03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਵਾਂਗਚੁਕ ਨੇ ਸੰਸਦ ਮਾਰਚ ਨੂੰ ਭਾਰਤ ਦਾ ਦੂਜਾ ਸੁਤੰਤਰਤਾ ਅੰਦੋਲਨ ਦੱਸਦਿਆਂ ਸਫ਼ਲ ਕਰਨ ਦੀ ਕੀਤੀ ਅਪੀਲ

ਅਜੀਤ ਡੈਸਕ 20-07-2026

ਨਵੀਂ ਦਿੱਲੀ, 19 ਜੁਲਾਈ (ਉਪਮਾ ਡਾਗਾ ਪਾਰਥ)- ਸਮਾਜਿਕ ਕਾਰਕੁੰਨ ਸੋਨਮ ਵਾਂਗਚੁਕ ਨੇ 20 ਜੁਲਾਈ ਨੂੰ ਪ੍ਰਸਤਾਵਿਤ ਸੰਸਦ ਮਾਰਚ ਨੂੰ ਆਜ਼ਾਦੀ ਦਾ ਦੂਜਾ ਅੰਦੋਲਨ ਕਰਾਰ ਦਿੰਦਿਆਂ ਆਪਣੇ ਸਮਰਥਕਾਂ ਨੂੰ ਇਸ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ। ਵਾਂਗਚੁਕ ਨੇ ਆਪਣੀ ਪਤਨੀ ਗੀਤਾਂਜਲੀ ਦੇ ਰਾਹੀਂ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਉਕਤ ਸੰਦੇਸ਼ ਜਾਰੀ ਕੀਤਾ। ਸੋਨਮ ਵਾਂਗਚੁਕ ਨੇ ਲਿਖਿਆ ਕਿ 20 ਜੁਲਾਈ ਨੂੰ ਆਜ਼ਾਦੀ ਦਾ ਦੂਜਾ ਅੰਦੋਲਨ, ਡਰ ਮੁਕਤ ਭਾਰਤ, ਅਨਿਆਂ ਮੁਕਤ ਭਾਰਤ, ਪੇਪਰ ਲੀਕ ਜਿਹੇ ਅਨਿਆਂ ਤੋਂ ਆਜ਼ਾਦੀ ਅਤੇ ਉਨ੍ਹਾਂ ਦੇ ਗ਼ੈਰ-ਕਾਨੂੰਨੀ ਹਿਰਾਸਤ ਜਿਹੇ ਡਰ ਤੋਂ ਆਜ਼ਾਦੀ। ਉਨ੍ਹਾਂ ਸੰਸਦ ਮਾਰਚ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ। ਹਾਲਾਂਕਿ ਦਿੱਲੀ ਪੁਲਿਸ ਨੇ ਵੀ ਅੰਦੋਲਨ ਦੇ ਮੱਦੇਨਜ਼ਰ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਹੈ। ਹਾਸਿਲ ਜਾਣਕਾਰੀ ਮੁਤਾਬਿਕ ਜੰਤਰ ਮੰਤਰ ਦੇ ਆਸਪਾਸ 100 ਤੋਂ ਵੱਧ ਜਵਾਨਾਂ ਅਤੇ ਰੈਪਿਡ ਐਕਸ਼ਨ ਫੋਰਸ ਦੀਆਂ ਟੁਕੜੀਆਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਕਾਕਰੋਚ ਜਨਤਾ ਪਾਰਟੀ ਨੂੰ ਸੰਸਦ ਤੱਕ ਮਾਰਚ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ, ਕਿਉਂਕਿ ਇਸ ਨਾਲ ਰਾਜਧਾਨੀ ਦੇ ਸਭ ਤੋਂ ਸੰਵੇਦਨਸ਼ੀਲ ਸੁਰੱਖਿਆ ਖੇਤਰਾਂ ’ਚ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ। ਉਨ੍ਹਾਂ ਕਿਹਾ ਕਿ ਸੰਸਦ ਵੱਲ ਵਧਣ ਵਾਲੀ ਕੋਈ ਵੀ ਵੱਡੀ ਭੀੜ ਜਨਤਕ ਸੁਰੱਖਿਆ ਲਈ ਖ਼ਤਰਾ ਪੈਦਾ ਕਰ ਸਕਦੀ ਹੈ ਅਤੇ ਕੇਂਦਰੀ ਦਿੱਲੀ ’ਚ ਟ੍ਰੈਫ਼ਿਕ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀ ਹੈ। ਪੁਲਿਸ ਨੇ ਇਹ ਵੀ ਕਿਹਾ ਕਿ ਜੇਕਰ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਘੇਰਾ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਹਿਰਾਸਤ ’ਚ ਲਿਆ ਜਾ ਸਕਦਾ ਹੈ।
ਫਾਰੁਖ਼ ਅਬਦੁੱਲਾ ਨੇ ਹਸਪਤਾਲ ’ਚ ਕੀਤੀ ਵਾਂਗਚੁਕ ਨਾਲ ਮੁਲਾਕਾਤ
ਨੈਸ਼ਨਲ ਕਾਨਫ਼ਰੰਸ ਦੇ ਮੁਖੀ ਫਾਰੁਖ਼ ਅਬਦੁੱਲਾ ਨੇ ਐਤਵਾਰ ਨੂੰ ਸਫਦਰਜੰਗ ਹਸਪਤਾਲ ’ਚ ਸੋਨਮ ਵਾਂਗਚੁਕ ਨਾਲ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀ ਜੰਮੂ ਕਸ਼ਮੀਰ ਨੂੰ ਸੂਬੇ ਦਾ ਦਰਜਾ ਮੁੜ ਬਹਾਲ ਕਰਨ ਲਈ ਜੰਤਰ ਮੰਤਰ ਤੋਂ ਸੰਸਦ ਤੱਕ ਮਾਰਚ ਦਾ ਸੱਦਾ ਦਿੱਤਾ ਹੈ।
ਮਨੀਸ਼ ਸਿਸੋਦੀਆ ਪਹੁੰਚੇ ਜੰਤਰ ਮੰਤਰ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਜੰਤਰ ਮੰਤਰ ਪਹੁੰਚ ਕੇ ਸੀ.ਜੇ.ਪੀ. ਦੇ ਪ੍ਰਦਰਸ਼ਨ ਦਾ ਸਮਰਥਨ ਕਰਦਿਆਂ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਹਟਾਉਣ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਪ੍ਰਦਰਸ਼ਨਕਾਰੀ ਕਿਸੇ ਪਾਰਟੀ ਦੇ ਸਮਰਥਕ ਨਹੀਂ, ਸਗੋਂ ਆਪਣੇ ਬੱਚਿਆਂ ਅਤੇ ਇਸ ਦੇਸ਼ ਦੇ ਸਮਰਥਕ ਹਨ।
ਸ਼ਬਾਨਾ ਆਜ਼ਮੀ ਵੀ ਪਹੁੰਚੀ
ਫ਼ਿਲਮ ਅਦਾਕਾਰਾ ਸ਼ਬਾਨਾ ਆਜ਼ਮੀ ਵੀ ਐਤਵਾਰ ਨੂੰ ਪ੍ਰਦਰਸ਼ਨ ਦੀ ਹਮਾਇਤ ਕਰਨ ਲਈ ਜੰਤਰ ਮੰਤਰ ਪਹੁੰਚੇ। ਉਨ੍ਹਾਂ ਕਿਹਾ ਕਿ ਉਹ ਨੌਜਵਾਨਾਂ ਦਾ ਸਮਰਥਨ ਕਰਨ ਆਏ ਹਨ।

ਪਿਛਲੀ ਖ਼ਬਰ ਨੀਟ ਦੀ ਮੁੜ ਪ੍ਰੀਖਿਆ ਦੇ ਨਤੀਜਿਆਂ ’ਚ ਵੀ ਭਾਰੀ ਗੜਬੜੀ, ਬੱਚੇ ਜਾਣ ਤਾਂ ਜਾਣ ਕਿੱਥੇ?–ਕੇਜਰੀਵਾਲ ਅਗਲੀ ਖ਼ਬਰ ਅਮਰੀਕੀ ਸੈਨਿਕਾਂ ਦੀਆਂ ਮੌਤਾਂ ਦਾ ਅੰਕੜਾ 16 ’ਤੇ ਪੁੱਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।