ਚੰਡੀਗੜ੍ਹ, 17 ਜੂਨ (ਯੂ.ਐਨ.ਆਈ.)-ਪੰਜਾਬ ਨੇ ਮਸ਼ਹੂਰ ਅੰਮਿ੍ਤਸਰੀ ਕੁਲਚਾ ਲਈ 'ਭੂਗੋਲਿਕ ਸੰਕੇਤ' (ਜੀ.ਆਈ.) ਦਰਜਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿਸ ਦਾ ਉਦੇਸ਼ ਸਦੀਆਂ ਪੁਰਾਣੀ ਸੁਆਦੀ ਚੀਜ਼ ਦੀ ਮੌਲਿਕਤਾ ਨੂੰ ਸੁਰੱਖਿਅਤ ਰੱਖਣਾ ਅਤੇ ਪਵਿੱਤਰ ਸ਼ਹਿਰ ਅੰਮਿ੍ਤਸਰ ਨਾਲ ਇਸ ਦੇ ਸੰਬੰਧ ਨੂੰ ਮਜ਼ਬੂਤ ਕਰਨਾ ਹੈ | ਅਧਿਕਾਰੀਆਂ ਨੇ ਕਿਹਾ ਕਿ ਇਸ ਪਹਿਲ ਦਾ ਉਦੇਸ਼ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਰਵਾਇਤੀ ਉਤਪਾਦ ਨੂੰ ਵਧ ਰਹੀ ਨਕਲ ਤੋਂ ਬਚਾਉਣਾ ਹੈ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਸਥਾਨਕ ਕੁਲਚਾ ਨਿਰਮਾਤਾਵਾਂ ਦੀਆਂ ਪੀੜ੍ਹੀਆਂ ਦੁਆਰਾ ਬਣਾਈ ਗਈ ਸਾਖ ਇਸ ਦੇ ਮੂਲ ਸਥਾਨ ਨਾਲ ਜੁੜੀ ਰਹੇ | ਇਸ ਅਭਿਆਸ ਦੇ ਹਿੱਸੇ ਵਜੋਂ ਸਰਕਾਰੀ ਵਿਭਾਗਾਂ, ਭੋਜਨ ਤਕਨਾਲੋਜੀ ਮਾਹਿਰਾਂ ਅਤੇ ਕੁਲਚਾ ਉਦਯੋਗ ਦੇ ਪ੍ਰਤੀਨਿਧੀਆਂ ਨਾਲ ਇਕ ਸਲਾਹ-ਮਸ਼ਵਰਾ 19 ਜੂਨ ਨੂੰ ਅੰਮਿ੍ਤਸਰ 'ਚ ਤੈਅ ਕੀਤਾ ਗਿਆ ਹੈ | ਵਿਚਾਰ-ਵਟਾਂਦਰੇ 'ਚ ਜੀ.ਆਈ. ਅਰਜ਼ੀ ਦਾਇਰ ਕਰਨ ਲਈ ਲੋੜੀਂਦੇ ਦਸਤਾਵੇਜ਼ਾਂ ਅਤੇ ਸੰਸਥਾਗਤ ਢਾਂਚੇ 'ਤੇ ਕੇਂਦਿ੍ਤ ਹੋਣ ਦੀ ਉਮੀਦ ਹੈ |