ਨਵੀਂ ਦਿੱਲੀ, 26 ਜੁਲਾਈ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਐਲਾਨ ਕੀਤਾ ਹੈ ਕਿ ਐਨ.ਟੀ.ਏ. ਵਲੋਂ ਕਰਵਾਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਵਿਚ ਸੁਧਾਰਾਂ ਲਈ ਇੱਕ ਉੱਚ-ਪੱਧਰੀ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ, ਜਿਸ ਦੀ ਅਗਵਾਈ ਇਨਫੋਸਿਸ ਦੇ ਸਹਿ-ਸੰਸਥਾਪਕ ਨੰਦਨ ਨਿਲੇਕਨੀ ਕਰਨਗੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਜਾਰੀ ਕੀਤੇ ਇੱਕ ਵੀਡੀਓ ਸੰਦੇਸ਼ ਵਿਚ ਕਿਹਾ ਕਿ ਇਹ ਟਾਸਕ ਫੋਰਸ ਪ੍ਰੀਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਅਤੇ ਪਾਰਦਰਸ਼ੀ ਬਣਾਉਣ ਲਈ ਤਕਨਾਲੋਜੀ ਦੇ ਵੱਧ ਤੋਂ ਵੱਧ ਉਪਯੋਗ ਬਾਰੇ ਸੁਝਾਅ ਦੇਵੇਗੀ । ਇਸ ਟਾਸਕ ਫੋਰਸ ਵਿਚ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਦਾ ਇੱਕ ਬਹੁ-ਵਿਭਾਗੀ ਸਮੂਹ ਸ਼ਾਮਿਲ ਹੋਵੇਗਾ। ਨੰਦਨ ਨਿਲੇਕਨੀ ਤੋਂ ਇਲਾਵਾ ਇਸ ਦੇ ਹੋਰ ਮੈਂਬਰਾਂ ਵਿਚ ਇਸਰੋ ਦੇ ਸਾਬਕਾ ਚੇਅਰਮੈਨ ਐੱਸ. ਸੋਮਨਾਥ, ਇੰਟੈਲੀਜੈਂਸ ਬਿਊਰੋ ਦੇ ਸਾਬਕਾ ਡਾਇਰੈਕਟਰ ਤਪਨ ਡੇਕਾ, ਆਈ.ਆਈ.ਟੀ. ਚੇਨਈ ਦੇ ਡਾਇਰੈਕਟਰ ਵੀ. ਕਾਮਾਕੋਟੀ, ਸਾਬਕਾ ਸਿੱਖਿਆ ਸਕੱਤਰ ਅਨੀਤਾ ਕਰਵਾਲ ਅਤੇ ਲੋਜਿਸਟਿਕਸ ਮਾਹਿਰ ਅਮ੍ਰਿਤ ਲਾਲ ਮੀਨਾ ਸ਼ਾਮਿਲ ਹਨ । ਪ੍ਰਧਾਨ ਮੰਤਰੀ ਦਾ ਇਹ ਐਲਾਨ ਉਸ ਸਮੇਂ ਆਇਆ ਹੈ ਜਦੋਂ ਇੱਕ ਦਿਨ ਪਹਿਲਾਂ ਕਾਕਰੋਚ ਜਨਤਾ ਪਾਰਟੀ ਦੀ ਅਗਵਾਈ ਹੇਠ ਚੱਲਿਆ 36 ਦਿਨਾਂ ਦਾ ਅੰਦੋਲਨ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਨਾਲ ਸਮਾਪਤ ਹੋਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਟਾਸਕ ਫੋਰਸ ਦੇ ਸੁਝਾਵਾਂ ’ਤੇ ਕੰਮ ਕਰੇਗੀ ਤਾਂ ਜੋ ਇੱਕ ਪੂਰੀ ਤਰ੍ਹਾਂ ਭਰੋਸੇਯੋਗ ਅਤੇ ਨਿਰਵਿਘਨ ਪ੍ਰੀਖਿਆ ਪ੍ਰਣਾਲੀ ਸਥਾਪਤ ਕੀਤੀ ਜਾ ਸਕੇ।
ਪ੍ਰਧਾਨ ਮੰਤਰੀ ਵਲੋਂ ਪ੍ਰੀਖਿਆ ਸੁਧਾਰਾਂ ਲਈ ਉੱਚ ਤਾਕਤੀ ਟਾਸਕ ਫੋਰਸ ਬਣਾਉਣ ਦਾ ਐਲਾਨ
ਅਜੀਤ ਡੈਸਕ
27-07-2026