ਅੰਮਿ੍ਤਸਰ, 10 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਦੀ ਰਾਜਧਾਨੀ ਮੁਜ਼ੱਫਰਾਬਾਦ ਨੇੜੇ ਪਾਕਿਸਤਾਨੀ ਫ਼ੌਜ ਦਾ ਐੱਮ. ਆਈ.-17 ਹੈਲੀਕਾਪਟਰ ਟੇਕਆਫ ਦੌਰਾਨ ਹਾਦਸਾਗ੍ਰਸਤ ਹੋ ਗਿਆ | ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ. ਪੀ. ਆਰ.) ਦੇ ਅਨੁਸਾਰ ਇਹ ਹਾਦਸਾ ਤਕਨੀਕੀ ਖ਼ਰਾਬੀ ਕਾਰਨ ਹੋਇਆ | ਫ਼ੌਜੀ ਮੀਡੀਆ ਵਿੰਗ ਵਲੋਂ ਜਾਰੀ ਬਿਆਨ ਦੇ ਅਨੁਸਾਰ ਹੈਲੀਕਾਪਟਰ 'ਚ ਸਵਾਰ 21 ਸਕੁਐਡਰਨ ਦੇ ਕਮਾਂਡਰ ਕਰਨਲ ਅਮਜਦ ਸਮੇਤ 21 ਫ਼ੌਜੀਆਂ 'ਚੋਂ ਸਭ ਦੀ ਹਾਦਸੇ 'ਚ ਮੌਤ ਹੋ ਗਈ | ਆਈ. ਐੱਸ. ਪੀ. ਆਰ. ਨੇ ਕਿਹਾ ਕਿ ਹਾਦਸੇ ਤੋਂ ਬਾਅਦ ਬਚਾਅ ਅਤੇ ਰਿਕਵਰੀ ਟੀਮਾਂ ਤੁਰੰਤ ਕਰੈਸ਼ ਸਾਈਟ 'ਤੇ ਪਹੁੰਚ ਗਈਆਂ ਅਤੇ ਉਨ੍ਹਾਂ ਨੇ ਬਚਾਅ ਅਤੇ ਰਿਕਵਰੀ ਕਾਰਜ ਸ਼ੁਰੂ ਕਰ ਦਿੱਤੇ | ਹਾਲਾਂਕਿ, ਫ਼ੌਜ ਨੇ ਪੁਸ਼ਟੀ ਕੀਤੀ ਕਿ ਘਟਨਾ 'ਚ ਕੋਈ ਵੀ ਫ਼ੌਜੀ ਨਹੀਂ ਬਚਿਆ | ਸ਼ੁਰੂਆਤੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਹੈਲੀਕਾਪਟਰ 'ਚ ਟੇਕਆਫ ਪੜਾਅ ਦੌਰਾਨ ਤਕਨੀਕੀ ਖ਼ਰਾਬੀ ਪੈਦਾ ਹੋ ਗਈ, ਜਿਸ ਕਾਰਨ ਇਹ ਹਾਦਸਾ ਹੋਇਆ | ਹਾਦਸੇ ਦੇ ਸਹੀ ਤਕਨੀਕੀ ਕਾਰਨ ਦਾ ਪਤਾ ਲਗਾਉਣ ਲਈ ਇਕ ਜਾਂਚ ਬੋਰਡ ਨੂੰ ਆਦੇਸ਼ ਦਿੱਤਾ ਗਿਆ ਹੈ | ਪਾਕਿ ਦੇ ਫ਼ੌਜ ਮੁਖੀ ਅਤੇ ਰੱਖਿਆ ਬਲਾਂ ਦੇ ਮੁਖੀ ਫ਼ੀਲਡ ਮਾਰਸ਼ਲ ਆਸਿਮ ਮੁਨੀਰ ਨੇ ਦੁਖੀ ਪਰਿਵਾਰਾਂ ਨਾਲ ਦਿਲੋਂ ਸੰਵੇਦਨਾ ਪ੍ਰਗਟ ਕੀਤੀ | ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਵੀ ਦੁਖਦਾਈ ਹੈਲੀਕਾਪਟਰ ਹਾਦਸੇ 'ਤੇ ਡੂੰਘਾ ਦੁੱਖ ਅਤੇ ਹਮਦਰਦੀ ਪ੍ਰਗਟ ਕੀਤੀ |