ਅੰਮ੍ਰਿਤਸਰ, 23 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅੱਜ ਸਕੱਤਰੇਤ ਵਿਖੇ ਹੋਈ ਇਕ ਉੱਚ ਪੱਧਰੀ ਮੀਟਿੰਗ ’ਚ ਅਧਿਕਾਰੀਆਂ ਨੂੰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰਨ ਵਾਲੇ ਸਾਰੇ ਸ਼ਰਧਾਲੂਆਂ ਦੀ ਸੁਵਿਧਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸੂਬਾ ਸਰਕਾਰ, ਪ੍ਰਸ਼ਾਸਨ ਅਤੇ ਪੁਲਿਸ ਯਾਤਰਾ ਦੌਰਾਨ ਕਰਨਪ੍ਰਯਾਗ ਅਤੇ ਨਗਰਾਸੂ ’ਚ ਵਾਪਰੀਆਂ ਘਟਨਾਵਾਂ ਦੇ ਸੰਬੰਧ ’ਚ ਸਾਰੇ ਪਹਿਲੂਆਂ ਨੂੰ ਧਿਆਨ ’ਚ ਰੱਖਦੇ ਹੋਏ ਜ਼ਰੂਰੀ ਕਾਰਵਾਈ ਕਰ ਰਹੀ ਹੈ ਅਤੇ ਇਸ ਜਾਂਚ ’ਚ ਦੋਸ਼ੀ ਪਾਏ ਗਏ ਲੋਕਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ ਅਤੇ ਸਾਰੇ ਤੱਥਾਂ ਦੇ ਆਧਾਰ ’ਤੇ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉੱਤਰਾਖੰਡ ’ਚ ਤਿੰਨ ਪ੍ਰਮੁੱਖ ਪਵਿੱਤਰ ਅਸਥਾਨਾਂ ਹੇਮਕੁੰਟ ਸਾਹਿਬ, ਰੀਠਾ ਸਾਹਿਬ ਅਤੇ ਨਾਨਕਮਤਾ ਸਾਹਿਬ ਹਨ, ਜਿਥੇ ਹਰ ਸਾਲ ਵੱਡੀ ਗਿਣਤੀ ’ਚ ਸ਼ਰਧਾਲੂ ਆਉਂਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਰਿਆਂ ਦਾ ਸਤਿਕਾਰ ਕਰਨਾ ਦੇਵਭੂਮੀ ਉੱਤਰਾਖੰਡ ਦੀ ਸੱਭਿਆਚਾਰ ਅਤੇ ਪਰੰਪਰਾ ਦਾ ਇਕ ਅਨਿੱਖੜਵਾਂ ਅੰਗ ਹੈ। ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ’ਤੇ ਗੁੰਮਰਾਹਕੁੰਨ ਜਾਣਕਾਰੀ ਫੈਲਾਉਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਅਤੇ ਭਾਈਚਾਰਿਆਂ ਨੂੰ ਵੰਡਣ ਦੀ ਕੋਸ਼ਿਸ਼ ਨਾ ਕਰਨ। ਉਨ੍ਹਾਂ ਸਪੱਸ਼ਟ ਕੀਤਾ ਕਿ ਗੁੰਮਰਾਹਕੁੰਨ ਅਤੇ ਭੜਕਾਊ ਖ਼ਬਰਾਂ ਫੈਲਾਉਣ ਵਾਲਿਆਂ ਖਿਲ਼ਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਇਸ ਮੌਕੇ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ, ਮੁੱਖ ਸਕੱਤਰ ਆਨੰਦ ਬਰਧਨ ਅਤੇ ਵਧੀਕ ਮੁੱਖ ਸਕੱਤਰ ਆਰ. ਕੇ. ਸੁਧਾਂਸ਼ੂ, ਗ੍ਰਹਿ ਸਕੱਤਰ ਸ਼ੈਲੇਸ਼ ਬਗੌਲੀ, ਪੁਲਿਸ ਡਾਇਰੈਕਟਰ ਜਨਰਲ ਦੀਪਮ ਸੇਠ, ਸਕੱਤਰ ਵਿਨੈ ਸ਼ੰਕਰ ਪਾਂਡੇ, ਡੀ.ਜੀ. ਇੰਟੈਲੀਜੈਂਸ ਅਤੇ ਸੁਰੱਖਿਆ ਅਭਿਨਵ ਕੁਮਾਰ, ਆਈ. ਜੀ ਰਿਧੀਮ ਅਗਰਵਾਲ, ਵਧੀਕ ਸਕੱਤਰ ਬੰਸ਼ੀਧਰ ਤਿਵਾੜੀ ਅਤੇ ਵਧੀਕ ਸਕੱਤਰ ਤ੍ਰਪਤੀ ਭੱਟ ਹਾਜ਼ਰ ਸਨ।
ਸ੍ਰੀ ਹੇਮਕੁੰਟ ਸਾਹਿਬ ਯਾਤਰਾ ’ਚ ਸ਼ਰਧਾਲੂਆਂ ਦੀ ਸਹੂਲਤ ਤੇ ਸੁਰੱਖਿਆ ਸਭ ਤੋਂ ਵੱਡੀ ਤਰਜੀਹ-ਪੁਸ਼ਕਰ ਸਿੰਘ ਧਾਮੀ
ਅਜੀਤ ਡੈਸਕ
24-06-2026