ਮੁੰਬਈ, 17 ਜੂਨ (ਏਜੰਸੀ)-ਸ਼ਿਵ ਸੈਨਾ (ਯੂ.ਬੀ.ਟੀ.) ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਬਾਗੀ ਸੰਸਦ ਮੈਂਬਰਾਂ 'ਤੇ ਤਿੱਖਾ ਤੇ 'ਅਪਸ਼ਬਦਾਂ' ਨਾਲ ਭਰਿਆ ਹਮਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਪਾਰਟੀ ਦੀ ਪਿੱਠ 'ਚ ਛੁਰਾ ਮਾਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ | ਉਨ੍ਹਾਂ ਚੁਣੌਤੀ ਦਿੱਤੀ ਕਿ ਉਹ ਅਸਤੀਫ਼ਾ ਦੇ ਕੇ ਖੁੱਲ੍ਹ ਕੇ ਐਨ.ਡੀ.ਏ. 'ਚ ਸ਼ਾਮਿਲ ਹੋ ਜਾਣ | ਉਨ੍ਹਾਂ ਕਿਹਾ ਕਿ ਇਹ ਲੋਕ ਬੇਈਮਾਨ ਹਨ | ਸੰਜੇ ਰਾਊਤ ਨੇ ਪਾਰਟੀ ਛੱਡ ਰਹੇ ਨੇਤਾਵਾਂ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਹ ਪਹਿਲਾਂ ਅਸਤੀਫ਼ਾ ਦੇਣ ਤੇ ਫਿਰ ਪਾਰਟੀ ਛੱਡਣ | ਪਾਰਟੀ ਦੀ ਟਿਕਟ 'ਤੇ ਚੁਣੇ ਗਏ ਆਗੂਆਂ ਨੂੰ ਲੋਕ ਫ਼ਤਵੇ ਨਾਲ ਵਿਸ਼ਵਾਸਘਾਤ ਕਰਨ ਦਾ ਕੋਈ ਅਧਿਕਾਰ ਨਹੀਂ | ਪ੍ਰੈੱਸ ਕਾਨਫ਼ਰੰਸ 'ਚ ਆਪਣੇ 'ਅਪਸ਼ਬਦਾਂ' ਦਾ ਬਚਾਅ ਕਰਦੇ ਹੋਏ ਸੰਜੇ ਰਾਊਤ ਨੇ ਕਿਹਾ ਕਿ ਉਨ੍ਹਾਂ ਕੁਝ ਵੀ ਗਲਤ ਨਹੀਂ ਕੀਤਾ, ਕਿਉਂਕਿ ਮਹਾਰਾਸ਼ਟਰ ਤੇ ਮਰਾਠੀ ਭਾਸ਼ਾ 'ਚ ਅਜਿਹੀਆਂ ਗੱਲਾਂ ਆਮ ਕਹੀਆਂ ਜਾਂਦੀਆਂ ਹਨ | ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਸੰਸਦ 'ਚ ਅਜਿਹੀ ਕੋਈ ਗੱਲ ਨਹੀਂ ਕੀਤੀ ਸੀ, ਪਰ ਤਰਕ ਦਿੱਤਾ ਕਿ ਗਲਤ ਕੰਮ ਜਾਂ ਭਿ੍ਸ਼ਟਾਚਾਰ ਦੀ ਤਾਰੀਫ਼ ਨਹੀਂ ਹੋਣੀ ਚਾਹੀਦੀ |