ਪੱਛਮੀ ਏਸ਼ੀਆ ਸੰਕਟ ਸਮੇਤ ਦੁਵੱਲੇ ਵਪਾਰ ਸਮਝÏਤੇ, ਰੱਖਿਆ ਤੇ ਸੁਰੱਖਿਆ ਸੰਬੰਧਾਂ 'ਤੇ ਕੀਤੀ ਚਰਚਾ
ਈਵੀਅਨ-ਲੇਸ-ਬੇਂਸ (ਫਰਾਂਸ), 17 ਜੂਨ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮਲਾਹਾਂ ਦੀ ਸੁਰੱਖਿਆ ਦਾ ਮੁੱਦਾ ਚੁੱਕਿਆ ਅਤੇ ਜ਼ੋਰ ਦੇ ਕੇ ਕਿਹਾ ਕਿ ਈਰਾਨ ਅਤੇ ਅਮਰੀਕਾ ਵਿਚਕਾਰ ਪ੍ਰਸਤਾਵਿਤ ਸ਼ਾਂਤੀ ਸਮਝੌਤੇ ਨੂੰ ਲਾਗੂ ਕਰਦੇ ਸਮੇਂ ਉਨ੍ਹਾਂ ਦੀ ਸੁਰੱਖਿਆ ਨੂੰ ਸਰਬਉੱਚ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ | ਮੋਦੀ ਅਤੇ ਟਰੰਪ ਨੇ ਜੀ7 ਸੰਮੇਲਨ ਮÏਕੇ ਵਿਆਪਕ ਗੱਲਬਾਤ ਕੀਤੀ, ਜੋ ਪ੍ਰਸਤਾਵਿਤ ਦੁਵੱਲੇ ਵਪਾਰ ਸਮਝੌਤੇ, ਦੁਵੱਲੇ ਰੱਖਿਆ ਅਤੇ ਸੁਰੱਖਿਆ ਸੰਬੰਧਾਂ ਅਤੇ ਪੱਛਮੀ ਏਸ਼ੀਆ ਸੰਕਟ 'ਤੇ ਕੇਂਦਿ੍ਤ ਸੀ | ਨਾਲ ਹੀ ਦੋਵੇਂ ਨੇਤਾਵਾਂ ਨੇ ਪਿਛਲੇ ਇਕ ਸਾਲ 'ਚ ਤਣਾਅਪੂਰਨ ਹੋਏ ਦੁਵੱਲੇ ਸੰਬੰਧਾਂ ਨੂੰ ਸੁਧਾਰਨ ਦੇ ਕਦਮਾਂ 'ਤੇ ਵੀ ਧਿਆਨ ਕੇਂਦਰਿਤ ਕੀਤਾ | ਇਹ ਮੁਲਾਕਾਤ ਅਮਰੀਕੀ ਫ਼ੌਜੀ ਹਮਲੇ 'ਚ ਇਕ ਵਪਾਰੀ ਜਹਾਜ਼ 'ਤੇ ਸਵਾਰ ਤਿੰਨ ਭਾਰਤੀ ਮਲਾਹਾਂ ਦੇ ਮਾਰੇ ਜਾਣ ਤੋਂ ਕੁਝ ਦਿਨ ਬਾਅਦ ਹੋਈ ਹੈ | ਹਮਲੇ ਬਾਅਦ ਭਾਰਤ 'ਚ ਭਾਰੀ ਗੁੱਸਾ ਪੈਦਾ ਹੋ ਗਿਆ ਸੀ | ਟਰੰਪ ਨੇ ਨਵੀਂ ਦਿੱਲੀ ਨੂੰ ਇਕ ਅਹਿਮ ਸਾਂਝੇਦਾਰ ਦੱਸਦੇ ਹੋਏ ਕਿਹਾ ਕਿ ਜੇਕਰ ਕੋਈ ਭਾਰਤ 'ਤੇ ਹਮਲਾ ਕਰੇਗਾ ਤਾਂ ਅਮਰੀਕਾ ਉਸ ਦੀ ਰੱਖਿਆ ਕਰੇਗਾ | ਬੈਠਕ ਦੇ ਬਾਅਦ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਅਤੇ ਟਰੰਪ ਨੇ ਵਪਾਰ, ਊਰਜਾ, ਰੱਖਿਆ, ਤਕਨੀਕ ਅਤੇ ਲੋਕਾਂ ਦਰਮਿਆਨ ਸੰਬੰਧਾਂ 'ਚ ਦੁਵੱਲੇ ਸਹਿਯੋਗ ਦੀ ਲਗਾਤਾਰ ਹੋ ਰਹੀ ਪ੍ਰਗਤੀ ਦੀ ਸਮੀਖਿਆ ਕੀਤੀ | ਮੋਦੀ ਨੇ ਕਿਹਾ ਕਿ ਪੱਛਮੀ ਏਸ਼ੀਆ 'ਚ ਸ਼ਾਂਤੀ ਬਹਾਲ ਕਰਨ ਦੇ ਯਤਨਾਂ 'ਚ ਜੋ ਪ੍ਰਗਤੀ ਹੋਈ ਹੈ, ਇਸ ਵਿਚ ਟਰੰਪ ਦੀ ਅਗਵਾਈ ਦੀ ਉਹ ਸ਼ਲਾਘਾ ਕਰਦੇ ਹਨ | ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਟਰੰਪ ਦੀਆਂ ਕੋਸ਼ਿਸ਼ਾਂ ਨਾਲ ਇਸ ਖੇਤਰ 'ਚ ਸ਼ਾਂਤੀ ਅਤੇ ਸਥਿਰਤਾ ਦੀ ਨਵੀਂ ਉਮੀਦ ਜਾਗੀ ਹੈ ਤੇ ਸਾਨੂੰ ਉਮੀਦ ਹੈ ਕਿ ਇਸ ਨਾਲ ਖੇਤਰ 'ਚ ਲੰਬੇ ਸਮੇਂ ਤੱਕ ਸ਼ਾਂਤੀ ਬਣੀ ਰਹੇਗੀ | ਉਨ੍ਹਾਂ ਕਿਹਾ ਕਿ ਕੌਮਾਂਤਰੀ ਅਰਥ ਵਿਵਸਥਾ ਲਈ ਹੋਰਮੁਜ਼ ਜਲਡਮਰੂ ਨੂੰ ਖੁੱਲ੍ਹਾ ਰੱਖਣਾ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਭਾਰਤ ਨੇ ਹਮੇਸ਼ਾ ਸਮੁੰਦਰੀ ਆਵਾਜਾਈ ਦੀ ਆਜ਼ਾਦੀ ਯਕੀਨੀ ਬਣਾਉਣ ਦੇ ਮਹੱਤਵ 'ਤੇ ਜ਼ੋਰ ਦਿੱਤਾ ਹੈ ਅਤੇ ਸਾਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਤੇ ਇਸ 'ਤੇ ਵਿਸ਼ੇਸ਼ ਜ਼ੋਰ ਦੇਣਾ ਚਾਹੀਦਾ ਹੈ | ਪ੍ਰਧਾਨ ਮੰਤਰੀ ਨੇ ਉਮੀਦ ਜਤਾਈ ਕਿ ਈਰਾਨ ਨਾਲ ਸ਼ਾਂਤੀ ਸਮਝੌਤਾ ਲਾਗੂ ਕਰਦੇ ਸਮੇਂ ਅਮਰੀਕਾ ਸਮੁੰਦਰੀ ਮਲਾਹਾਂ ਦੀ ਸੁਰੱਖਿਆ ਨੂੰ ਵੀ ਸਰਬਉਚ ਤਰਜੀਹ ਦੇਵੇਗਾ | ਉਨ੍ਹਾਂ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਸਮੁੰਦਰੀ ਵਪਾਰ ਦੀ ਦੁਨੀਆ 'ਚ ਲੱਖਾਂ ਭਾਰਤੀ ਮਲਾਹ ਹੋਰਮੁਜ਼ ਜਲਡਮਰੂ ਸਮੇਤ ਦੁਨੀਆ ਭਰ ਦੇ ਸਮੁੰਦਰੀ ਵਪਾਰ ਮਾਰਗਾਂ 'ਤੇ ਕੰਮ ਕਰਦੇ ਹਨ ਅਤੇ ਆਪਣੀ ਡਿਊਟੀ ਨਿਭਾਅ ਰਹੇ ਹਨ | ਉਹ ਦੁਨੀਆ ਦੀ ਤਰੱਕੀ 'ਚ ਵੱਡਾ ਯੋਗਦਾਨ ਦੇ ਰਹੇ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਸਾਡੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਯਕੀਨ ਹੈ ਕਿ ਸਮਝੌਤਾ ਮਲਾਹਾਂ ਦੀ ਸੁਰੱਖਿਆ ਪੱਕੀ ਕਰੇਗਾ ਅਤੇ ਇਸ ਮੁੱਦੇ ਨੂੰ ਸਭ ਤੋਂ ਜ਼ਿਆਦਾ ਤਰਜੀਹ ਦਿੱਤੀ ਜਾਵੇਗੀ | ਅਮਰੀਕੀ ਰਾਸ਼ਟਰਪਤੀ ਨੇ ਭਾਰਤ ਨੂੰ ਇਕ ਕੌਮਾਂਤਰੀ ਖਿਡਾਰੀ ਦੱਸਿਆ | ਟਰੰਪ ਨੇ ਇਸ ਮੁਲਾਕਾਤ ਨੂੰ ਸ਼ਾਨਦਾਰ ਦੱਸਿਆ ਅਤੇ ਮੋਦੀ ਦੀ ਪ੍ਰਸੰਸਾ ਕੀਤੀ | ਟਰੰਪ ਨੇ ਨਵੀਂ ਦਿੱਲੀ ਦੇ ਪੱਛਮੀ ਏਸ਼ੀਆ 'ਚ ਕੋਈ ਭੂਮਿਕਾ ਨਿਭਾਉਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਭਾਰਤ ਹਰ ਚੀਜ਼ 'ਚ ਵੱਡੀ ਭੂਮਿਕਾ ਨਿਭਾਉਂਦਾ ਹੈ ਜਦੋਂ ਤੱਕ ਉਹ (ਪ੍ਰਧਾਨ ਮੰਤਰੀ ਮੋਦੀ) ਨੇਤਾ ਹਨ | ਭਾਰਤ ਇਕ ਵੱਡੀ ਭੂਮਿਕਾ ਨਿਭਾਏਗਾ | ਭਾਰਤ-ਅਮਰੀਕਾ ਸੰਬੰਧਾਂ 'ਚ ਤਣਾਅ ਬਾਰੇ ਸਵਾਲ ਦਾ ਜਵਾਬ ਦਿੰਦੇ ਹੋਏ ਟਰੰਪ ਨੇ ਕਿਹਾ ਕਿ ਜਿੰਨਾ ਚਿਰ ਮੈਂ ਵ੍ਹਾਈਟ ਹਾਊਸ 'ਚ ਹਾਂ, ਭਾਰਤ ਦਾ ਅਮਰੀਕਾ 'ਚ ਇਕ ਦੋਸਤ ਹੈ | 3 ਭਾਰਤੀ ਮਲਾਹਾਂ ਦੀ ਮੌਤ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਪਤਾ ਹੈ | ਉਨ੍ਹਾਂ ਕਿਹਾ ਕਿ ਅਸੀਂ ਮਿਲ ਕੇ ਕੰਮ ਕਰਾਂਗੇ |
ਮੋਦੀ ਨੇ ਟਰੰਪ ਕੋਲ ਚੁੱਕਿਆ ਮਲਾਹਾਂ ਦੀ ਸੁਰੱਖਿਆ ਦਾ ਮੁੱਦਾ <br/>
ਅਜੀਤ ਡੈਸਕ
18-06-2026