ਨਵੀਂ ਦਿੱਲੀ, 30 ਜੁਲਾਈ (ਉਪਮਾ ਡਾਗਾ ਪਾਰਥ)- ਭਾਰਤੀ ਹਾਕੀ ਟੀਮ ਦੀ ਨਵੀਂ ਜਰਸੀ ਦੇ ਰੰਗ ’ਤੇ ਕਾਂਗਰਸੀ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ, ਸੁਖਦੇਵ ਭਗਤ, ਆਰ.ਜੇ.ਡੀ. ਦੇ ਸੁਧਾਕਰ ਸਿੰਘ ਅਤੇ ਸਮਾਜਵਾਦੀ ਪਾਰਟੀ ਦੇ ਉਦੈਵੀਰ ਸਿੰਘ ਸਮੇਤ ਕਈਆਂ ਨੇ ਸਵਾਲ ਉਠਾਏ ਹਨ। ਪ੍ਰਿਅੰਕਾ ਗਾਂਧੀ ਨੇ ਹਾਕੀ ਟੀਮ ਦੀ ਨੀਲੇ ਰੰਗ ਦੀ ਜਰਸੀ ਨੂੰ ਬਦਲ ਕੇ ਭਗਵਾ ਕਰਨ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਭਾਜਪਾ ਜਰਸੀ ਰਾਹੀਂ ਇਤਿਹਾਸ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਉਹ (ਕੇਂਦਰ ਸਰਕਾਰ) ਭਾਵੇਂ ਯੂਨੀਫਾਰਮ ਬਦਲੇ ਜਾਂ ਸਿੱਖਿਆ ਨੀਤੀ ਦੇ ਰਾਹੀਂ ਇਤਿਹਾਸ ਨੂੰ ਮੁੜ ਤੋਂ ਲਿਖਣ ਦੀ ਕੋਸ਼ਿਸ਼ ਕਰਨ ਪਰ ਦੇਸ਼ ਦੇ ਨੌਜਵਾਨਾਂ ਨੇ ਆਪਣੀ ਰਾਏ ਸਾਫ਼ ਕਰ ਦਿੱਤੀ ਹੈ। ਉਨ੍ਹਾਂ ਜੰਤਰ ਮੰਤਰ ’ਤੇ ਹੋਏ ਅੰਦੋਲਨ ਨੂੰ ਦੇਸ਼ ਦੀ ਆਵਾਜ਼ ਦੱਸਦਿਆਂ ਕਿਹਾ ਕਿ ਭਾਰਤ ਦੀ ਆਜ਼ਾਦੀ ਦੀ ਲੜਾਈ ਅਹਿੰਸਾ ਅਤੇ ਸੱਚਾਈ ’ਤੇ ਆਧਾਰਿਤ ਸੀ ਅਤੇ ਇਸ ’ਚ ਆਰ.ਐਸ.ਐਸ. ਦੀ ਕੋਈ ਭੂਮਿਕਾ ਨਹੀਂ ਸੀ। ਪੂਰਾ ਦੇਸ਼ ਇਹ ਸੱਚਾਈ ਜਾਣਦਾ ਹੈ ਅਤੇ ਜੋ ਲੋਕ ਨਹੀਂ ਜਾਣਦੇ, ਉਹ ਵੀ ਹੁਣ ਇਨ੍ਹਾਂ ਦੇ ਇਰਾਦਿਆਂ ਨੂੰ ਸਮਝਣ ਲੱਗੇ ਹਨ। ਸਮਾਜਵਾਦੀ ਪਾਰਟੀ ਦੇ ਉਦੈਵੀਰ ਸਿੰਘ ਨੇ ਕਿਹਾ ਕਿ ਜਿਸ ਜਰਸੀ ਨੂੰ ਪਾ ਕੇ ਭਾਰਤੀ ਟੀਮ ਇੰਨੇ ਸਾਲਾਂ ਤੱਕ ਖੇਡਦੀ ਰਹੀ ਹੈ, ਉਸ ਨਾਲ ਭਾਵਨਾਤਮਕ ਲਗਾਅ ਹੋਣਾ ਸੁਭਾਵਿਕ ਹੈ। ਕਾਂਗਰਸੀ ਸੰਸਦ ਮੈਂਬਰ ਸੁਖਦੇਵ ਭਗਤ ਨੇ ਕਿਹਾ ਕਿ ਖੇਡ ਨੂੰ ਅਜਿਹੀ ਸਿਆਸਤ ਤੋਂ ਦੂਰ ਰੱਖਣਾ ਚਾਹੀਦਾ ਹੈ ਪਰ ਉਹ ਹਰ ਥਾਂਅ ਦਾ ਭਗਵਾਂਕਰਨ ਕਰਨਾ ਚਾਹੁੰਦੇ ਹਨ। ਆਰ.ਜੇ.ਡੀ. ਦੇ ਸੰਸਦ ਮੈਂਬਰ ਸੁਧਾਕਰ ਸਿੰਘ ਨੇ ਫ਼ੈਸਲੇ ’ਤੇ ਤਨਜ਼ ਕਰਦਿਆਂ ਕਿਹਾ ਕਿ ਇਹ ਲੋਕ ਰੁੱਖਾਂ ਨੂੰ ਵੀ ਹਰੇ ਰੰਗ ਤੋਂ ਭਗਵੇਂ ਰੰਗ ’ਚ ਰੰਗਣਗੇ। ਭਾਰਤੀ ਹਾਕੀ ਟੀਮ ਤੇ ਸਾਬਕਾ ਕਪਟਾਨ ਵਿਰੇਨ ਰਾਸਕਿਨਹਾ ਨੇ ਜਰਸੀ ਦਾ ਰੰਗ ਬਦਲਣ ਨੂੰ ਸ਼ਰਮਨਾਕ ਦੱਸਦਿਆਂ ਕਿਹਾ ਕਿ ਭਾਰਤੀ ਟੀਮ ਦੀ ਪਛਾਣ ਅਤੇ ਵਿਰਾਸਤ ਹਮੇਸ਼ਾ ਤੋਂ ਨੀਲਾ ਰੰਗ ਰਹੀ ਹੈ। ਨਾਰੰਗੀ ਰੰਗ ਦਾ ਕੀ ਤਰਕ ਹੈ?
ਤਕਨੀਕੀ ਆਧਾਰ ’ਤੇ ਲਿਆ ਫ਼ੈਸਲਾ-ਹਾਕੀ ਇੰਡੀਆ
ਹਾਕੀ ਇੰਡੀਆ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਯੂਨੀਫਾਰਮ ਦਾ ਰੰਗ ਬਦਲਣ ਦਾ ਫੈਸਲਾ ਖੇਡ ਸਟਾਫ ਅਤੇ ਖਿਡਾਰੀਆਂ ਦੀ ਸਲਾਹ ਨਾਲ ਲਿਆ ਗਿਆ ਹੈ। ਹਾਕੀ ਇੰਡੀਆ ਨੇ ਇਸ ਨੂੰ ਤਕਨੀਕੀ ਆਧਾਰ ’ਤੇ ਲਿਆ ਫ਼ੈਸਲਾ ਦੱਸਦਿਆਂ ਕਿਹਾ ਕਿ ਨੀਲੀ ਯੂਨੀਫਾਰਮ, ਨੀਲੀ ਸਿਥੈਂਟਿਕ ਖੇਡ ਜ਼ਮੀਨ ਦੇ ਨਾਲ ਘੁਲ-ਮਿਲ ਜਾਂਦੀ ਸੀ, ਜੋ ਹੁਣ ਅੰਤਰਰਾਸ਼ਟਰੀ ਹਾਕੀ ਪਿੱਚਾਂ ਦਾ ਸਟੈਂਡਰ ਰੰਗ ਹੈ ਜਿਸ ਨਾਲ ਖਿਡਾਰੀਆਂ ਨੂੰ ਮੈਦਾਨ ’ਚ ਸਾਫ਼ ਵੇਖਣ ’ਚ ਦਿੱਕਤ ਹੁੰਦੀ ਹੈ। ਹਾਕੀ ਇੰਡੀਆ ਨੇ ਜਰਸੀ ਦਾ ਰੰਗ ਬਦਲਣ ਨੂੰ ਨਿਯਮਤ ਅਸਲ ਦੱਸਦਿਆਂ ਕਿਹਾ ਕਿ ਸਮੇਂ-ਸਮੇਂ ’ਤੇ ਜ਼ਰੂਰਤ ਮੁਤਾਬਿਕ ਰਾਸ਼ਟਰੀ ਟੀਮ ਦੀ ਖੇਡ ਕਿਟ ਦਾ ਰੰਗ ਬਦਲਿਆ ਜਾਂਦਾ ਹੈ। ਹਾਕੀ ਇੰਡੀਆ ਵਲੋਂ 2014 ’ਚ ਜਰਸੀ ਦਾ ਰੰਗ ਪੀਲਾ ਕਰਨ ਅਤੇ 2018 ’ਚ ਅਸਮਾਨੀ ਨੀਲਾ ਕਰਨ ਦੀ ਮਿਸਾਲ ਵੀ ਦਿੱਤੀ।
ਭਾਰਤੀ ਹਾਕੀ ਟੀਮ ਦੀ ਜਰਸੀ ਦਾ ਰੰਗ ਬਦਲਣ ’ਤੇ ਸਿਆਸਤ ਭਖੀ
ਅਜੀਤ ਡੈਸਕ
31-07-2026