਰੇ ਦਿਵਸ ਮੌਕੇ 'ਤੇ ਜਥੇਦਾਰ ਗੜਗੱਜ ਵਲੋਂ ਕੌਮ ਦੇ ਨਾਂਅ ਦਿੱਤੇ ਸੰਦੇਸ਼ ਪ੍ਰਤੀ ਸਿੱਖ ਜਥੇਬੰਦੀ ਦਲ ਖ਼ਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਕਿਹਾ ਜਥੇਦਾਰ ਦਾ ਸੰਦੇਸ਼ ਖ਼ਾਲਸਾ ਪੰਥ ਦੀਆਂ ਭਾਵਨਾਵਾਂ ਅਨੁਸਾਰ ਹੈ | ਸਿੱਖ ਪੰਥ ਜੋ ਗੱਲ ਕਰਦਾ ਆਇਆ ਹੈ, ਜਥੇਦਾਰ ਗੜਗੱਜ ਵਲੋਂ ਉਸ ਦੀ ਤਰਜਮਾਨੀ ਕਰਦਿਆਂ ਕੌਮ ਵਿਚ ਏਕਤਾ ਦਾ ਇਜ਼ਹਾਰ ਕਰਦੇ ਹੋਏ ਸਰਕਾਰ ਦੀਆਂ ਚੁਣੌਤੀਆਂ ਅਤੇ ਗ਼ੁਲਾਮੀ ਦੇ ਖ਼ਿਲਾਫ਼ ਲੜਨ ਦਾ ਹੋਕਾ ਦਿੱਤਾ |
ਘੱਲੂਘਾਰਾ ਸਮਾਗਮ 'ਚ ਸ਼ਾਮਿਲ ਸ਼ਖ਼ਸੀਅਤਾਂ
ਅੱਜ ਦੇ ਘੱਲੂਘਾਰਾ ਸਮਾਗਮ 'ਚ ਉਪਰੋਕਤ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਬਲਵਿੰਦਰ ਸਿੰਘ, ਗਿਆਨੀ ਗੁਰਮਿੰਦਰ ਸਿੰਘ, ਗਿਆਨੀ ਪਰਵਿੰਦਰਪਾਲ ਸਿੰਘ, ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਤੇ ਗਿਆਨੀ ਮਲਕੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ, ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ, ਸੁਰਜੀਤ ਸਿੰਘ ਭਿੱਟੇਵੱਡ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਭਾਈ ਮਨਜੀਤ ਸਿੰਘ ਭੂਰਾ ਕੋਹਨਾ, ਗੁਰਮੀਤ ਸਿੰਘ ਬੂਹ, ਸੁਰਜੀਤ ਸਿੰਘ ਤੁਗਲਵਾਲ, ਮੰਗਵਿੰਦਰ ਸਿੰਘ ਖਾਪੜਖੇੜੀ, ਗੁਰਬਚਨ ਸਿੰਘ ਕਰਮੂੰਵਾਲਾ, ਭੁਪਿੰਦਰ ਸਿੰਘ ਭਲਵਾਨ, ਹਰਪਾਲ ਸਿੰਘ ਜੱਲ੍ਹਾ, ਅਜੈਬ ਸਿੰਘ ਅਭਿਆਸੀ, ਬਾਬਾ ਚਰਨਜੀਤ ਸਿੰਘ ਜੱਸੋਵਾਲ, ਅਕਾਲੀ ਦਲ ਅੰਮਿ੍ਤਸਰ ਦੇ ਕਾਰਜਕਾਰੀ ਪ੍ਰਧਾਨ ਈਮਾਨ ਸਿੰਘ ਮਾਨ, ਕੰਵਰ ਚੜ੍ਹਤ ਸਿੰਘ, ਐਡਵੋਕੇਟ ਜਸਬੀਰ ਸਿੰਘ ਘੁੰਮਣ, ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ, ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੇ ਮੁਖੀ ਭਾਈ ਸੁਖਚੈਨ ਸਿੰਘ, ਬੀਬੀ ਸੰਦੀਪ ਕੌਰ, ਪ੍ਰੋ: ਮਹਿੰਦਰਪਾਲ ਸਿੰਘ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਭਾਈ ਦਲਜੀਤ ਸਿੰਘ ਬਿੱਟੂ ਪੰਚ ਪ੍ਰਧਾਨੀ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਉਪਕਾਰ ਸਿੰਘ ਸੰਧੂ, ਓ. ਐੱਸ. ਡੀ. ਸਤਬੀਰ ਸਿੰਘ ਧਾਮੀ, ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਸੁਖਮਿੰਦਰ ਸਿੰਘ, ਗੁਰਿੰਦਰ ਸਿੰਘ ਮਥਰੇਵਾਲ, ਨਿੱਜੀ ਸਕੱਤਰ ਸ਼ਾਹਬਾਜ਼ ਸਿੰਘ, ਵਧੀਕ ਸਕੱਤਰ ਜਸਵਿੰਦਰ ਸਿੰਘ ਜੱਸੀ, ਬਿਜੈ ਸਿੰਘ, ਤੇਜਿੰਦਰ ਸਿੰਘ ਪੱਡਾ, ਪ੍ਰੀਤਪਾਲ ਸਿੰਘ ਤੇ ਭਗਵੰਤ ਸਿੰਘ ਧੰਗੇੜਾ, ਦਰਬਾਰ ਸਾਹਿਬ ਦੇ ਮੁੱਖ ਮੈਨੇਜਰ ਮੇਜਰ ਸਿੰਘ ਅਰਜਨਮਾਂਗਾ, ਮੈਨੇਜਰ ਨਰਿੰਦਰ ਸਿੰਘ ਮਥਰੇਵਾਲ ਤੇ ਰਾਜਿੰਦਰ ਸਿੰਘ ਰੂਬੀ, ਸੁਪਰਡੈਂਟ ਨਿਸ਼ਾਨ ਸਿੰਘ ਤੇ ਮਲਕੀਤ ਸਿੰਘ ਬਹਿੜਵਾਲ ਅਤੇ ਸੂਚਨਾ ਅਧਿਕਾਰੀ ਅੰਮਿ੍ਤਪਾਲ ਸਿੰਘ ਤੇ ਰਣਧੀਰ ਸਿੰਘ, ਜਸਵੰਤ ਸਿੰਘ ਪੁੜੈਣ, ਸੁਖਦੇਵ ਸਿੰਘ ਚੱਕ, ਅਕਾਲੀ ਆਗੂ ਸ਼ਮਸ਼ੇਰ ਸਿੰੰਘ ਪੱਧਰੀ, ਭਾਈ ਜਰਨੈਲ ਸਿੰਘ ਸਖੀਰਾ, ਪਰਮਜੀਤ ਸਿੰਘ ਟਾਂਡਾ ਤੇ ਸਤਨਾਮ ਸਿੰਘ ਕਾਹਲੋਂ ਅਤੇ ਭਾਈ ਪਰਮਜੀਤ ਸਿੰਘ ਗਾਜ਼ੀ ਆਦਿ ਮੌਜੂਦ ਸਨ |
ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ
ਇਥੇ ਸ਼ਹਿਰ ਦੇ ਆਲੇ ਦੁਆਲੇ ਕਰੀਬ 5 ਹਜ਼ਾਰ ਦੇ ਕਰੀਬ ਪੁਲਿਸ ਤੇ ਅਰਧ ਸੁਰੱਖਿਆ ਬਲਾਂ ਦੇ ਜਵਾਨ ਤਾਇਨਾਤ ਕੀਤੇ ਗਏ ਸਨ | ਇਥੇ ਸ਼ਹਿਰ ਦੇ ਦਾਖਲਾ ਤੇ ਨਿਕਾਸੀ 'ਤੇ 66 ਹਾਈਟੈੱਕ ਨਾਕੇ ਲਗਾਏ ਗਏ ਹਨ ਤੇ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸ਼ਹਿਰ 'ਚ ਆਪਸੀ ਭਾਈਚਾਰਾ ਸ਼ਾਂਤੀ ਤੇ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਠ ਰਹੀ ਜਿਸ ਲਈ ਉਹ ਸਭ ਦੇ ਧੰਨਵਾਦੀ ਹਨ |
ਜੂਨ '84 ਦੇ ਸ਼ਹੀਦਾਂ ਦੀ ਯਾਦ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਹੀਦੀ ਸਮਾਗਮ <br/>
ਅਜੀਤ ਡੈਸਕ
07-06-2026