18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਪਾਕਿ ਦੇ ਗੁਰਦੁਆਰੇ 'ਚ ਗੋਲੀਬਾਰੀ ਮੁੱਖ ਸੇਵਾਦਾਰ ਤੇ ਪਤਨੀ ਦੀ ਮੌਤ

ਅਜੀਤ ਡੈਸਕ 18-06-2026

ਅੰਮਿ੍ਤਸਰ, 17 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਮਰਦਾਨ ਸ਼ਹਿਰ ਦੇ ਪੰਚਾਇਤੀ ਗੁਰਦੁਆਰਾ ਸਿੰਘ ਸਭਾ ਮਰਦਾਨ 'ਚ ਅਣਪਛਾਤੇ ਵਿਅਕਤੀਆਂ ਵਲੋਂ ਕੀਤੀ ਗੋਲੀਬਾਰੀ 'ਚ ਮੁੱਖ ਸੇਵਾਦਾਰ ਅਤੇ ਉਸ ਦੀ ਪਤਨੀ ਦੀ ਮੌਤ ਹੋ ਗਈ | ਮਰਦਾਨ ਸ਼ਹਿਰ ਤੋਂ ਅਸ਼ੋਕ ਕਪੂਰ ਅਤੇ ਐੱਮ. ਪੀ. ਏ. ਗੁਰਪਾਲ ਸਿੰਘ ਨੇ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਿਸ਼ਾਵਰ ਤੋਂ ਲਗਭਗ 60 ਕਿੱਲੋਮੀਟਰ ਉੱਤਰ-ਪੱਛਮ 'ਚ ਮਰਦਾਨ ਸ਼ਹਿਰ ਦੇ ਬਾਬੂ ਮੁਹੱਲਾ ਖੇਤਰ ਦੇ ਖ਼ਵਾਜ਼ਾ ਗੰਜ ਬਾਜ਼ਾਰ 'ਚ ਸਥਿਤ ਪੰਚਾਇਤੀ ਗੁਰਦੁਆਰਾ ਸਿੰਘ ਸਭਾ ਵਿਖੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਉਕਤ ਹਮਲਾਵਰ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ | ਜਦੋਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਜਗਨਨਾਥ ਨੇ ਅਸਥਾਨ ਦਾ ਬੰਦ ਦਰਵਾਜ਼ਾ ਖੋਲਿ੍ਹਆ ਤਾਂ ਹਮਲਾਵਰਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ | ਮਰਦਾਨ ਜ਼ਿਲ੍ਹਾ ਪੁਲਿਸ ਅਧਿਕਾਰੀ ਮਸੂਦ ਅਹਿਮਦ ਅਨੁਸਾਰ ਅਣਪਛਾਤੇ ਹਮਲਾਵਰਾਂ ਨੇ ਗੁਰਦੁਆਰੇ ਅੰਦਰ ਗੋਲੀਬਾਰੀ ਕੀਤੀ, ਜਿਸ 'ਚ ਜਗਨਨਾਥ ਅਤੇ ਉਨ੍ਹਾਂ ਦੀ ਪਤਨੀ ਅਸਮਾਵੰਤੀ ਉਰਫ਼ ਗੁੱਡੀ ਆਂਟੀ ਦੀ ਮੌਕੇ 'ਤੇ ਮੌਤ ਹੋ ਗਈ | ਪੁਲਿਸ ਨੇ ਇਸ ਬਾਰੇ ਹੋਤੀ ਪੁਲਿਸ ਥਾਣੇ 'ਚ ਮਾਮਲਾ ਦਰਜ ਕਰਕੇ ਹਮਲੇ ਦੇ ਪਿੱਛੇ ਦੇ ਉਦੇਸ਼ ਦਾ ਪਤਾ ਲਗਾਉਣ ਅਤੇ ਸ਼ਾਮਿਲ ਲੋਕਾਂ ਨੂੰ ਗਿ੍ਫ਼ਤਾਰ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ | ਗੁਰਪਾਲ ਸਿੰਘ ਨੇ ਦੱਸਿਆ ਕਿ ਮਿ੍ਤਕਾਂ ਦੇ ਪੋਸਟ ਮਾਰਟਮ ਤੋਂ ਬਾਅਦ ਉਨ੍ਹਾਂ ਦਾ ਸਸਕਾਰ ਮਰਦਾਨ ਸ਼ਹਿਰ ਦੇ ਰਾਮ ਬਾਗ ਸਥਿਤ ਸ਼ਮਸ਼ਾਨਘਾਟ 'ਚ ਸ਼ਾਮ ਨੂੰ ਕੀਤਾ ਗਿਆ |
ਸ਼ੋ੍ਰਮਣੀ ਕਮੇਟੀ ਪ੍ਰਧਾਨ ਧਾਮੀ ਵਲੋਂ ਨਿੰਦਾ

ਅੰਮਿ੍ਤਸਰ, (ਜੱਸ)-ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਸ: ਹਰਜਿੰਦਰ ਸਿੰਘ ਧਾਮੀ ਨੇ ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਸੂਬੇ ਦੇ ਮਰਦਾਨ ਸ਼ਹਿਰ ਵਿਚ ਸਥਿਤ ਗੁਰਦੁਆਰਾ ਸਾਹਿਬ ਅੰਦਰ ਸੇਵਾ ਨਿਭਾਅ ਰਹੇ ਸਿੰਧੀ ਸਿੱਖ ਸ਼ਰਧਾਲੂ ਜੋੜੇ ਸ੍ਰੀ ਜਗਨਨਾਥ ਅਤੇ ਬੀਬੀ ਅਸਮਾਵੰਤੀ ਦੀ ਕੁਝ ਲੋਕਾਂ ਵਲੋਂ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ | ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਵਰਗੇ ਪਵਿੱਤਰ ਧਾਰਮਿਕ ਅਸਥਾਨ ਅੰਦਰ ਦਾਖ਼ਲ ਹੋ ਕੇ ਨਿਰਦੋਸ਼ ਸ਼ਰਧਾਲੂ ਜੋੜੇ ਦਾ ਕਤਲ ਕਰਨਾ ਬਹੁਤ ਦੁਖਦਾਈ, ਗੈਰ ਮਨੁੱਖੀ ਅਤੇ ਘੱਟ ਗਿਣਤੀ ਭਾਈਚਾਰਿਆਂ ਵਿਚ ਡਰ ਪੈਦਾ ਕਰਨ ਵਾਲੀ ਘਟਨਾ ਹੈ | ਉਨ੍ਹਾਂ ਘਟਨਾ ਵਿਚ ਮਾਰੇ ਗਏ ਸਿੰਧੀ ਸਿੱਖ ਜੋੜੇ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ |

ਪਿਛਲੀ ਖ਼ਬਰ ਨੀਟ ਪ੍ਰੀਖਿਆ : ਸੁਪਰੀਮ ਕੋਰਟ ਵਲੋਂ ਨਵੀਂ ਪਟੀਸ਼ਨ 'ਤੇ ਤੁਰੰਤ ਸੁਣਵਾਈ ਤੋਂ ਇਨਕਾਰ ਅਗਲੀ ਖ਼ਬਰ ਜੰਮੂ-ਕਸ਼ਮੀਰ ਦੇ ਰਾਜੌਰੀ ਤੋਂ 2 ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।