02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਪਾਕਿ ਮਕਬੂਜ਼ਾ ਕਸ਼ਮੀਰ ’ਚ ਕਤਲੇਆਮ ਕਰਨ ਦੀ ਕਰ ਰਿਹਾ ਤਿਆਰੀ

ਅਜੀਤ ਡੈਸਕ 31-07-2026

ਸੁਰਿੰਦਰ ਕੋਛੜ
ਅੰਮ੍ਰਿਤਸਰ, 30 ਜੁਲਾਈ -ਪਾਕਿਸਤਾਨ ਨੇ ਆਪਣੇ ਰਾਜਨੀਤਿਕ ਤੇ ਸੰਵਿਧਾਨਕ ਅਧਿਕਾਰਾਂ ਦੀ ਮੰਗ ਕਰਦੇ ਹੋਏ ਪਾਕਿਸਤਾਨੀ ਕਬਜ਼ੇ ਵਾਲੇ ਜੰਮੂ-ਕਸ਼ਮੀਰ (ਪੀ. ਓ. ਕੇ.) ’ਚ ਸੰਯੁਕਤ ਅਵਾਮੀ ਐਕਸ਼ਨ ਕਮੇਟੀ (ਜੇ. ਏ. ਏ. ਸੀ.) ਦੇ ਬੈਨਰ ਹੇਠ ਪ੍ਰਦਰਸ਼ਨ ਕਰ ਰਹੇ ਨਾਗਰਿਕਾਂ ਦਾ ਕਤਲੇਆਮ ਕਰਨ ਦੀ ਇਕ ਵੱਡੀ ਸਾਜਿਸ਼ ਰਚੀ ਹੈ। ਮਕਬੂਜ਼ਾ ਕਸ਼ਮੀਰ ਦੇ ਗ੍ਰਹਿ ਵਿਭਾਗ ਦੇ ਸਕੱਤਰ ਨੇ ਖੇਤਰ ’ਚ ਵਿਗੜਦੀ ਸੁਰੱਖਿਆ ਸਥਿਤੀ ਦਾ ਹਵਾਲਾ ਦਿੰਦੇ ਹੋਏ ਕਾਨੂੰਨ ਵਿਵਸਥਾ ਅਤੇ ਸ਼ਾਂਤੀ ਬਣਾਈ ਰੱਖਣ ਲਈ ਪੀ. ਓ. ਕੇ. ’ਚ ਮੋਬਾਈਲ ਡਾਟਾ ਅਤੇ ਬ੍ਰਾਡਬੈਂਡ (ਵਾਈ-ਫਾਈ) ਇੰਟਰਨੈੱਟ ਸੇਵਾਵਾਂ ਨੂੰ 5 ਅਗਸਤ ਤੱਕ ਮੁਅੱਤਲ ਕਰਨ ਬਾਰੇ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ । ਸੁਰੱਖਿਆ ਮਾਮਲਿਆਂ ਦੇ ਜਾਣਕਾਰਾਂ ਦਾ ਦਾਅਵਾ ਹੈ ਕਿ ਇਸ ਕਾਰਵਾਈ ਨੇ ਖੇਤਰ ਨੂੰ ਬਾਕੀ ਦੁਨੀਆ ਤੋਂ ਲਗਭਗ ਕੱਟ ਦਿੱਤਾ ਹੈ । ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਇਨ੍ਹਾਂ ਪਾਬੰਦੀਆਂ ਨੂੰ ਅਣਮਿਥੇ ਸਮੇਂ ਲਈ ਵਧਾਉਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਜਾਣਕਾਰਾਂ ਨੇ ਇਸ ਬਾਰੇ ਸੰਭਾਵਨਾ ਪ੍ਰਗਟ ਕਰਦਿਆਂ ਕਿਹਾ ਕਿ ਪੂਰੇ ਖੇਤਰ ’ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਅਤੇ ਹੁਣ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰਨ ਤੋਂ ਬਾਅਦ ਮਕਬੂਜ਼ਾ ਕਸ਼ਮੀਰ ’ਚ ਪਾਕਿਸਤਾਨੀ ਫ਼ੌਜ ਵਲੋਂ ਵਿਰੋਧ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਇਕ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ । ਉਹ ਇਨ੍ਹਾਂ ਕਾਰਵਾਈਆਂ ਨੂੰ ਵਿਰੋਧ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਇਕ ਯੋਜਨਾਬੱਧ ਰਣਨੀਤੀ ਦਾ ਹਿੱਸਾ ਮੰਨ ਰਹੇ ਹਨ । ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਨੂੰ ਮੀਰਪੁਰ ਸ਼ਹਿਰ ਦੇ ਕਾਇਦ-ਏ-ਆਜ਼ਮ ਚੌਕ ’ਚ ਗੋਲੀਬਾਰੀ ਕਰ ਕੇ 5 ਹੋਰ ਲੋਕਾਂ ਨੂੰ ਮਾਰ ਦਿੱਤਾ ਗਿਆ ਅਤੇ ਇਸ ਦੌਰਾਨ 4 ਪ੍ਰਦਰਸ਼ਨਕਾਰੀ ਗੰਭੀਰ ਜ਼ਖ਼ਮੀ ਹੋ ਗਏ। ਜਿਸ ਨਾਲ ਪਿਛਲੇ 30 ਘੰਟਿਆਂ ’ਚ ਅੰਨ੍ਹੇਵਾਹ ਗੋਲੀਬਾਰੀ ਨਾਲ ਮਾਰੇ ਗਏ ਪ੍ਰਦਰਸ਼ਨਕਾਰੀਆਂ ਦੀ ਗਿਣਤੀ 40 ਤੱਕ ਪਹੁੰਚ ਗਈ ਹੈ ਅਤੇ ਇਸ ਦੌਰਾਨ 200 ਤੋਂ ਵੱਧ ਨਾਗਰਿਕ ਗੰਭੀਰ ਜ਼ਖ਼ਮੀ ਹੋਏ ਹਨ। ਇਸ ਹਿੰਸਾ ਤੋਂ ਬਾਅਦ ਮਕਬੂਜ਼ਾ ਕਸ਼ਮੀਰ ਦੇ ਕਈ ਇਲਾਕਿਆਂ ’ਚ ਅੱਗਜ਼ਨੀ ਦੀਆਂ ਘਟਨਾਵਾਂ ਵਾਪਰੀਆਂ ਅਤੇ ਹੁਣ ਇਹ ਮਾਮਲਾ ਸੰਯੁਕਤ ਰਾਸ਼ਟਰ ਤੱਕ ਪਹੁੰਚ ਗਿਆ ਹੈ । ਵਿਸ਼ਵ ਪੱਧਰ ’ਤੇ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਆਵਾਜ਼ ਉਠਾਉਣ ਵਾਲੀ ਓਵਰਸੀਜ਼ ਕਸ਼ਮੀਰੀ ਸਾਂਝੀ ਪੀਪਲਜ਼ ਐਕਸ਼ਨ ਕਮੇਟੀ ਦਾ ਦੋਸ਼ ਹੈ ਕਿ ਖੇਤਰ ’ਚ ਭੋਜਨ, ਦਵਾਈ, ਬਿਜਲੀ, ਇੰਟਰਨੈੱਟ ਅਤੇ ਹੋਰ ਜ਼ਰੂਰੀ ਸੇਵਾਵਾਂ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ । ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਕਮੇਟੀ ਨੇ ਸੰਯੁਕਤ ਰਾਸ਼ਟਰ, ਮਨੁੱਖੀ ਅਧਿਕਾਰ ਸੰਗਠਨਾਂ ਅਤੇ ਕੌਮਾਂਤਰੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਮਕਬੂਜ਼ਾ ਕਸ਼ਮੀਰ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਤੁਰੰਤ ਨੋਟਿਸ ਲੈਣ । ਕਮੇਟੀ ਨੇ ਦੋਸ਼ ਲਗਾਇਆ ਕਿ ਪਾਕਿ ਦੇ ਨੈਸ਼ਨਲ ਮੀਡੀਆ ਚੈਨਲਾਂ ਅਤੇ ਸੋਸ਼ਲ ਮੀਡੀਆ ’ਤੇ ਜੇ. ਏ. ਏ. ਸੀ. ਬਾਰੇ ਗੁੰਮਰਾਹਕੁੰਨ ਅਤੇ ਮਨਘੜਤ ਪ੍ਰਚਾਰ ਕੀਤਾ ਜਾ ਰਿਹਾ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਮਨੁੱਖੀ ਅਧਿਕਾਰ ਸੰਗਠਨ ਨੇ ਵੀ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਵੋਲਕਰ ਤੁਰਕ ਨੂੰ ਇਕ ਮੰਗ ਪੱਤਰ ਸੌਂਪਿਆ ਹੈ, ਜਿਸ ’ਚ ਹਿੰਸਾ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ ਗਈ ਹੈ। ਇਸ ਮੰਗ ਪੱਤਰ ’ਚ ਨਿਹੱਥੇ ਨਾਗਰਿਕਾਂ ’ਤੇ ਸਿੱਧੀ ਗੋਲੀਬਾਰੀ ਤੁਰੰਤ ਰੋਕਣ ਅਤੇ ਰਾਵਲਾਕੋਟ ਵਿਚ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਮਾਹਿਰਾਂ ਅਤੇ ਮਾਨਵਤਾਵਾਦੀ ਸਹਾਇਤਾ ਟੀਮਾਂ ਦੀ ਤਾਇਨਾਤੀ ਦੀ ਮੰਗ ਕੀਤੀ ਗਈ ਹੈ । ਮੁਜ਼ੱਫਰਾਬਾਦ ਸਥਿਤ ਮਕਬੂਜ਼ਾ ਜੰਮੂ-ਕਸ਼ਮੀਰ ਦੀ ਮਨੁੱਖੀ ਅਧਿਕਾਰ ਪ੍ਰੀਸ਼ਦ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ, ਰੈੱਡ ਕਰਾਸ, ਐਮਨੈਸਟੀ ਇੰਟਰਨੈਸ਼ਨਲ ਅਤੇ ਮਨੁੱਖੀ ਅਧਿਕਾਰ ਵਾਚ ਨੂੰ ਵੀ ਇਹੀ ਅਪੀਲ ਕੀਤੀ ਹੈ । ਉੱਥੋਂ ਦੇ ਸਥਾਨਕ ਕਾਰਕੁਨਾਂ ਅਨੁਸਾਰ ਪੀ. ਓ. ਕੇ. ਦੇ ਬਾਗ, ਕੋਟਲੀ, ਮੀਰਪੁਰ, ਰਾਵਲਾਕੋਟ ਅਤੇ ਮੁਜ਼ੱਫਰਾਬਾਦ ਦੇ ਰਿਹਾਇਸ਼ੀ ਇਲਾਕਿਆਂ ’ਚ ਫ਼ੌਜ ਦੇ ਛਾਪਿਆਂ ਅਤੇ ਲਾਠੀਚਾਰਜ ਦੌਰਾਨ ਔਰਤਾਂ ਅਤੇ ਨਾਬਾਲਗ ਬੱਚਿਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ।
ਮੁਕਾਬਲੇ ’ਚ 32 ਅੱਤਵਾਦੀ ਮਾਰੇ ਜਾਣ ਦਾ ਦਾਅਵਾ

ਸੁਰੱਖਿਆ ਬਲਾਂ ਨੇ ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਪ੍ਰਾਂਤਾਂ ’ਚ ਕੀਤੀਆਂ ਗਈਆਂ ਵੱਖ-ਵੱਖ ਅੱਤਵਾਦ ਵਿਰੋਧੀ ਕਾਰਵਾਈਆਂ ਵਿਚ 32 ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ । ਫ਼ੌਜ ਦੇ ਮੀਡੀਆ ਵਿੰਗ ਆਈ. ਐੱਸ. ਪੀ. ਆਰ. ਨੇ ਦੱਸਿਆ ਕਿ ਖ਼ੈਬਰ ਜ਼ਿਲ੍ਹੇ ’ਚ ਇਕ ਕਾਰਵਾਈ ਦੌਰਾਨ 24 ਟੀ. ਟੀ. ਪੀ. ਅੱਤਵਾਦੀ ਮਾਰੇ ਗਏ। ਇਸ ਦੌਰਾਨ ਬਲੋਚਿਸਤਾਨ ਦੇ ਨੁਸ਼ਕੀ ਜ਼ਿਲ੍ਹੇ ‘ਚ 8 ਅੱਤਵਾਦੀ ਮਾਰੇ ਗਏ। ਮੌਕੇ ਤੋਂ ਹਥਿਆਰ, ਗੋਲਾ ਬਾਰੂਦ ਅਤੇ ਆਈ. ਈ. ਡੀ. ਬਰਾਮਦ ਕੀਤੇ ਗਏ।

ਪਿਛਲੀ ਖ਼ਬਰ ਹੰਗੂ ’ਚ ਅੱਤਵਾਦੀ ਹਮਲੇ ਦੌਰਾਨ ਡੀ. ਐੱਸ. ਪੀ. ਸਮੇਤ 11 ਪੁਲਿਸ ਕਰਮੀ ਹਲਾਕ ਅਗਲੀ ਖ਼ਬਰ ਸੁਤੰਤਰਤਾ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਫ਼ਿਰੋਜ਼ਪੁਰ ’ਚ-ਮੁੱਖ ਮੰਤਰੀ ਲਹਿਰਾਉਣਗੇ ਰਾਸ਼ਟਰੀ ਝੰਡਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।