07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਪੰਜਾਬ ਦੇ ਸਰਕਾਰੀ ਥਰਮਲ ਪਲਾਂਟਾਂ ਦੇ 10 ’ਚੋਂ 6 ਯੂਨਿਟ ਬੰਦ

ਅਜੀਤ ਡੈਸਕ 22-06-2026

ਜੀ. ਪੀ. ਸਿੰਘ
ਰਾਜਪੁਰਾ, 21 ਜੂਨ-ਪੰਜਾਬ ਵਿਚ ਪੈ ਰਹੀ ਭਿਆਨਕ ਗਰਮੀ ਅਤੇ ਝੋਨੇ ਦੀ ਲਵਾਈ ਦੇ ਚੱਲ ਰਹੇ ਸੀਜ਼ਨ ਦੌਰਾਨ ਪੰਜਾਬ ਦੇ ਸਰਕਾਰੀ 3 ਥਰਮਲ ਪਲਾਂਟਾਂ ਦੇ 10 ਯੂਨਿਟਾਂ ’ਚੋਂ 6 ਯੂਨਿਟ ਤਕਨੀਕੀ ਖ਼ਰਾਬੀਆਂ ਅਤੇ ਠੇਕਾ ਆਧਾਰਿਤ ਮੁਲਾਜ਼ਮਾਂ ਦੀ ਹੜਤਾਲ ਕਾਰਨ ਬਿਜਲੀ ਦਾ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ । ਇਸ ਕਾਰਨ ਸੂਬੇ ਨੂੰ ਲਗਭਗ 1400 ਮੈਗਾਵਾਟ ਬਿਜਲੀ ਉਤਪਾਦਨ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਤਾਜ਼ਾ ਸਥਿਤੀ ਇਹ ਹੈ ਕਿ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦਾ ਇਕ ਹੋਰ ਯੂਨਿਟ ਬੰਦ ਹੋਣ ਨਾਲ ਹੁਣ ਜ਼ਬਰਦਸਤੀ ਬੰਦ (ਫੋਰਸਡ ਆਊਟੇਜ) ਵਾਲੇ ਯੂਨਿਟਾਂ ਦੀ ਗਿਣਤੀ 6 ਹੋ ਗਈ ਹੈ। ਦੱਸਣਯੋਗ ਹੈ ਕਿ ਪੰਜਾਬ ਕੋਲ ਸਰਕਾਰੀ ਖੇਤਰ ’ਚ 3 ਸਰਕਾਰੀ ਥਰਮਲ ਪਲਾਂਟਾਂ ਦੇ ਕੁੱਲ 10 ਥਰਮਲ ਯੂਨਿਟ ਹਨ। ਸੁਪਰ ਥਰਮਲ ਪਲਾਂਟ ਰੋਪੜ ਦੇ 4 ਯੂਨਿਟ, ਲਹਿਰਾ ਮੁਹੱਬਤ ਦੇ 4 ਯੂਨਿਟ, ਗੋਇੰਦਵਾਲ ਸਾਹਿਬ ਦੇ 2 ਯੂਨਿਟ ਹਨ। ਇਨ੍ਹਾਂ ’ਚੋਂ ਲਹਿਰਾ ਮੁਹੱਬਤ ਦੇ ਯੂਨਿਟ 1, 3 ਅਤੇ 4 ਨੰਬਰ ਸੁਆਹ ਦੀ ਚੁਕਵਾਈ ਦੀ ਮੁਸ਼ਕਿਲ ਕਾਰਨ ਅਤੇ ਯੂਨਿਟ ਨੰਬਰ 2 ਬੁਆਇਲਰ ਪ੍ਰਣਾਲੀ ਵਿਚ ਕੋਲੇ ਦੀ ਸੁਆਹ ਜਮ੍ਹਾਂ ਹੋਣ ਕਾਰਨ ਬੰਦ ਹੋ ਗਏ ਹਨ। ਰੋਪੜ ਅਤੇ ਗੋਇੰਦਵਾਲ ਸਾਹਿਬ ਦਾ 1-1 ਯੂਨਿਟ ਇਸ ਵੇਲੇ ਬੁਆਇਲਰਾਂ ’ਚ ਖ਼ਰਾਬੀ ਅਤੇ ਤਕਨੀਕੀ ਨੁਕਸ ਕਾਰਨ ਪੂਰੀ ਤਰ੍ਹਾਂ ਬੰਦ ਹੋ ਗਏ ਹਨ। ਇਨ੍ਹਾਂ ਤਕਨੀਕੀ ਨੁਕਸਾਂ ਨੂੰ ਠੀਕ ਨਾ ਕੀਤੇ ਜਾਣ ਦਾ ਸਭ ਤੋਂ ਵੱਡਾ ਕਾਰਨ ਪਲਾਂਟਾਂ ਵਿਚ ਚੱਲ ਰਹੀ ਠੇਕਾ ਮੁਲਾਜ਼ਮਾਂ ਦੀ ਹੜਤਾਲ ਹੈ। ਇਸ ਸਮੇਂ ਲਹਿਰਾ ਮੁਹੱਬਤ ਵਿਖੇ ਕਰੀਬ 1800 ਅਤੇ ਰੋਪੜ ਵਿਖੇ 1400 ਠੇਕਾ ਮੁਲਾਜ਼ਮ ਹੜਤਾਲ ’ਤੇ ਹਨ। ਉਹ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਠੇਕੇਦਾਰਾਂ ਦੀ ਬਜਾਏ ਸਿੱਧੇ ਬਿਜਲੀ ਨਿਗਮ ਪੰਜਾਬ ਦੇ ਅਧੀਨ ਲਿਆ ਜਾਵੇ। ਇਨ੍ਹਾਂ ਮੁਲਾਜ਼ਮਾਂ ਦੀ ਬਿਜਲੀ ਨਿਗਮ ਦੇ ਸੀ.ਐੱਮ.ਡੀ. ਅਤੇ ਬਿਜਲੀ ਮੰਤਰੀ ਨਾਲ ਹੋਈ ਗੱਲਬਾਤ ਬੇਸਿੱਟਾ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਪਹਿਲਾਂ ਧਰਨਾ ਚੁੱਕਿਆ ਜਾਵੇ, ਜਦੋਂ ਕਿ ਮੁਲਾਜ਼ਮ ਲਿਖਤੀ ਭਰੋਸੇ ਤੋਂ ਬਿਨਾਂ ਹੜਤਾਲ ਖ਼ਤਮ ਕਰਨ ਲਈ ਤਿਆਰ ਨਹੀਂ ਹਨ। ਜਿਸ ਕਾਰਨ ਅੜਿੱਕਾ (ਡੈਡਲਾਕ) ਬਣਿਆ ਹੋਇਆ ਹੈ। ਇਸ ਵੇਲੇ ਸੂਬੇ ਵਿਚ ਬਿਜਲੀ ਦੀ ਮੰਗ ਸਿਖ਼ਰਾਂ ’ਤੇ ਹੈ ਪਰ ਸਰਕਾਰ ਵਲੋਂ ਰਾਸ਼ਟਰੀ ਗਰਿੱਡ ਅਤੇ ਬਦਲਵੇਂ ਸਰੋਤਾਂ ਦੀ ਮਦਦ ਨਾਲ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਮੇਂ ਬਿਜਲੀ ਨਿਗਮ ਦੇ ਨਵ-ਨਿਯੁਕਤ ਡਾਇਰੈਕਟਰ (ਜਨਰੇਸ਼ਨ) ਪੁੰਨਰਦੀਪ ਸਿੰਘ ਬਰਾੜ ਲਈ ਇਕ ਵੱਡੀ ਪ੍ਰੀਖਿਆ ਦੀ ਘੜੀ ਹੈ। ਕੋਈ ਸ਼ੱਕ ਨਹੀਂ ਕਿ ਬਰਾੜ ਕੋਲ ਮੁੱਖ ਤੌਰ ’ਤੇ ਬਿਜਲੀ ਵੰਡ ਦਾ ਲੰਬਾ ਤਜਰਬਾ ਹੈ ਪਰ ਹੁਣ ਉਨ੍ਹਾਂ ਸਾਹਮਣੇ ਥਰਮਲ ਯੂਨਿਟਾਂ ਦੇ ਬੰਦ ਹੋਣ ਅਤੇ ਉਦਯੋਗਿਕ ਅਸ਼ਾਂਤੀ (ਮੁਲਾਜ਼ਮਾਂ ਦੀ ਹੜਤਾਲ) ਵਿਚਕਾਰ ਬਿਜਲੀ ਉਤਪਾਦਨ ਨੂੰ ਮੁੜ ਬਹਾਲ ਕਰਨ ਦੀ ਬਹੁਤ ਵੱਡੀ ਚੁਣੌਤੀ ਹੈ। ਇਸ ਦੌਰਾਨ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਚੀਫ਼ ਇੰਜੀਨੀਅਰ ਤੇਜ ਬੰਸਲ ਨੇ ਉਮੀਦ ਜਤਾਈ ਹੈ ਕਿ ਉਹ ਆਪਣੇ ਉਪਲਬਧ ਤਕਨੀਕੀ ਸਟਾਫ਼ ਦੀ ਮਦਦ ਨਾਲ ਜਲਦੀ ਹੀ ਯੂਨਿਟਾਂ ਨੂੰ ਦੁਬਾਰਾ ਚਾਲੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਆਉਂਦੇ ਦਿਨਾਂ ’ਚ ਉਤਪਾਦਨ ਸ਼ੁਰੂ ਹੋ ਸਕੇ।

ਪਿਛਲੀ ਖ਼ਬਰ ਪ੍ਰੀਖਿਆ ਤੋਂ ਕੁਝ ਘੰਟੇ ਪਹਿਲਾਂ ਹਰਿਆਣਾ ਦੀ ਪ੍ਰੀਖਿਆਰਣ ਵਲੋਂ ਖੁਦਕੁਸ਼ੀ ਅਗਲੀ ਖ਼ਬਰ ਇਕ ਜੁਲਾਈ ਨੂੰ ਹਰ�ਔਰਤ ਦੇ ਖਾਤੇ ’ਚ ਆਵੇਗੀ ਤਿੰਨ ਮਹੀਨਿਆਂ ਦੀ ਸਨਮਾਨ ਰਾਸ਼ੀ-ਭਗਵੰਤ ਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।