ਨੌਸ਼ਹਿਰਾ ਮੱਝਾ ਸਿੰਘ/ਡੇਹਰੀਵਾਲ ਦਰੋਗਾ (ਬਟਾਲਾ), 23 ਜੂਨ (ਰਵੀ ਭਗਤ, ਹਰਦੀਪ ਸਿੰਘ ਸੰਧੂ)-ਪੁਲਿਸ ਜ਼ਿਲਾ ਬਟਾਲਾ ਦੇ ਥਾਣਾ ਸੇਖਵਾਂ ਅਧੀਨ ਆਉਂਦੇ ਪਿੰਡ ਮੁੰਡੀ ਕੁਰਾਲ ਵਿਖੇ ਜ਼ਮੀਨੀ ਵਿਵਾਦ ਦੇ ਚਲਦਿਆਂ ਇਕ ਨੌਜਵਾਨ ਵਲੋਂ ਆਪਣੀ ਚਾਚੀ ਤੇ ਚਚੇਰੇ ਭਾਰਾ ਸਮੇਤ 3 ਜਣਿਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਉਪਰੰਤ ਖ਼ੁਦ ਨੂੰ ਵੀ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਪਿੰਡ ਮੁੰਡੀ ਕੁਰਾਲ ਦੀ ਵਾਸੀ ਹਰਜੀਤ ਕੌਰ ਦੇ ਜੇਠ ਦੇ ਲੜਕੇ ਮਨਜੋਤ ਸਿੰਘ ਪੁੱਤਰ ਸਤਨਾਮ ਸਿੰਘ ਨੇ ਹਰਜੀਤ ਕੌਰ (35) ਅਤੇ ਉਸ ਦੇ ਪੁੱਤਰ ਹਰਅੰਮ੍ਰਿਤ ਸਿੰਘ (13) ਨੂੰ ਉਨ੍ਹਾਂ ਦੇ ਘਰ ਜਾ ਕੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਉਪਰੰਤ ਹਰਜੀਤ ਕੌਰ ਦੇ ਘਰੋਂ ਬਾਹਰ ਨਿਕਲਣ ਮੌਕੇ ਫ਼ੌਜੀ ਨਾਂਅ ਦੇ ਵਿਅਕਤੀ ਨੇ ਉਸ ਨੂੰ ਅਜਿਹਾ ਕਰਨ ਬਾਰੇ ਪੁੱਛਿਆ ਤਾਂ ਮਨਜੋਤ ਸਿੰਘ ਨੇ ਉਸ ਦੀ ਵੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਜਿਸ ਦੀ ਪਛਾਣ ਪ੍ਰਗਟ ਸਿੰਘ ਵਾਸੀ ਖ਼ਾਨ ਪਿਆਰਾ ਵਜੋਂ ਹੋਈ ਹੈ, ਜਦੋਂਕਿ ਬਾਅਦ ’ਚ ਆਪਣੇ ਘਰ ਜਾ ਕੇ ਮਨਜੋਤ ਨੇ ਖ਼ਦ ਨੂੰ ਵੀ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਮੌਕੇ ’ਤੇ ਪਹੁੰਚੀ ਪੁਲਿਸ ਵਲੋਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਗਈ।
ਜ਼ਮੀਨੀ ਵਿਵਾਦ ਨੂੰ ਲੈ ਕੇ ਚਾਚੀ ਤੇ ਚਚੇਰੇ ਭਰਾ ਸਮੇਤ 3 ਦੀ ਗੋਲੀਆਂ ਮਾਰ ਕੇ ਹੱਤਿਆ
ਅਜੀਤ ਡੈਸਕ
24-06-2026