ਅੰਮ੍ਰਿਤਸਰ, 23 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਵਿਸ਼ੇਸ਼ ਸੱਦੇ ’ਤੇ ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਅੱਜ ਦੁਪਹਿਰ ਪਾਕਿ ਪਹੁੰਚੇ। ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਅਤੇ ਪ੍ਰਧਾਨ ਮੰਤਰੀ ਸ਼ਰੀਫ਼ ਨੇ ਈਰਾਨੀ ਰਾਸ਼ਟਰਪਤੀ ਦਾ ਨੂਰ ਖਾਨ ਏਅਰਬੇਸ ’ਤੇ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ। ਪਾਕਿਸਤਾਨੀ ਹਵਾਈ ਸੈਨਾ ਦੇ ਜੇ. ਐੱਫ.-17 ਥੰਡਰ ਲੜਾਕੂ ਜਹਾਜ਼ ਨੇ ਈਰਾਨੀ ਰਾਸ਼ਟਰਪਤੀ ਦੇ ਜਹਾਜ਼ ਨੂੰ ਐਸਕਾਰਟ ਕੀਤਾ ਅਤੇ ਉਨ੍ਹਾਂ ਦੇ ਪਾਕਿ ਪਹੁੰਚਣ ’ਤੇ ਸਨਮਾਨ ’ਚ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਵੀ ਰਾਸ਼ਟਰਪਤੀ ਪੇਜ਼ੇਸ਼ਕੀਅਨ ਦੇ ਵਫ਼ਦ ਦਾ ਹਿੱਸਾ ਹਨ। ਇਸ ਦੌਰੇ ਦੌਰਾਨ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਸਮੇਤ ਇਕ ਉੱਚ ਪੱਧਰੀ ਵਫ਼ਦ ਈਰਾਨੀ ਰਾਸ਼ਟਰਪਤੀ ਦੇ ਨਾਲ ਹੈ। ਈਰਾਨੀ ਵਫ਼ਦ ਦੇ ਸਵਾਗਤ ਲਈ ਪਾਕਿ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਇਸਹਾਕ ਡਾਰ, ਗ੍ਰਹਿ ਮੰਤਰੀ ਮੋਹਸਿਨ ਨਕਵੀ, ਸੂਚਨਾ ਮੰਤਰੀ ਅੱਤਾ ਤਰਾਰ, ਪੀ. ਪੀ. ਪੀ. ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਅਤੇ ਪਹਿਲੀ ਮਹਿਲਾ ਆਸੀਫਾ ਭੁੱਟੋ ਜ਼ਰਦਾਰੀ ਵੀ ਮੌਜੂਦ ਸਨ। ਇਹ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਪਾਕਿ ਦਾ ਦੂਜਾ ਦੌਰਾ ਹੈ ਅਤੇ ਅਮਰੀਕਾ-ਈਰਾਨ ਸਮਝੌਤਾ (ਐੱਮ. ਓ. ਯੂ.) ‘ਤੇ ਦਸਤਖ਼ਤ ਤੋਂ ਬਾਅਦ ਉਨ੍ਹਾਂ ਦਾ ਇਹ ਪਾਕਿ ਦਾ ਪਹਿਲਾ ਦੌਰਾ ਹੈ। ਇਸ ਉੱਚ-ਪੱਧਰੀ ਦੌਰੇ ਨੂੰ ਪਾਕਿ ਦੇ ਕੂਟਨੀਤਕ ਯਤਨਾਂ ਅਤੇ ਗੱਲਬਾਤ ਨੂੰ ਉਤਸ਼ਾਹਿਤ ਕਰਨ ’ਚ ਭੂਮਿਕਾ ਦੀ ਮਾਨਤਾ ਵਜੋਂ ਵੇਖਿਆ ਜਾ ਰਿਹਾ ਹੈ। ਪਾਕਿ ਵਿਦੇਸ਼ ਦਫ਼ਤਰ ਦੇ ਬੁਲਾਰੇ ਅਨੁਸਾਰ ਰਾਸ਼ਟਰਪਤੀ ਪੇਜ਼ੇਸ਼ਕੀਅਨ ਨੇ ਅਮਰੀਕਾ ਅਤੇ ਈਰਾਨ ਵਿਚਕਾਰ ਵਿਚੋਲਗੀ ’ਚ ਪਾਕਿਸਤਾਨ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਪਾਕਿ ਦੇ ਯਤਨਾਂ ਨੂੰ ਖੇਤਰੀ ਸਥਿਰਤਾ ਵੱਲ ਇਕ ਮਹੱਤਵਪੂਰਨ ਕਦਮ ਦੱਸਿਆ। ਦੌਰੇ ’ਤੇ ਆਇਆ ਈਰਾਨੀ ਵਫ਼ਦ ਰਾਸ਼ਟਰਪਤੀ ਜ਼ਰਦਾਰੀ ਅਤੇ ਪ੍ਰਧਾਨ ਮੰਤਰੀ ਸ਼ਰੀਫ਼ ਨਾਲ ਵੱਖ-ਵੱਖ ਮੀਟਿੰਗਾਂ ਕਰੇਗਾ। ਸੈਨੇਟ ਚੇਅਰਮੈਨ, ਨੈਸ਼ਨਲ ਅਸੈਂਬਲੀ ਸਪੀਕਰ, ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨਾਲ ਮੁਲਾਕਾਤਾਂ ਵੀ ਇਸ ਦੌਰੇ ਦਾ ਹਿੱਸਾ ਹਨ। ਦੱਸਿਆ ਜਾ ਰਿਹਾ ਹੈ ਕਿ ਪਾਕਿ ਅਤੇ ਈਰਾਨ ਦੁਵੱਲੇ ਸੰਬੰਧਾਂ ਦੇ ਪੂਰੇ ਦਾਇਰੇ ’ਤੇ ਵਿਸਥਾਰਪੂਰਵਕ ਚਰਚਾ ਕਰਨਗੇ। ਦੁਵੱਲੇ ਵਪਾਰ, ਊਰਜਾ, ਸਰਹੱਦੀ ਸੁਰੱਖਿਆ ਅਤੇ ਖੇਤਰੀ ਸੰਪਰਕ ਸਮੇਤ ਮੁੱਖ ਖੇਤਰਾਂ ’ਚ ਸਹਿਯੋਗ ’ਤੇ ਵੀ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਦੋਵੇਂ ਧਿਰਾਂ ਆਰਥਿਕ ਸਹਿਯੋਗ ’ਤੇ ਪਿਛਲੇ ਸਮਝੌਤਿਆਂ ਦੀ ਪ੍ਰਗਤੀ ਅਤੇ ਲਾਗੂ ਕਰਨ ਦੀ ਵੀ ਸਮੀਖਿਆ ਕਰਨਗੀਆਂ। ਅਮਰੀਕਾ-ਈਰਾਨ ਸ਼ਾਂਤੀ ਸਮਝੌਤੇ ਤੋਂ ਬਾਅਦ ਇਸ ਦੌਰੇ ਨੂੰ ਖੇਤਰ ਦੇ ਬਦਲਦੇ ਕੂਟਨੀਤਕ ਦ੍ਰਿਸ਼ਟੀਕੋਣ ’ਚ ਇਕ ਹੋਰ ਵਿਕਾਸ ਵਜੋਂ ਵੇਖਿਆ ਜਾ ਰਿਹਾ ਹੈ।
ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਪਹੁੰਚੇ ਇਸਲਾਮਾਬਾਦ
ਅਜੀਤ ਡੈਸਕ
24-06-2026