ਯੂਰਪੀਅਨ ਯੂਨੀਅਨ ਦੀ ਪ੍ਰਧਾਨ ਵਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
ਈਵੀਅਨ-ਲੇਸ-ਬੇਂਸ, 17 ਜੂਨ (ਏਜੰਸੀ)-ਯੂਰਪੀਅਨ ਯੂਨੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵੋਨ ਡੇਰ ਲੇਯੇਨ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਬਾਅਦ ਕਿਹਾ ਕਿ ਭਾਰਤ ਅਤੇ ਯੂਰਪੀ ਸੰਘ ਇਸ ਸਾਲ ਦੇ ਅਖੀਰ ਤੱਕ ਮਹੱਤਵਪੂਰਨ ਮੁਕਤ ਵਪਾਰ ਸਮਝੌਤੇ 'ਤੇ ਦਸਤਖ਼ਤ ਕਰਨਗੇ | ਇਹ ਗੱਲਬਾਤ ਨਾਜ਼ੁਕ ਭੂ-ਰਾਜਨੀਤਕ ਮਾਹੌਲ ਦਰਮਿਆਨ ਦੋਵੇਂ ਪਾਸਿਆਂ ਤੋਂ ਆਰਥਿਕ ਜੁੜਾਅ ਵਧਾਉਣ 'ਤੇ ਕੇਂਦਰਿਤ ਸੀ | ਫਰਾਂਸ ਦੇ ਇਸ ਇਲਾਕੇ 'ਚ ਜੀ-7 ਸਿਖਰ ਸੰਮੇਲਨ ਦੌਰਾਨ ਹੋਈ ਬੈਠਕ 'ਚ ਦੋਵੇਂ ਧਿਰਾਂ ਨੇ ਸੁਰੱਖਿਆ ਅਤੇ ਰੱਖਿਆ ਸਹਿਯੋਗ ਵਧਾਉਣ ਦਾ ਵੀ ਸੰਕਲਪ ਲਿਆ | ਈ. ਯੂ. ਕਮਿਸ਼ਨ ਦੀ ਪ੍ਰਧਾਨ ਵੋਨ ਡੇਰ ਲੇਯੇਨ ਦੇ ਇਲਾਵਾ ਬੈਠਕ 'ਚ ਯੂਰਪੀ ਪ੍ਰੀਸ਼ਦ ਦੇ ਪ੍ਰਧਾਨ ਐਂਟੋਨੀਓ ਕੋਸਟਾ ਵੀ ਸ਼ਾਮਿਲ ਹੋਏ | ਭਾਰਤੀ ਪੱਖ ਅਨੁਸਾਰ ਨੇਤਾਵਾਂ ਨੇ ਵਪਾਰ ਸਮਝੌਤੇ 'ਤੇ ਜਲਦੀ ਦਸਤਖ਼ਤ ਕਰਨ ਅਤੇ ਉਸ ਨੂੰ ਲਾਗੂ ਕਰਨ 'ਤੇ ਜ਼ੋਰ ਦਿੱਤਾ, ਕਿਉਂਕਿ ਇਸ ਨਾਲ ਵਪਾਰ ਅਤੇ ਨਿਵੇਸ਼ ਲਈ ਮੌਕੇ ਖੁੱਲ੍ਹਣਗੇ ਤੇ ਸਪਲਾਈ ਚੇਨ 'ਚ ਵਿਭਿੰਨਤਾ ਲਿਆਉਣ 'ਚ ਮਦਦ ਮਿਲੇਗੀ, ਖਾਸ ਕਰਕੇ ਮੌਜੂਦਾ ਅਸਥਿਰ ਭੂ-ਰਾਜਨੀਤਕ ਹਾਲਾਤ 'ਚ | ਵੋਨ ਡੇਰ ਲੇਯੇਨ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਕਿਉਂਕਿ ਅਸੀਂ ਸਾਰੇ ਵਪਾਰ ਸਮਝੌਤਿਆਂ ਦੀ ਮਾਂ (ਸਭ ਤੋਂ ਵੱਡਾ ਵਪਾਰ ਸਮਝੌਤਾ) ਨੂੰ ਅੰਤਿਮ ਰੂਪ ਦੇ ਦਿੱਤਾ ਹੈ, ਇਸ ਲਈ ਅਸੀਂ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਦੀ ਦਿਸ਼ਾ 'ਚ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ |
ਭਾਰਤ-ਯੂਰਪੀਅਨ ਯੂਨੀਅਨ ਸਾਲ ਦੇ ਅਖੀਰ ਤੱਕ ਕਰਨਗੇ ਮੁਕਤ ਵਪਾਰ ਸਮਝੌਤੇ 'ਤੇ ਦਸਤਖ਼ਤ-ਵੋਨ ਡੇਰ ਲੇਯੇਨ <br/>
ਅਜੀਤ ਡੈਸਕ
18-06-2026