ਨਵੀਂ ਦਿੱਲੀ, 23 ਜੂਨ (ਏਜੰਸੀ)-ਮੰਗਲਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਟੈਨਿਸ ਦੇ ਮਹਾਨ ਖਿਡਾਰੀ ਵਿਜੇ ਅੰਮ੍ਰਿਤਰਾਜ, ਅਦਾਕਾਰ ਮਾਮੂਟੀ ਅਤੇ ਪਲੇਬੈਕ ਗਾਇਕਾ ਅਲਕਾ ਯਾਗਨਿਕ ਸਮੇਤ 65 ਉੱਘੀਆਂ ਸ਼ਖ਼ਸੀਅਤਾਂ ਨੂੰ ਪਦਮ ਪੁਰਸਕਾਰ ਪ੍ਰਦਾਨ ਕੀਤੇ। ਰਾਸ਼ਟਰਪਤੀ ਭਵਨ ਦੇ ਗਣਤੰਤਰ ਮੰਡਪ ਵਿਖੇ ਦੂਜੇ ਨਾਗਰਿਕ ਸਨਮਾਨ ਸਮਾਰੋਹ ’ਚ, ਰਾਸ਼ਟਰਪਤੀ ਨੇ ਜਨਤਕ ਮਾਮਲਿਆਂ ਲਈ ਸੁਪਰੀਮ ਕੋਰਟ ਦੇ ਸਾਬਕਾ ਜੱਜ ਕੇ.ਟੀ. ਥਾਮਸ ਅਤੇ ਸਾਹਿਤ ਅਤੇ ਸਿੱਖਿਆ ’ਚ ਯੋਗਦਾਨ ਲਈ ਉੱਘੇ ਮਲਿਆਲਮ ਪੱਤਰਕਾਰ ਪੀ. ਨਾਰਾਇਣਨ ਨੂੰ ਪਦਮ ਵਿਭੂਸ਼ਣ ਪ੍ਰਦਾਨ ਕੀਤਾ। ਸਮਾਰੋਹ ਦੌਰਾਨ ਰਾਸ਼ਟਰਪਤੀ ਤੋਂ ਅਲਕਾ ਯਾਗਨਿਕ, ਮਾਮੂਟੀ, ਅਮਰੀਕੀ ਆੱਨਕੋਲੋਜਿਸਟ ਦੱਤਾਤ੍ਰੇਯੁਡੂ ਨੋਰੀ, ਟੈਨਿਸ ਖਿਡਾਰੀ ਵਿਜੇ ਅੰਮ੍ਰਿਤਰਾਜ, ਉਦਯੋਗਪਤੀ ਐਸ.ਕੇ.ਐਮ. ਮਾਈਲਾਨੰਦਨ ਅਤੇ ਸਮਾਜ ਸੇਵਕ ਅਤੇ ਸਿੱਖਿਆ ਸ਼ਾਸਤਰੀ ਵੇਲਾਪੱਲੀ ਨਾਟੇਸਨ ਨੇ ਪਦਮ ਭੂਸ਼ਣ ਪ੍ਰਾਪਤ ਕੀਤਾ। ਜੇ. ਐਮ. ਐਮ. ਦੇ ਸੰਸਥਾਪਕ ਸ਼ਿਬੂ ਸੋਰੇਨ ਦੀ ਪਤਨੀ ਰੂਪੀ ਸੋਰੇਨ ਨੇ ਸਵਰਗੀ ਨੇਤਾ ਦੀ ਤਰਫੋਂ ਪਦਮ ਭੂਸ਼ਣ ਪ੍ਰਾਪਤ ਕੀਤਾ। ਗਣਤੰਤਰ ਦਿਵਸ ਦੀ ਪੂਰਵ ਸੰਧਿਆ ’ਤੇ, ਸਰਕਾਰ ਨੇ 2026 ਲਈ 131 ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਸੀ, ਜਿਨ੍ਹਾਂ ’ਚ ਪੰਜ ਪਦਮ ਵਿਭੂਸ਼ਣ ਪੁਰਸਕਾਰ ਸ਼ਾਮਿਲ ਸਨ। ਰਾਸ਼ਟਰਪਤੀ ਨੇ 25 ਮਈ ਨੂੰ ਪਹਿਲੇ ਨਾਗਰਿਕ ਪੁਰਸਕਾਰ ਸਮਾਰੋਹ ’ਚ 65 ਪਦਮ ਪੁਰਸਕਾਰ - ਦੋ ਪਦਮ ਵਿਭੂਸ਼ਣ, ਛੇ ਪਦਮ ਭੂਸ਼ਣ ਅਤੇ 57 ਪਦਮਸ਼੍ਰੀ ਪ੍ਰਦਾਨ ਕੀਤੇ ਸਨ। ਇਹ ਪੁਰਸਕਾਰ ਗਤੀਵਿਧੀਆਂ ਦੇ ਵੱਖ-ਵੱਖ ਵਿਸ਼ਿਆਂ - ਕਲਾ, ਸਮਾਜਿਕ ਕਾਰਜ, ਜਨਤਕ ਮਾਮਲੇ, ਵਿਗਿਆਨ ਅਤੇ ਇੰਜੀਨੀਅਰਿੰਗ, ਵਪਾਰ ਅਤੇ ਉਦਯੋਗ, ਦਵਾਈ, ਸਾਹਿਤ ਅਤੇ ਸਿੱਖਿਆ, ਖੇਡਾਂ, ਸਿਵਲ ਸੇਵਾ ਆਦਿ ’ਚ ਦਿੱਤੇ ਜਾਂਦੇ ਹਨ। ਪਦਮ ਵਿਭੂਸ਼ਣ ਅਸਾਧਾਰਨ ਅਤੇ ਵਿਲੱਖਣ ਸੇਵਾ ਲਈ ਦਿੱਤਾ ਜਾਂਦਾ ਹੈ; ਉੱਚ ਪੱਧਰੀ ਸੇਵਾ ਲਈ ਪਦਮ ਭੂਸ਼ਣ ਅਤੇ ਕਿਸੇ ਵੀ ਖੇਤਰ ’ਚ ਵਿਲੱਖਣ ਸੇਵਾ ਲਈ ਪਦਮਸ਼੍ਰੀ ਦਿੱਤੇ ਜਾਂਦੇ ਹਨ।
ਵਿਜੇ ਅੰਮ੍ਰਿਤਰਾਜ, ਰੋਹਿਤ ਸ਼ਰਮਾ ਤੇ ਅਲਕਾ ਯਾਗਨਿਕ, ਸੰਤ ਨਿਰੰਜਣ ਦਾਸ ਸਮੇਤ 65 ਸ਼ਖ਼ਸੀਅਤਾਂ ਨੂੰ ਪਦਮ ਪੁਰਸਕਾਰ ਪ੍ਰਦਾਨ
ਅਜੀਤ ਡੈਸਕ
24-06-2026