03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਨਸ਼ਿਆਂ ਖ਼ਿਲਾਫ਼ ਖੇਡਾਂ ਸਭ ਤੋਂ ਕਾਰਗਰ ਹਥਿਆਰ-ਮੁੱਖ ਮੰਤਰੀ

ਅਜੀਤ ਡੈਸਕ 27-06-2026
ਸਮਾਣਾ (ਪਟਿਆਲਾ), 26 ਜੂਨ (ਸਾਹਿਬ ਸਿੰਘ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਹਲਕਾ ਸਮਾਣਾ ਦੇ ਪਿੰਡ ਫਤਿਹਮਾਜਰੀ ਵਿਖੇ 12.5 ਕਰੋੜ ਰੁਪਏ ਦੀ ਲਾਗਤ ਨਾਲ 9 ਏਕੜ ’ਚ ਬਣਨ ਵਾਲੇ ਅਤਿ-ਆਧੁਨਿਕ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਰੱਖੜਾ ਨੇ ਸਮੂਹ ਸਮਾਣਾ ਵਾਸੀਆਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਕਰਤਾਰ ਵਿਲਾ ਰੱਖੜਾ ਵਿਖੇ ਮੁੱਖ ਮੰਤਰੀ ਪਾਸੋਂ ਸਮਾਣਾ ਦੇ ਸਰਬਪੱਖੀ ਵਿਕਾਸ ਲਈ ਰੱਖੀਆਂ ਗਈਆਂ ਮੰਗਾਂ ਵਿਚੋਂ ਆਧੁਨਿਕ ਸਟੇਡੀਅਮ ਇਕ ਅਹਿਮ ਮੰਗ ਸੀ, ਜਿਸ ਨੂੰ ਮੁੱਖ ਮੰਤਰੀ ਨੇ ਸਿਰਫ਼ 40 ਦਿਨਾਂ ਵਿਚ ਪ੍ਰਵਾਨ ਕਰਕੇ ਸਮਾਣਾ ਵਾਸੀਆਂ ਦਾ ਮਾਣ ਵਧਾਇਆ ਹੈ। ਇਸ ਮੌਕੇ ਮੁੱਖ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਫਤਿਹਮਾਜਰੀ ਵਿਖੇ 9 ਏਕੜ ਰਕਬੇ ਵਿਚ ਬਣਨ ਵਾਲਾ ਇਹ ਅਤਿ-ਆਧੁਨਿਕ ਸਟੇਡੀਅਮ ਅੰਤਰਰਾਸ਼ਟਰੀ ਪੱਧਰ ਦਾ ਹੋਵੇਗਾ, ਜੋ ਇਲਾਕੇ ਦੇ ਨੌਜਵਾਨਾਂ ਨੂੰ ਖੇਡਾਂ ਦੇ ਖੇਤਰ ਵਿਚ ਨਵੇਂ ਮੌਕੇ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ, ਇਸ ਲਈ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਮਾਨ ਸਰਕਾਰ ਵਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੂਬੇ ਦੇ 90 ਫ਼ੀਸਦੀ ਪਰਿਵਾਰਾਂ ਦੇ ਘਰੇਲੂ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ, ਕਿਸਾਨਾਂ ਨੂੰ ਖੇਤਾਂ ਲਈ ਨਿਰਵਿਘਨ ਦਿਨ ਸਮੇਂ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ, ਆਮ ਆਦਮੀ ਕਲੀਨਿਕਾਂ ਰਾਹੀਂ ਮੁਫ਼ਤ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ, 10 ਲੱਖ ਰੁਪਏ ਤੱਕ ਦੀ ਸਿਹਤ ਬੀਮਾ ਯੋਜਨਾ ਲਾਗੂ ਕੀਤੀ ਗਈ ਹੈ ਅਤੇ 1 ਜੁਲਾਈ ਤੋਂ ਮਾਵਾਂ-ਭੈਣਾਂ ਸਤਿਕਾਰ ਯੋਜਨਾ ਤਹਿਤ 1000-1500 ਰੁਪਏ ਦੀ ਰਾਸ਼ੀ ਵੀ ਬੈਂਕ ਖਾਤਿਆਂ ਵਿਚ ਭੇਜੀ ਜਾਵੇਗੀ। ਉਨ੍ਹਾਂ ਸੁਰਜੀਤ ਸਿੰਘ ਰੱਖੜਾ ਵਲੋਂ ਸਮਾਣਾ-ਪਟਿਆਲਾ ਚਹੁੰਮਾਰਗੀ ਸੜਕ ਦੇ ਨਿਰਮਾਣ ਦੀ ਦੁਹਰਾਈ ਮੰਗ ’ਤੇ ਜਵਾਬ ਦਿੰਦਿਆਂ ਕਿਹਾ ਕਿ ਇਸ ਸੜਕ ਦਾ ਨਿਰਮਾਣ ਵੀ ਜਲਦ ਸ਼ੁਰੂ ਕੀਤਾ ਜਾਵੇਗਾ। ਸ. ਰੱਖੜਾ ਨੇ ਕਿਹਾ ਕਿ ਮਾਨ ਸਰਕਾਰ ਦੀ ਅਗਵਾਈ ਹੇਠ ਹਲਕਾ ਸਮਾਣਾ ਵਿਕਾਸ ਦੀ ਨਵੀਂ ਦਿਸ਼ਾ ਵੱਲ ਅੱਗੇ ਵੱਧ ਰਿਹਾ ਹੈ। ਇਹ ਸਟੇਡੀਅਮ ਸਮਾਣਾ ਦੇ ਵਿਕਾਸ ਨੂੰ ਨਵੀਂ ਪਹਿਚਾਣ ਦੇਣ ਦੇ ਨਾਲ-ਨਾਲ ਨੌਜਵਾਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਕੇਂਦਰ ਬਣੇਗਾ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿਚ ਵੀ ਸਹਾਈ ਸਾਬਤ ਹੋਵੇਗਾ। ਇਸ ਮੌਕੇ ਚਰਨਜੀਤ ਸਿੰਘ ਧਾਲੀਵਾਲ, ਪ੍ਰੀਤ ਗਰੁੱਪ ਆਫ਼ ਕੰਪਨੀਜ਼ ਤੋਂ ਹਰੀ ਸਿੰਘ, ਸਰਪੰਚ ਗੁਰਮੁਖ ਸਿੰਘ, ਨਗਰ ਕੌਂਸਲ ਸਮਾਣਾ ਦੇ ਪ੍ਰਧਾਨ ਕਪੂਰ ਚੰਦ ਬਾਂਸਲ, ਸਾਬਕਾ ਚੇਅਰਮੈਨ ਜਸਪਾਲ ਕਲਿਆਣ, ਚੇਅਰਮੈਨ ਤਜਿੰਦਰ ਮਹਿਤਾ, ਹਲਕਾ ਸਮਾਣਾ ਦੇ ਸੰਗਠਨ ਇੰਚਾਰਜ ਐਡਵੋਕੇਟ ਗੁਲਜ਼ਾਰ ਸਿੰਘ ਵਿਰਕ, ਚੇਅਰਮੈਨ ਜਗਦੀਸ਼ ਬੱਗਾ, ਚੇਅਰਮੈਨ ਜੱਸੀ ਸੋਹੀਆਂ ਵਾਲਾ, ਪਾਰਟੀ ਅਹੁਦੇਦਾਰ, ਵੱਖ-ਵੱਖ ਪਿੰਡਾਂ ਤੋਂ ਪਹੁੰਚੀਆਂ ਪੰਚਾਇਤਾਂ, ਪਾਰਟੀ ਵਰਕਰ ਅਤੇ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਮੌਜੂਦ ਸਨ।
ਜਗਮੀਤ ਸਿੰਘ ਹਰਿਆਊ ਨੂੰ ਰੱਖਿਆ ਨਜ਼ਰਬੰਦ
ਮੁੱਖ ਮੰਤਰੀ ਦੀ ਫੇਰੀ ਦੇ ਮੱਦੇਨਜ਼ਰ ਸ਼ੋ੍ਮਣੀ ਅਕਾਲੀ ਦਲ (ਬ) ਦੇ ਹਲਕਾ ਮੁਖੀ ਜਗਮੀਤ ਸਿੰਘ ਹਰਿਆਊ ਨੂੰ ਪੁਲਿਸ ਨੇ ਉਨ੍ਹਾਂ ਦੇ ਦਫ਼ਤਰ ਵਿਚ ਹੀ ਨਜ਼ਰਬੰਦ ਰੱਖਿਆ। ਜਥੇਦਾਰ ਹਰਿਆਊ ਨੇ ਐਲਾਨ ਕੀਤਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਗਾਉਣ ਵਾਲੇ ਮੱਥੇ ਤਾਂ ਨਹੀਂ ਲੱਗਣਗੇ ਪਰ ਮੁੱਖ ਮੰਤਰੀ ਨੂੰ ਹਲਕੇ ਨਾਲ ਸੰਬੰਧਿਤ ਸਵਾਲ ਜ਼ਰੂਰ ਭੇਜੇ ਜਾਣਗੇ। ਉਨ੍ਹਾਂ ਮੁੱਖ ਮੰਤਰੀ ਤੋਂ ਪੁੱਛਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਸਮਾਣਾ ਦੇ ਵਿਸ਼ਾਲ ਸਟੇਡੀਅਮ ਦੀ ਅੱਜ ਤੱਕ ਸਾਰ ਕਿਉਂ ਨਹੀਂ ਲਈ ਗਈ, ਪਬਲਿਕ ਕਾਲਜ ਸਮਾਣਾ ਦੇ ਵੱਡੇ ਸਟੇਡੀਅਮ ਨੂੰ ਸਰਕਾਰ ਨੇ ਕਿਉਂ ਵਿਸਾਰ ਕੇ ਰੱਖਿਆ ਹੈ, ਪਟਿਆਲਾ-ਪਾਤੜਾਂ ਸੜਕ ਨੂੰ ਚਹੁੰਮਾਰਗੀ ਕਰਨ ਦਾ ਸਾਲ ਪਹਿਲਾਂ ਕੀਤਾ ਵਾਅਦਾ ਹੁਣ ਤੱਕ ਪੂਰਾ ਕਿਉਂ ਨਹੀਂ ਕੀਤਾ ਗਿਆ।
ਪਿਛਲੀ ਖ਼ਬਰ ਬੇਅਦਬੀਆਂ ਵਿਰੋਧੀ ਕਾਨੂੰਨ ਤੇ ਵੀਡੀਓ ਮਾਮਲੇ ਨੇ ਸੂਬੇ ਦੇ ਵਿਰੋਧੀ ਦਲਾਂ ਨੂੰ ਇਕ ਏਜੰਡੇ ’ਤੇ ਕੀਤਾ ਇਕਜੁੱਟ ਅਗਲੀ ਖ਼ਬਰ ਪੰਜਾਬ ਦੇ ਸਰਕਾਰੀ ਦਫ਼ਤਰ ਮੁੜ 9 ਤੋਂ 5 ਵਜੇ ਤੱਕ ਲੱਗਣਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।