• ਕਾਦੀਆਂ 'ਚ ਅਕਾਲੀ ਦਲ (ਬ) ਤੇ ਦੀਨਾਨਗਰ 'ਚ ਕਾਂਗਰਸ ਵੱਡੀ ਪਾਰਟੀ ਬਣੀ • 4 ਨਗਰ ਕੌਂਸਲਾਂ 'ਚ ਅਮਨ-ਅਮਾਨ ਨਾਲ ਪਈਆਂ ਵੋਟਾਂ
ਚੰਡੀਗੜ੍ਹ/ਗੁਰਦਾਸਪੁਰ/ਸ਼ਾਮਚੁਰਾਸੀ/ ਕਾਦੀਆਂ/ਦੀਨਾਨਗਰ, 13 ਜੂਨ (ਪ੍ਰੋ. ਅਵਤਾਰ ਸਿੰਘ, ਚੱਕਰਾਜਾ/ਪੰਕਜ ਸ਼ਰਮਾ/ ਗੁਰਮੀਤ ਸਿੰਘ ਖਾਨਪੁਰੀ/ਕੁਲਵਿੰਦਰ ਸਿੰਘ/ਹਰਦੀਪ ਸਿੰਘ ਸੰਧੂ/ਸੋਢੀ/ਘੁੰਮਣ/ ਸ਼ਰਮਾ)-ਗੁਰਦਾਸਪੁਰ, ਦੀਨਾਨਗਰ, ਕਾਦੀਆਂ ਤੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਸ਼ਾਮਚੁਰਾਸੀ ਨਗਰ ਕੌਂਸਲ ਚੋਣਾਂ ਲਈ ਅੱਜ ਪਈਆਂ ਵੋਟਾਂ ਤੋਂ ਬਾਅਦ ਗਿਣਤੀ ਪ੍ਰਕਿਰਿਆ ਮੁਕੰਮਲ ਹੋ ਗਈ ਹੈ, ਜਿਸ ਤੋਂ ਬਾਅਦ ਜਾਰੀ ਨਤੀਜਿਆਂ ਅਨੁਸਾਰ ਗੁਰਦਾਸਪੁਰ ਨਗਰ ਕੌਂਸਲ 'ਚ ਕਾਂਗਰਸ ਨੇ 29 'ਚੋਂ 22 ਸੀਟਾਂ ਜਿੱਤ ਕੇ ਆਪਣਾ ਦਬਦਬਾ ਕਾਇਮ ਰੱਖਿਆ ਹੈ | ਸ਼ਾਮਚੁਰਾਸੀ 'ਚ 'ਆਪ' ਨੇ ਜਿੱਤ ਹਾਸਿਲ ਕੀਤੀ ਹੈ | ਕਾਦੀਆਂ ਨਗਰ ਕੌਂਸਲ 'ਚ ਸ਼੍ਰੋਮਣੀ ਅਕਾਲੀ ਦਲ (ਬ) 6 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਸਾਹਮਣੇ ਆਇਆ ਹੈ ਤੇ ਦੀਨਾਨਗਰ 'ਚ ਕਾਂਗਰਸ ਨੇ 13 'ਚੋਂ 7 ਸੀਟਾਂ ਜਦਕਿ 'ਆਪ' 6 ਸੀਟਾਂ 'ਤੇ ਜਿੱਤ ਹਾਸਿਲ ਕੀਤੀ ਹੈ | ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਇਹ ਚੋਣਾਂ ਈ.ਵੀ.ਐਮ ਮਸ਼ੀਨਾਂ ਰਾਹੀਂ ਕਰਵਾਈਆਂ ਗਈਆਂ | ਵੋਟਿੰਗ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲੀ, ਜਿਸ ਉਪਰੰਤ ਨਤੀਜੇ ਐਲਾਨ ਦਿੱਤੇ ਗਏ | ਚਾਰਾਂ ਨਗਰ ਕੌਂਸਲਾਂ ਦੇ 68 ਵਾਰਡਾਂ ਲਈ 403 ਉਮੀਦਵਾਰ ਚੋਣ ਮੈਦਾਨ ਵਿਚ ਸਨ | ਚੋਣਾਂ ਲਈ 116 ਪੋਲਿੰਗ ਬੂਥ ਬਣਾਏ ਗਏ ਸਨ | ਗੁਰਦਾਸਪੁਰ ਨਗਰ ਕੌਂਸਲ ਦੇ 29, ਦੀਨਾਨਗਰ ਦੇ 15, ਕਾਦੀਆਂ ਦੇ 15 ਅਤੇ ਸ਼ਾਮਚੁਰਾਸੀ ਦੇ 9 ਵਾਰਡਾਂ ਲਈ ਵੋਟਾਂ ਪਾਈਆਂ ਗਈਆਂ | ਸਮੁੱਚੇ ਨਤੀਜਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਕਾਂਗਰਸ ਨੇ 34 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਚੜ੍ਹਤ ਬਣਾਈ | ਆਮ ਆਦਮੀ ਪਾਰਟੀ ਦੇ ਖਾਤੇ ਵਿਚ 21 ਸੀਟਾਂ ਆਈਆਂ, ਜਦਕਿ ਸ਼੍ਰੋਮਣੀ ਅਕਾਲੀ ਦਲ (ਬ) ਨੇ 6 ਸੀਟਾਂ 'ਤੇ ਜਿੱਤ ਦਰਜ ਕੀਤੀ | ਭਾਜਪਾ ਨੂੰ 2 ਸੀਟਾਂ ਮਿਲੀਆਂ ਅਤੇ 5 ਸੀਟਾਂ ਹੋਰਨਾਂ ਉਮੀਦਵਾਰਾਂ ਦੇ ਹਿੱਸੇ ਆਈਆਂ | ਸਭ ਤੋਂ ਵੱਧ ਚਰਚਾ ਗੁਰਦਾਸਪੁਰ ਅਤੇ ਕਾਦੀਆਂ ਦੇ ਨਤੀਜਿਆਂ ਦੀ ਰਹੀ | ਗੁਰਦਾਸਪੁਰ ਨਗਰ ਕੌਂਸਲ 'ਚ ਕਾਂਗਰਸ ਨੇ 29 ਵਿਚੋਂ 21 ਸੀਟਾਂ ਜਿੱਤ ਕੇ ਆਪਣਾ ਦਬਦਬਾ ਕਾਇਮ ਰੱਖਿਆ, ਜਦਕਿ ਆਮ ਆਦਮੀ ਪਾਰਟੀ ਨੂੰ 7 ਅਤੇ ਇਕ ਸੀਟ ਆਜ਼ਾਦ ਉਮੀਦਵਾਰ ਦੇ ਖਾਤੇ ਵਿਚ ਗਈ | ਇਹ ਨਤੀਜਾ ਸਰਹੱਦੀ ਖੇਤਰ ਵਿਚ ਕਾਂਗਰਸ ਦੀ ਮਜ਼ਬੂਤ ਪਕੜ ਦਾ ਸੰਕੇਤ ਮੰਨਿਆ ਜਾ ਰਿਹਾ ਹੈ | ਕਾਦੀਆਂ ਨਗਰ ਕੌਂਸਲ ਵਿਚ ਸ਼੍ਰੋਮਣੀ ਅਕਾਲੀ ਦਲ (ਬ) 6 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰਿਆ | ਕਾਂਗਰਸ ਨੂੰ 4, ਆਮ ਆਦਮੀ ਪਾਰਟੀ ਨੂੰ 2 ਅਤੇ ਭਾਜਪਾ ਨੂੰ 1 ਸੀਟ ਮਿਲੀ, ਜਦਕਿ 2 ਸੀਟਾਂ ਹੋਰਨਾਂ ਉਮੀਦਵਾਰਾਂ ਦੇ ਖਾਤੇ ਵਿਚ ਗਈਆਂ | ਇਹ ਨਤੀਜੇ ਅਕਾਲੀ ਦਲ (ਬ) ਲਈ ਲੰਬੇ ਸਮੇਂ ਬਾਅਦ ਮਿਲੀ ਇੱਕ ਅਹਿਮ ਸਿਆਸੀ ਰਾਹਤ ਵਜੋਂ ਦੇਖੇ ਜਾ ਰਹੇ ਹਨ | ਦੀਨਾਨਗਰ ਨਗਰ ਕੌਂਸਲ ਦੇ 15 ਵਾਰਡਾਂ 'ਚੋਂ ਕਾਂਗਰਸ ਨੇ 7 ਅਤੇ ਆਮ ਆਦਮੀ ਪਾਰਟੀ ਨੇ 6 ਸੀਟਾਂ ਜਿੱਤੀਆਂ | ਭਾਜਪਾ ਨੂੰ 1 ਸੀਟ ਮਿਲੀ, ਜਦਕਿ ਇਕ ਉਮੀਦਵਾਰ ਨਿਰਵਿਰੋਧ ਚੁਣਿਆ ਗਿਆ | ਹੁਸ਼ਿਆਰਪੁਰ ਜ਼ਿਲ੍ਹੇ ਅਧੀਨ ਆਉਂਦੇ ਸ਼ਾਮਚੁਰਾਸੀ ਨਗਰ ਕੌਂਸਲ ਦੇ 9 ਵਾਰਡਾਂ ਦੇ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਨੇ 6 ਸੀਟਾਂ ਜਿੱਤ ਹਾਸਿਲ ਕੀਤੀ | ਕਾਂਗਰਸ ਨੂੰ 2 ਸੀਟਾਂ ਮਿਲੀਆਂ, ਜਦਕਿ ਇਕ ਸੀਟ ਹੋਰ ਉਮੀਦਵਾਰ ਦੇ ਹਿੱਸੇ ਆਈ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 29 ਮਈ ਨੂੰ ਪੰਜਾਬ ਦੀਆਂ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 19 ਨਗਰ ਪੰਚਾਇਤਾਂ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਬਹੁਮਤ ਹਾਸਲ ਕੀਤਾ ਸੀ | ਅਜਿਹੇ ਵਿਚ ਚਾਰ ਨਗਰ ਕੌਂਸਲਾਂ ਦੇ ਇਹ ਨਤੀਜੇ ਸੂਬੇ ਦੇ ਬਦਲਦੇ ਸਿਆਸੀ ਸਮੀਕਰਨਾਂ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰਾਂ ਦੀ ਮੌਜੂਦਗੀ ਦਾ ਅਹਿਸਾਸ ਕਰਵਾਉਂਦੇ ਹਨ | ਨਗਰ ਕੌਂਸਲ ਗੁਰਦਾਸਪੁਰ ਅੰਦਰ ਅੱਜ ਪਈਆਂ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਸਿਰੇ ਚੜਿ੍ਹਆ ਹੈ | ਜਦੋਂ ਕਿ ਗੁਰਦਾਸਪੁਰ ਅੰਦਰ ਕੁੱਲ 50.90 ਫ਼ੀਸਦੀ ਵੋਟਾਂ ਪਈਆਂ | ਅੱਜ ਨਗਰ ਕੌਂਸਲ ਚੋਣਾਂ ਦੇ ਆਏ ਨਤੀਜਿਆਂ ਵਿਚ ਕਾਂਗਰਸ ਵਲੋਂ 29 ਵਾਰਡਾਂ 'ਚੋਂ 21 ਸੀਟਾਂ 'ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਗਈ | ਜਦੋਂ ਕਿ ਆਮ ਆਦਮੀ ਪਾਰਟੀ 7 ਸੀਟਾਂ ਤੱਕ ਹੀ ਸੀਮਤ ਰਹੀ | ਇਸ ਤੋਂ ਇਲਾਵਾ ਭਾਜਪਾ ਅਤੇ ਸ਼ੋ੍ਰਮਣੀ ਅਕਾਲੀ ਦਲ ਇਨ੍ਹਾਂ ਚੋਣਾਂ ਵਿਚ ਇਕ ਵੀ ਸੀਟ ਪ੍ਰਾਪਤ ਨਹੀਂ ਕਰ ਸਕੀ | ਇਕ ਸੀਟ 'ਤੇ ਆਜ਼ਾਦ ਉਮੀਦਵਾਰ ਜੇਤੂ ਰਿਹਾ | ਇਨ੍ਹਾਂ ਨਤੀਜਿਆਂ ਵਿਚ ਕਾਂਗਰਸ ਪਾਰਟੀ ਵਲੋਂ ਜਿੱਤੇ ਉਮੀਦਵਾਰਾਂ ਵਿਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਭਰਾ ਬਲਜੀਤ ਸਿੰਘ ਪਾਹੜਾ ਮੁੜ ਜੇਤੂ ਰਹੇ | ਨਗਰ ਕੌਂਸਲ ਸ਼ਾਮਚੁਰਾਸੀ ਦੇ 9 ਵਾਰਡਾਂ ਦੇ ਚੋਣ ਨਤੀਜਿਆਂ 'ਚ 6 ਆਪ, 2 ਕਾਂਗਰਸ ਤੇ 1 ਆਜ਼ਾਦ ਉਮੀਦਵਾਰ ਜੇਤੂ ਰਹੇ | ਨਗਰ ਕੌਂਸਲ ਕਾਦੀਆਂ ਦੇ 14 ਵਾਰਡਾਂ ਲਈ ਪਈਆਂ ਅੱਜ ਵੋਟਾਂ ਦੇ ਨਤੀਜੇ ਸ਼ਾਮ ਨੂੰ ਐਲਾਨ ਕਰ ਦਿੱਤੇ ਗਏ | ਇਸ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ 6 ਵਾਰਡਾਂ ਵਿਚ ਜਿੱਤ ਪ੍ਰਾਪਤ ਕੀਤੀ | ਕਾਂਗਰਸ ਪਾਰਟੀ ਨੇ 4 ਵਾਰਡਾਂ, ਆਮ ਆਦਮੀ ਪਾਰਟੀ ਨੂੰ 2 ਵਾਰਡਾਂ, ਇਕ ਆਜ਼ਾਦ ਅਤੇ ਭਾਜਪਾ ਨੂੰ ਇਕ ਵਾਰਡ ਤੋਂ ਜਿੱਤ ਪ੍ਰਾਪਤ ਹੋਈ | ਜ਼ਿਕਰਯੋਗ ਹੈ ਕਿ ਇਕ ਆਜ਼ਾਦ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਜੇਤੂ ਰਿਹਾ ਸੀ | ਦੀਨਾਨਗਰ ਸ਼ਹਿਰੀ ਖੇਤਰ ਵਿਚ ਨਗਰ ਕੌਂਸਲ ਦੀਆਂ ਚੋਣਾਂ ਅੱਜ ਅਮਨ ਅਮਾਨ ਨਾਲ ਸਮਾਪਤ ਹੋਈਆਂ | ਦੀਨਾਨਗਰ ਖੇਤਰ ਵਿਚ ਕੁੱਲ 15 ਵਾਰਡਾਂ ਹਨ | ਜਿਨ੍ਹਾਂ ਵਿਚ ਕੁੱਲ 19242 ਵੋਟਰ ਹਨ ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਕੁੱਲ 62 ਉਮੀਦਵਾਰ ਚੋਣ ਮੈਦਾਨ ਵਿਚ ਸਨ | ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ 7 ਸੀਟਾਂ, ਆਮ ਆਦਮੀ ਪਾਰਟੀ ਨੂੰ 6 ਸੀਟਾਂ ਅਤੇ ਇਕ ਸੀਟ ਭਾਜਪਾ ਨੂੰ ਮਿਲੀ ਹੈ | ਜਦੋਂਕਿ ਇਕ ਉਮੀਦਵਾਰ ਨਿਰਵਿਰੋਧ ਚੁਣਿਆ ਗਿਆ |
ਗੁਰਦਾਸਪੁਰ 'ਚ ਕਾਂਗਰਸ ਤੇ ਸ਼ਾਮਚੁਰਾਸੀ 'ਚ 'ਆਪ' ਨੂੰ ਬਹੁਮਤ <br/>
ਅਜੀਤ ਡੈਸਕ
14-06-2026