02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਅੰਮ੍ਰਿਤਸਰ ਹਵਾਈ ਅੱਡੇ ਤੋਂ ਏਅਰ ਇੰਡੀਆ ਦੀ ਈਜ਼ੀ ਕੁਨੈਕਟ ਹੱਬ ਐਂਡ ਸਪੋਕ ਹਵਾਈ ਸੇਵਾ ਸ਼ੁਰੂ

ਅਜੀਤ ਡੈਸਕ 29-07-2026

ਅਜਨਾਲਾ/ਰਾਜਾਸਾਂਸੀ, 28 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਭਾਰਤ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸਕੱਤਰ ਸਮੀਰ ਕੁਮਾਰ ਸਿਨਹਾ ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਏਅਰ ਇੰਡੀਆ ਦੀ ਈਜ਼ੀ ਕੁਨੈਕਟ ਹੱਬ ਐਂਡ ਸਪੋਕ ਮਾਡਲ ਹਵਾਈ ਸੇਵਾ ਦਾ ਰਸਮੀ ਤੌਰ ‘ਤੇ ਬਟਨ ਦਬਾ ਕੇ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਪਹਿਲੇ ਚਾਰ ਯਾਤਰੀਆਂ ਨੂੰ ਯਾਦਗਾਰੀ ਬੋਰਡਿੰਗ ਪਾਸ ਵੀ ਭੇਟ ਕੀਤੇ ਗਏ। ਇਹ ਉਦਘਾਟਨ ਪਹਿਲਾਂ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕਿੰਜਾਰਾਪੂ ਰਾਮਮੋਹਨ ਨਾਇਡੂ ਨੇ ਕਰਨਾ ਸੀ, ਪਰ ਦਿੱਲੀ ਵਿਖੇ ਐੱਨ.ਡੀ.ਏ. ਦੀ ਮਹੱਤਵਪੂਰਨ ਮੀਟਿੰਗ ਹੋਣ ਕਾਰਨ ਉਨ੍ਹਾਂ ਦਾ ਅੰਮ੍ਰਿਤਸਰ ਦੌਰਾ ਰੱਦ ਹੋ ਗਿਆ। ਹਾਲਾਂਕਿ ਸਮਾਗਮ ਦੌਰਾਨ ਵੀਡੀਓ ਸੰਦੇਸ਼ ਰਾਹੀਂ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਕਿੰਜਾਰਾਪੂ ਰਾਮਮੋਹਨ ਨਾਇਡੂ ਨੇ ਕਿਹਾ ਕਿ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਦੀ ਪਾਵਨ ਨਗਰੀ ਹੋਣ ਕਰਕੇ ਹਰ ਸਾਲ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਤੇ ਸੈਲਾਨੀ ਇੱਥੇ ਆਉਂਦੇ ਹਨ। ਇਸ ਨਵੀਂ ਹਵਾਈ ਕੁਨੈਕਟੀਵਿਟੀ ਨਾਲ ਧਾਰਮਿਕ ਸੈਰ-ਸਪਾਟੇ, ਵਪਾਰ, ਉਦਯੋਗ ਤੇ ਨਿਵੇਸ਼ ਨੂੰ ਵੱਡਾ ਹੁਲਾਰਾ ਮਿਲੇਗਾ ਤੇ ਪੰਜਾਬ ਦੀ ਆਰਥਿਕਤਾ ਨੂੰ ਵੀ ਮਜ਼ਬੂਤੀ ਪ੍ਰਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਸਿਰਫ਼ ਇਕ ਸ਼ਹਿਰ ਨਹੀਂ, ਸਗੋਂ ਇਕ ਭਾਵਨਾ ਹੈ। ਇਸ ਸ਼ਹਿਰ ਦਾ ਹਰ ਕੋਨਾ ਇਤਿਹਾਸ ਦੀ ਗਵਾਹੀ ਦਿੰਦਾ ਹੈ, ਹਰ ਕਦਮ ’ਤੇ ਵਿਰਾਸਤ ਵੱਸਦੀ ਹੈ ਤੇ ਹਰ ਚਿਹਰੇ ’ਤੇ ਆਪਣਾਪਨ ਤੇ ਪਿਆਰ ਝਲਕਦਾ ਹੈ। ਅੰਮ੍ਰਿਤਸਰ ਸੇਵਾ, ਸਮਰਪਣ ਤੇ ਮਨੁੱਖਤਾ ਦੀ ਜਿਉਂਦੀ-ਜਾਗਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਭਾਵੇਂ ਉਹ ਆਂਧਰਾ ਪ੍ਰਦੇਸ਼ ਤੋਂ ਹਨ, ਪਰ ਪੰਜਾਬੀ ਖਾਣਾ, ਪੰਜਾਬੀ ਗੀਤ ਤੇ ਪੰਜਾਬੀਆਂ ਦੀ ਮਹਿਮਾਨ-ਨਿਵਾਜ਼ੀ ਨੇ ਉਨ੍ਹਾਂ ਨੂੰ ਹਮੇਸ਼ਾ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਧਾਰਮਿਕ, ਸੱਭਿਆਚਾਰਕ ਤੇ ਇਤਿਹਾਸਕ ਮਹੱਤਵ ਨੂੰ ਹੋਰ ਮਜ਼ਬੂਤ ਕਰਨ ਤੇ ਪੰਜਾਬ ਨੂੰ ਦੁਨੀਆ ਨਾਲ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਜੋੜਨ ਲਈ ਅੰਮ੍ਰਿਤਸਰ ਹਵਾਈ ਅੱਡੇ ਤੋਂ ਈਜ਼ੀ ਕੁਨੈਕਟ ਹੱਬ ਐਂਡ ਸਪੋਕ ਮਾਡਲ ਹਵਾਈ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ਅੱਜ ਤੋਂ ਅੰਮ੍ਰਿਤਸਰ ਤੋਂ ਰੋਜ਼ਾਨਾ ਏਅਰ ਇੰਡੀਆ ਦੀਆਂ ਦੋ ਉਡਾਣਾਂ ਸ਼ੁਰੂ ਹੋ ਰਹੀਆਂ ਹਨ, ਜਿਨ੍ਹਾਂ ਰਾਹੀਂ ਯਾਤਰੀਆਂ ਨੂੰ ਦੇਸ਼ ਦੇ ਪ੍ਰਮੁੱਖ ਹੱਬ ਨਾਲ ਨਿਰਵਿਘਨ ਸੰਪਰਕ ਮਿਲੇਗਾ। ਉਨ੍ਹਾਂ ਦੱਸਿਆ ਕਿ ਇਸ ਨਾਲ ਅੰਮ੍ਰਿਤਸਰ ਤੋਂ ਉੱਤਰੀ ਅਮਰੀਕਾ, ਯੂਨਾਈਟਿਡ ਕਿੰਗਡਮ, ਯੂਰਪ, ਆਸਟ੍ਰੇਲੀਆ ਸਮੇਤ ਦੁਨੀਆ ਦੇ 27 ਅੰਤਰਰਾਸ਼ਟਰੀ ਗੰਤੀਸਥਾਨਾਂ ਤੱਕ ਇਕੋ ਟਿਕਟ ‘ਤੇ ਸੁਵਿਧਾਜਨਕ ਯਾਤਰਾ ਸੰਭਵ ਹੋਵੇਗੀ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਪਹਿਲ ਸੈਰ-ਸਪਾਟੇ, ਵਪਾਰ, ਨਿਵੇਸ਼ ਤੇ ਰੁਜ਼ਗਾਰ ਨੂੰ ਨਵੀਂ ਰਫ਼ਤਾਰ ਦੇਣ ਦੇ ਨਾਲ-ਨਾਲ ਪੰਜਾਬ ਤੇ ਦੇਸ਼ ਦੀ ਆਰਥਿਕ ਤਰੱਕੀ ’ਚ ਵੀ ਮਹੱਤਵਪੂਰਨ ਯੋਗਦਾਨ ਪਾਵੇਗੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸਕੱਤਰ ਸਮੀਰ ਕੁਮਾਰ ਸਿਨਹਾ ਨੇ ਕਿਹਾ ਕਿ ਏਅਰ ਇੰਡੀਆ ਅੰਮ੍ਰਿਤਸਰ ਤੋਂ ਦਿੱਲੀ ਲਈ ਰੋਜ਼ਾਨਾ ਦੋ ਉਡਾਣਾਂ ਚਲਾਏਗੀ। ਉਨ੍ਹਾਂ ਦੱਸਿਆ ਕਿ ਏਅਰ ਇੰਡੀਆ ਦੀ ਉਡਾਣ ਨੰਬਰ ਏ ਆਈ -1113 ਸਵੇਰੇ 9:10 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ 10:40 ਵਜੇ ਦਿੱਲੀ ਪਹੁੰਚੇਗੀ। ਦੂਜੀ ਉਡਾਣ ਏ. ਆਈ -1115 ਰਾਤ 10:00 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ 11:20 ਵਜੇ ਦਿੱਲੀ ਪਹੁੰਚੇਗੀ। ਇਸ ਰਾਹੀਂ ਯਾਤਰੀ ਨਿਊਯਾਰਕ, ਨੇਵਾਰਕ, ਸਾਨ ਫਰਾਂਸਿਸਕੋ, ਸ਼ਿਕਾਗੋ, ਟੋਰਾਂਟੋ, ਵੈਨਕੂਵਰ, ਮੈਲਬੋਰਨ, ਸਿਡਨੀ, ਸਿੰਗਾਪੁਰ, ਫੂਕੇਟ, ਬਾਲੀ ਅਤੇ ਦੁਬਈ ਸਮੇਤ ਕਈ ਅੰਤਰਰਾਸ਼ਟਰੀ ਗੰਤੀਸਥਾਨਾਂ ਤੱਕ ਨਿਰਵਿਘਨ ਯਾਤਰਾ ਕਰ ਸਕਣਗੇ। ਇਸ ਮੌਕੇ ਏਅਰ ਇੰਡੀਆ ਦੇ ਗਰੁੱਪ ਹੈੱਡ ਪੀ. ਬਾਲਾਜੀ, ਹਵਾਬਾਜ਼ੀ ਮੰਤਰਾਲੇ ਦੇ ਵਧੀਕ ਸਕੱਤਰ ਪੁਨੀਤ ਕਾਂਸਲ, ਏਅਰਪੋਰਟਸ ਅਥਾਰਿਟੀ ਆਫ਼ ਇੰਡੀਆ ਦੇ ਚੇਅਰਮੈਨ ਵਿਪਿਨ ਕੁਮਾਰ, ਹਵਾਈ ਅੱਡੇ ਦੇ ਡਾਇਰੈਕਟਰ ਆਰ.ਕੇ ਸ਼ਰਮਾ, ਮੁੱਖ ਸੁਰੱਖਿਆ ਅਫ਼ਸਰ ਵਰੁਣਪ੍ਰਤਾਪ ਸਿੰਘ ਤੇ ਹੋਰ ਉੱਚ ਅਧਿਕਾਰੀ ਵੀ ਹਾਜ਼ਰ ਸਨ।

ਪਿਛਲੀ ਖ਼ਬਰ ਪਿਛਲੇ ਸਾਢੇ ਚਾਰ ਸਾਲਾਂ ’ਚ ਪੰਜਾਬ ’ਚ ਇਕ ਵੀ ਪੇਪਰ ਲੀਕ ਨਹੀਂ ਹੋਇਆ- ਭਗਵੰਤ ਮਾਨ ਅਗਲੀ ਖ਼ਬਰ ਸੀ.ਜੇ.ਪੀ. ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕਾਰਵਾਈ ’ਤੇ ਸੁਪਰੀਮ ਕੋਰਟ ਨੇ ਲਾਈ ਰੋਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।