03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਵਾਂਗਚੁਕ ਨੂੰ ਇਲਾਜ ਲਈ ਉਠਾਉਣਾ ਮਨਮਾਨੀ ਨਹੀਂ-ਦਿੱਲੀ ਹਾਈ ਕੋਰਟ

ਅਜੀਤ ਡੈਸਕ 20-07-2026

ਨਵੀਂ ਦਿੱਲੀ, 19 ਜੁਲਾਈ (ਉਪਮਾ ਡਾਗਾ ਪਾਰਥ)- ਦਿੱਲੀ ਹਾਈ ਕੋਰਟ ਨੇ ਹਸਪਤਾਲ ’ਚ ਦਾਖ਼ਲ ਸੋਨਮ ਵਾਂਗਚੁਕ ਦੀ ਪਤਨੀ ਗੀਤਾਂਜਲੀ ਅੰਗਮੋ ਦੀ ਵਾਂਗਚੁਕ ਨੂੰ ਪ੍ਰਾਈਵੇਟ ਹਸਪਤਾਲ ’ਚ ਤਬਦੀਲ ਕਰਨ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਸੋਨਮ ਵਾਂਗਚੁਕ ਦੀ ਵਿਗੜੀ ਸਿਹਤ ਨੂੰ ਵੇਖਦਿਆਂ ਸਰਕਾਰ ਦਾ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਨ ਦਾ ਫ਼ੈਸਲਾ ਉਚਿਤ ਸੀ। ਸੋਨਮ ਵਾਂਗਚੁਕ ਦੀ ਪਤਨੀ ਹੁਣ ਦਿੱਲੀ ਹਾਈ ਕੋਰਟ ਦੇ ਸਿੰਗਲ ਜੱਜ ਦੇ ਫ਼ੈਸਲੇ ਨੂੰ ਚੁਣੌਤੀ ਦੇਵੇਗੀ ਅਤੇ ਸੋਮਵਾਰ ਨੂੰ ਮਾਮਲੇ ਦਾ ਜ਼ਿਕਰ ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਅੱਗੇ ਕੀਤਾ ਜਾਵੇਗਾ। ਦਿੱਲੀ ਹਾਈ ਕੋਰਟ ਨੇ ਕਿਹਾ ਕਿ ਸਫਦਰਜੰਗ ਹਸਪਤਾਲ ’ਚ ਦਾਖ਼ਲ ਕਰਵਾਏ ਜਾਣ ਦੀ ਸਰਕਾਰ ਦੀ ਇਸ ਕਾਰਵਾਈ ਨੂੰ ਮਨਮਾਨੀ ਨਹੀਂ ਕਿਹਾ ਜਾ ਸਕਦਾ। ਦਿੱਲੀ ਹਾਈ ਕੋਰਟ ਨੇ ਕਿਹਾ ਕਿ ਵਾਂਗਚੁਕ ਨੂੰ ਉਹੀ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ’ਚ ਉਨ੍ਹਾਂ ਦੀ ਰਜ਼ਾਮੰਦੀ ਹੈ। ਅਦਾਲਤ ’ਚ ਸੁਣਵਾਈ ਦੌਰਾਨ ਸੀਨੀਅਰ ਐਡਵੋਕੇਟ ਕਪਿਲ ਸਿੱਬਲ ਨੇ ‘ਮੇਰਾ ਸਰੀਰ ਮੇਰੀ ਮਰਜ਼ੀ’ ਵਾਲੀ ਦਲੀਲ ਦਿੰਦਿਆਂ ਕਿਹਾ ਕਿ ਸੋਨਮ ਵਾਂਗਚੁਕ ਨੂੰ ਅਧਿਕਾਰ ਹੈ ਕਿ ਉਹ ਕਿਸ ਡਾਕਟਰ ਤੇ ਕਿਸ ਹਸਪਤਾਲ ਦੀ ਨਿਗਰਾਨੀ ’ਚ ਰਹਿਣਾ ਚਾਹੁੰਦੇ ਹਨ, ਜਿਸ ’ਤੇ ਸਰਕਾਰ ਨੇ ਪੱਖ ਰੱਖਦਿਆਂ ਕਿਹਾ ਕਿ ਸੋਨਮ ਵਾਂਗਚੁਕ ਲਈ ਸਾਰੀਆਂ ਸੁਵਿਧਾਵਾਂ ਸਫਦਰਜੰਗ ਹਸਪਤਾਲ ’ਚ ਵੀ ਹਨ। ਕੇਂਦਰ ਨੇ ਇਹ ਵੀ ਦਲੀਲ ਦਿੱਤੀ ਕਿ ਰਾਸ਼ਟਰਪਤੀ ਦਾ ਇਲਾਜ ਵੀ ਸਰਕਾਰੀ ਹਸਪਤਾਲ ’ਚ ਹੁੰਦਾ ਹੈ। ਅਜਿਹੇ ’ਚ ਪ੍ਰਾਈਵੇਟ ਹਸਪਤਾਲ ’ਚ ਤਬਦੀਲ ਕਰਨ ਦੀ ਮੰਗ ਸਹੀ ਨਹੀਂ ਹੈ। ਅਦਾਲਤ ਨੇ ਕੇਂਦਰ ਅਤੇ ਦਿੱਲੀ ਸਰਕਾਰ ਦੇ ਨਾਲ ਪੁਲਿਸ ਨੂੰ ਵੀ 3 ਦਿਨਾਂ ’ਚ ਜਵਾਬ ਦੇਣ ਨੂੰ ਕਿਹਾ ਹੈ। ਮਾਮਲੇ ਦੀ ਅਗਲੀ ਸੁਣਵਾਈ 24 ਜੁਲਾਈ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਵਾਂਗਚੁਕ ਦੀ ਪਤਨੀ ਨੇ ਅਦਾਲਤ ਦਾ ਰੁਖ਼ ਕਰਦਿਆਂ ਕਿਹਾ ਸੀ ਕਿ ਸਫਦਰਜੰਗ ਹਸਪਤਾਲ ਤੋਂ ਉਨ੍ਹਾਂ ਦਾ ਵਿਸ਼ਵਾਸ ਉਠ ਗਿਆ ਹੈ ਅਤੇ ਉਹ ਸੋਨਮ ਨੂੰ ਕਿਸੇ ਪ੍ਰਾਈਵੇਟ ਹਸਪਤਾਲ ’ਚ ਤਬਦੀਲ ਕਰਵਾਉਣਾ ਚਾਹੁੰਦੇ ਹਨ। ਜਸਟਿਸ ਮਿੰਨੀ ਪੁਸ਼ਕਰਨਾ ਨੇ ਐਤਵਾਰ ਨੂੰ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਇਸ ਵੇਲੇ ਸੋਨਮ ਵਾਂਗਚੁਕ ਨੂੰ ਪ੍ਰਾਈਵੇਟ ਹਸਪਤਾਲ ’ਚ ਤਬਦੀਲ ਕਰਨ ਸੰਬੰਧੀ ਉਨ੍ਹਾਂ ਦੀ ਪਤਨੀ ਦੀ ਪਟੀਸ਼ਨ ’ਤੇ ਕਿਸੇ ਅੰਤਰਿਮ ਆਦੇਸ਼ ਦੀ ਲੋੜ ਨਹੀਂ ਹੈ। ਹੁਣ ਗੀਤਾਂਜਲੀ ਹਾਈ ਕੋਰਟ ਦੀ ਸਿੰਗਲ ਬੈਂਚ ਦੇ ਆਦੇਸ਼ ਨੂੰ ਡਬਲ ਬੈਂਚ ਅੱਗੇ ਚੁਣੌਤੀ ਦੇਵੇਗੀ।

ਪਿਛਲੀ ਖ਼ਬਰ 2 ਸਾਲਾਂ ’ਚ ਰਾਜ ਸਭਾ ਮੈਂਬਰਾਂ ਨੇ 262 ਕਰੋੜ ਖਰਚ ਕੀਤੇ-ਆਰ.ਟੀ.ਆਈ. ’ਚ ਖੁਲਾਸਾ ਅਗਲੀ ਖ਼ਬਰ ਅਗਲੇ ਕੁਝ ਦਿਨਾਂ ’ਚ ਭਾਰੀ ਮੀਂਹ ਪੈਣ ਦੀ ਸੰਭਾਵਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।