07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਪੰਜਾਬ ਤੋਂ ਨਿਹੰਗ ਸਿੰਘਾਂ ਦਾ ਉੱਤਰਾਖੰਡ ਕੂਚ ਪੁਲਿਸ ਨੇ ਦੇਹਰਾਦੂਨ ਬਾਰਡਰ ’ਤੇ ਰੋਕਿਆ, ਬੈਰੀਕੇਡ ਤੋੜ ਕੇ ਅੱਗੇ ਵਧੇ

ਅਜੀਤ ਡੈਸਕ 26-06-2026
ਦੇਹਰਾਦੂਨ, 25 ਜੂਨ (ਏਜੰਸੀ)- ਉੱਤਰਾਖੰਡ ਦੇ ਦੇਹਰਾਦੂਨ ਵਿਖੇ ਨਿਹੰਗ ਸਿੰਘਾਂ ਵਲੋਂ ਹੇਮਕੁੰਟ ਸਾਹਿਬ ਵੱਲ ਕੂਚ ਨੂੰ ਲੈ ਕੇ ਪੁਲਿਸ ਨਾਲ ਟਕਰਾਅ ਦੀਆਂ ਖ਼ਬਰਾਂ ਹਨ। ਮੁਹਾਲੀ ਤੋਂ ਕਰਨਪ੍ਰਯਾਗ ਵੱਲ ਜਾ ਰਹੇ ਨਿਹੰਗ ਸਿੰਘਾਂ ਨੂੰ ਪਹਿਲਾਂ ਦੇਹਰਾਦੂਨ ਦੇ ਕੁਲਹਾਲ ਬਾਰਡਰ ’ਤੇ ਰੋਕਿਆ ਗਿਆ। ਉੱਤਰਾਖੰਡ ਪੁਲਿਸ ਵਲੋਂ ਬੈਰੀਕੇਡਿੰਗ ਕਰਕੇ ਨਿਹੰਗ ਸਿੰਘਾਂ ਦੇ ਜਥੇ ਨੂੰ ਰੋਕਣ ਦਾ ਯਤਨ ਕੀਤਾ ਗਿਆ, ਪਰ ਉਹ ਹੇਮਕੁੰਟ ਸਾਹਿਬ ਜਾਣ ਦੀ ਗੱਲ ’ਤੇ ਅੜੇ ਰਹੇ ਅਤੇ ਬੈਰੀਕੇਡਿੰਗ ਤੋੜ ਕੇ ਦੂਨ ਪਹੁੰਚ ਗਏ। ਚੰਡੀਗੜ੍ਹ ਤੋਂ ਕੁਝ ਹੋਰ ਨਿਹੰਗ ਸਿੰਘਾਂ ਦੇ ਉੱਤਰਾਖੰਡ ਵਲੋਂ ਕੂਚ ਕਰਨ ਦੀਆਂ ਵੀ ਖ਼ਬਰਾਂ ਹਨ। ਇਸ ਤੋਂ ਪਹਿਲਾਂ ਗੁਰਦੁਆਰਾ ਪਾਉਂਟਾ ਸਾਹਿਬ ’ਚ ਪ੍ਰਸ਼ਾਸਨ ਅਤੇ ਨਿਹੰਗ ਸਿੰਘਾਂ ਵਿਚਾਲੇ ਬੈਠਕ ਵੀ ਹੋਈ ਸੀ ਪਰ ਉਹ ਬੇਸਿੱਟਾ ਰਹੀ। ਜ਼ਿਕਰਯੋਗ ਹੈ ਕਿ ਨਿਹੰਗ ਸਿੰਘਾਂ ਦੇ ਵਿਕਾਸ ਨਗਰ ਦੇ ਰਸਤੇ ਉੱਤਰਾਖੰਡ ’ਚ ਦਾਖਲ ਹੋਣ ਦੀ ਸੂਚਨਾ ’ਤੇ ਪੁਲਿਸ ਸਵੇਰ ਤੋਂ ਹੀ ਅਲਰਟ ’ਤੇ ਸੀ। ਕੁਲਹਾਲ ਚੈੱਕ ਪੋਸਟ ਅਤੇ ਡਾਕਪੱਥਰ ਸਰਹੱਦ ਨੂੰ ਪੁਲਿਸ ਛਾਉਣੀ ’ਚ ਤਬਦੀਲ ਕਰ ਦਿੱਤਾ ਗਿਆ ਸੀ। ਪੁਲਿਸ ਦੇ ਨਾਲ ਇੰਡੋ-ਤਿੱਬਤਨ ਬਾਰਡਰ ਪੁਲਿਸ (ਆਈ.ਟੀ.ਬੀ.ਪੀ.) ਦੇ ਜਵਾਨ ਵੀ ਤਾਇਨਾਤ ਸਨ। ਚੈੱਕ ਪੋਸਟ ’ਤੇ ਬੈਰੀਕੇਡਿੰਗ ਕਰਕੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ’ਤੇ ਆਉਣ-ਜਾਣ ਵਾਲੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ। ਸ਼ਾਮ ਕਰੀਬ 5 ਵਜੇ ਨਿਹੰਗ ਸਿੰਘਾਂ ਦਾ ਜਥਾ ਪਾਉਂਟਾ ਸਾਹਿਬ ਪਹੁੰਚ ਗਿਆ। ਇਥੇ ਪ੍ਰਸ਼ਾਸਨ ਅਤੇ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਐਸ.ਡੀ.ਐਮ. ਵਿਨੋਦ ਕੁਮਾਰ, ਐਸ.ਪੀ. ਦਿਹਾਤੀ ਪੰਕਜ ਗੌਰਾਲਾ ਸਮੇਤ ਕਈ ਅਧਿਕਾਰੀ ਮੌਕੇ ’ਤੇ ਪਹੁੰਚੇ। ਐਸ.ਡੀ.ਐਮ. ਅਤੇ ਐਸ.ਪੀ. ਦਿਹਾਤੀ ਨੇ ਗੁਰਦੁਆਰੇ ’ਚ ਉਨ੍ਹਾਂ ਨਾਲ ਕਰੀਬ ਦੋ ਘੰਟੇ ਤੱਕ ਗੱਲਬਾਤ ਕੀਤੀ ਪਰ ਉਹ ਸਿਰੇ ਨਹੀਂ ਚੜ੍ਹ ਸਕੀ। ਸ਼ਾਮ ਕਰੀਬ 7 ਵਜੇ ਨਿਹੰਗ ਸਿੰਘ ਪਾਉਂਟਾ ਸਾਹਿਬ ਤੋਂ ਅੱਗੇ ਵੱਧਣ ਲੱਗੇ ਅਤੇ ਕਰੀਬ 7.30 ਵਜੇ ਉਹ ਕੁਲਹਾਲ ਚੈੱਕ ਪੋਸਟ ’ਤੇ ਪਹੁੰਚ ਗਏ। ਇਥੇ ਪੁਲਿਸ ਨੇ ਪਹਿਲਾਂ ਹੀ ਬੈਰੀਕੇਡਿੰਗ ਕੀਤੀ ਹੋਈ ਸੀ, ਪਰ ਨਿਹੰਗ ਸਿੰਘਾਂ ਦਾ ਕਹਿਣਾ ਸੀ ਕਿ ਉਹ ਹੇਮਕੁੰਟ ਸਾਹਿਬ ਦੀ ਯਾਤਰਾ ਪੂਰੀ ਕਰਨਗੇ। ਜਥੇ ਦੀ ਅਗਵਾਈ ਕਰ ਰਹੇ ਨਿਹੰਗ ਸਿੰਘ ਗਿਆਨੀ ਜਸਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮੰਗ ਹੈ ਕਿ 4 ਨਿਹੰਗ ਸਿੰਘਾਂ ’ਤੇ ਦਰਜ ਐਫ.ਆਈ.ਆਰ. ਨੂੰ ਵਾਪਸ ਲਿਆ ਜਾਵੇ।
ਇਸ ਮੌਕੇ ਨਿਹੰਗ ਸਿੰਘਾਂ ਨੇ ਕਿਹਾ ਕਿ ਜਦੋਂ ਤੱਕ ਕਰਨਪ੍ਰਯਾਗ ਘਟਨਾ ਸੰਬੰਧੀ ਗਿ੍ਫ਼ਤਾਰ ਕੀਤੇ ਗਏ ਚਾਰ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਪੰਜਾਬ ਵਾਪਸ ਨਹੀਂ ਜਾਣਗੇ। ਉਨ੍ਵਾਂ ਕਿਹਾ ਕਿ ਉਹ ਸ਼ਾਂਤੀਪੂਰਵਕ ਢੰਗ ਨਾਲ ਆਪਣੀ ਯਾਤਰਾ ਕਰਨੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸਥਾਨਕ ਲੋਕਾਂ ਨਾਲ ਹੋਏ ਵਿਵਾਦ ਨੂੰ ਟਕਰਾਅ ਦੀ ਬਜਾਏ ਸਮਝੌਤੇ ਨਾਲ ਸੁਲਝਾਉਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਉਦੋ ਤੱਕ ਉੱਤਰਾਖੰਡ ’ਚ ਹੀ ਰਹਾਂਗੇ ਜਦੋਂ ਤੱਕ ਉਨ੍ਹਾਂ ਦੇ ਸਾਥੀ ਰਿਹਾਅ ਨਹੀਂ ਹੋ ਜਾਂਦੇ ਅਤੇ ਉਨ੍ਹਾਂ ਦੇ ਨਾਲ ਵਾਪਸ ਪੰਜਾਬ ਨਹੀਂ ਜਾਂਦੇ। ਉਨ੍ਹਾਂ ਦਾਅਵਾ ਕੀਤਾ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਹਿਰਾਸਤ ’ਚ ਲਏ ਵਿਅਕਤੀਆਂ ਦੀ ਜ਼ਮਾਨਤ ਪ੍ਰਕਿਰਿਆ ਕੁੱਝ ਦਿਨਾਂ ’ਚ ਪੂਰੀ ਹੋ ਜਾਵੇਗੀ।
ਪਿਛਲੀ ਖ਼ਬਰ ਅਕਾਲ ਤਖ਼ਤ ਸਕੱਤਰੇਤ ਵਲੋਂ ਸਿੱਖ ਮੰਤਰੀਆਂ, ਵਿਧਾਇਕਾਂ ਤੇ ਸਪੀਕਰ ਨੂੰ 29 ਨੂੰ ਆਪਣਾ ਪੱਖ ਰੱਖਣ ਲਈ ਤਲਬ ਹੋਣ ਸੰਬੰਧੀ ਲਿਖ... ਅਗਲੀ ਖ਼ਬਰ ­ਭਾਰਤ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹੈ-ਮੋਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।