ਨਵੀਂ ਦਿੱਲੀ, 6 ਜੂਨ (ਏਜੰਸੀ)-ਆਮ ਲੋਕਾਂ ਨੂੰ ਮਹਿੰਗਾਈ ਦਾ ਇਕ ਹੋਰ ਝਟਕਾ ਲੱਗਾ ਹੈ | ਘਰੇਲੂ ਰਸੋਈ ਗੈਸ ਸਿਲੰਡਰ (14.2 ਕਿੱਲੋਗ੍ਰਾਮ) ਦੀਆਂ ਕੀਮਤਾਂ 'ਚ 29 ਰੁਪਏ ਦਾ ਵਾਧਾ ਕੀਤਾ ਗਿਆ ਹੈ ਅਤੇ ਨਵੀਆਂ ਦਰਾਂ ਅੱਜ 7 ਜੂਨ ਤੋਂ ਲਾਗੂ ਹੋਣਗੀਆਂ | ਕੀਮਤਾਂ 'ਚ ਵਾਧੇ ਤੋਂ ਬਾਅਦ ਨਵੀਂ ਦਿੱਲੀ 'ਚ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 913 ਰੁਪਏ ਤੋਂ ਵਧ ਕੇ 942 ਰੁਪਏ ਹੋ ਗਈ ਹੈ | ਪਿਛਲੇ ਤਿੰਨ ਮਹੀਨਿਆਂ ਦੌਰਾਨ ਦੂਸਰੀ ਵਾਰ ਘਰੇਲੂ ਰਸੋਈ ਗੈਸ ਸਿਲੰਡਰ ਮਹਿੰਗਾ ਕੀਤਾ ਗਿਆ ਹੈ | ਇਸ ਤੋਂ ਪਹਿਲਾਂ 7 ਮਾਰਚ ਨੂੰ ਐਲ.ਪੀ.ਜੀ ਦੇ ਸਿਲੰਡਰਾਂ ਦੀ ਕੀਮਤ 'ਚ 60 ਰੁਪਏ ਦਾ ਵਾਧਾ ਕੀਤਾ ਗਿਆ ਸੀ | ਪੱਛਮੀ ਏਸ਼ੀਆ 'ਚ ਜਾਰੀ ਸੰਘਰਸ਼ ਦੇ ਕਾਰਨ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ | ਉਦਯੋਗ ਸੂਤਰਾਂ ਅਨੁਸਾਰ ਇਸ ਵਾਧੇ ਤੋਂ ਪਹਿਲਾਂ ਸਰਕਾਰੀ ਤੇਲ ਕੰਪਨੀਆਂ ਨੂੰ ਹਰ ਐਲ.ਪੀ.ਜੀ ਸਿਲੰਡਰ 'ਤੇ ਕਰੀਬ 703 ਰੁਪਏ ਦਾ ਨੁਕਸਾਨ ਹੋ ਰਿਹਾ ਸੀ |