ਭੋਪਾਲ/ਪਟਨਾ, 17 ਜੂਨ (ਏਜੰਸੀ)-ਜੂਨ ਦੇ ਤੀਸਰੇ ਹਫ਼ਤੇ 'ਚ ਵੀ ਮੌਨਸੂਨ ਦੇਸ਼ ਦੇ ਵੱਡੇ ਹਿੱਸੇ 'ਚ ਪਹੁੰਚ ਨਹੀਂ ਸਕੀ | ਅੱੱਜ ਸਵੇਰੇ ਲਈਆਂ ਗਈਆਂ ਤਸਵੀਰਾਂ 'ਚ ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ ਤੇ ਕਰਨਾਟਕ ਉਪਰ ਮੌਨਸੂਨ ਬੱਦਲ ਨਹੀਂ ਸਨ | ਇਨ੍ਹਾਂ ਰਾਜਾਂ 'ਚ ਅਸਮਾਨ ਸਾਫ਼ ਦਿਸ ਰਿਹਾ ਹੈ | ਮੌਸਮ ਵਿਭਾਗ ਅਨੁਸਾਰ ਦੇਸ਼ ਦੇ 723 ਜ਼ਿਲਿ੍ਹਆਂ 'ਚੋਂ ਸਿਰਫ਼ 103 'ਚ ਹੀ ਆਮ ਮੀਂਹ ਪਿਆ | ਭਾਵ ਦੇਸ਼ ਦੇ 40 ਫ਼ੀਸਦੀ ਹਿੱਸੇ 'ਚ ਆਮ ਨਾਲੋਂ ਘੱਟ ਮੀਂਹ ਪਿਆ ਹੈ | ਇਸ ਦਾ ਮੁੱਖ ਕਾਰਨ ਬੰਗਾਲ ਦੀ ਖਾੜੀ 'ਚ ਮਜ਼ਬੂਤ ਘੱਟ-ਦਬਾਅ ਖੇਤਰ ਦਾ ਨਾ ਬਣਨਾ ਹੈ | 4 ਜੂਨ ਨੂੰ ਕੇਰਲ 'ਚ ਦਸਤਕ ਦੇਣ ਦੇ ਬਾਅਦ ਮੌਨਸੂਨ 13 ਦਿਨਾਂ 'ਚ 19 ਰਾਜਾਂ 'ਚ ਪਹੁੰਚ ਚੁੱਕੀ ਹੈ | ਪਿਛਲੇ 7 ਦਿਨਾਂ 'ਚ ਇਹ ਤੇਲੰਗਾਨਾ ਦੇ ਭੱਦਰਾਚਲਮ 'ਚ ਅਟਕੀ ਹੋਈ ਹੈ | ਇਸੇ ਕਾਰਨ ਛੱਤੀਸਗੜ੍ਹ, ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ 'ਚ ਮੀਂਹ 'ਚ ਦੇਰੀ ਹੋ ਰਹੀ ਹੈ | ਹਾਲਾਂਕਿ ਦੇਸ਼ ਦੇ ਜ਼ਿਆਦਾਤਰ ਰਾਜਾਂ 'ਚ ਪਾਰਾ 40 ਡਿਗਰੀ ਸੈਲਸੀਅਸ ਜਾਂ ਇਸ ਤੋਂ ਹੇਠਾਂ ਬਣਿਆ ਹੋਇਆ ਹੈ |