02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਸੰਸਦ ਭਵਨ ’ਚ ਵਿਰੋਧੀ ਧਿਰ ਵਲੋਂ ‘ਚੰਦਾ ਚੋਰੀ’ ’ਤੇ ਸੰਕੇਤਕ ਨਾਟਕ

ਅਜੀਤ ਡੈਸਕ 01-08-2026

ਨਵੀਂ ਦਿੱਲੀ, 31 ਜੁਲਾਈ (ਉਪਮਾ ਡਾਗਾ ਪਾਰਥ)- ਸੰਸਦ ’ਚ ਮੌਨਸੂਨ ਇਜਲਾਸ ਦੌਰਾਨ ਸ਼ੁੱਕਰਵਾਰ ਨੂੰ ਸੰਸਦ ਭਵਨ ਵਿਖੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਨਿਵੇਕਲੇ ਅੰਦਾਜ਼ ’ਚ ਵਿਰੋਧ ਪ੍ਰਦਰਸ਼ਨ ਕੀਤਾ, ਜਿਸ ’ਚ ਕੇਂਦਰ ਸਰਕਾਰ ਨੂੰ ਚੰਦਾ ਚੋਰੀ ’ਤੇ ਨਿਸ਼ਾਨਾ ਬਣਾਉਂਦਿਆਂ ਸੰਕੇਤਾਤਮਕ ਢੰਗ ਨਾਲ ਨਾਟਕ ਖੇਡਿਆ। ਪ੍ਰਦਰਸ਼ਨ ਦੌਰਾਨ ਪੂਰਨੀਆ ਤੋਂ ਸੰਸਦ ਮੈਂਬਰ ਪੱਪੂ ਯਾਦਵ ਭਗਵੇ ਕੱਪੜੇ ਪਾ ਕੇ ਪੁਜਾਰੀ ਦੀ ਭੂਮਿਕਾ ’ਚ ਨਜ਼ਰ ਆਏ। ਉਨ੍ਹਾਂ ਦੇ ਸਾਹਮਣੇ 3 ਤਰ੍ਹਾਂ ਦੀਆਂ ਦਾਨ ਪੇਟੀਆਂ ਵੀ ਰੱਖੀਆਂ ਨਜ਼ਰ ਆਈਆਂ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਉਥੇ ਪਹੁੰਚੇ ਅਤੇ ਚੰਦਾ ਦਿੱਤਾ। ਇਕ ਦੋ ਹੋਰ ਮੈਂਬਰਾਂ ਵਲੋਂ ਚੰਦਾ ਦੇਣ ਤੋਂ ਬਾਅਦ ਪੱਪੂ ਯਾਦਵ ਉਥੋਂ ਚੰਦਾ ਲੈ ਕੇ ਭੱਜਣ ਲੱਗੇ। ਇਸ ਤੋਂ ਬਾਅਦ ਹੋਰ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਫੜ ਲਿਆ ਅਤੇ ਇਸ ਦੌਰਾਨ ਵਿਰੋਧੀ ਧਿਰ ਦੇ ਮੈਂਬਰ ‘ਚੰਦਾ ਚੋਰ, ਗੱਦੀ ਛੋੜ’ ਦੇ ਨਾਅਰੇ ਲਗਾਉਣ ਲੱਗੇ। ਪ੍ਰਦਰਸ਼ਨ ਦੌਰਾਨ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗ਼ੈਰ ਮੌਜੂਦਗੀ ’ਤੇ ਵੀ ਸਵਾਲ ਉਠਾਏ ਗਏ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਹੱਥ ’ਚ ਇਕ ਵੱਡੇ ਪੋਸਟਰ ਰਾਹੀਂ ਸਵਾਲ ਉਠਾਉਂਦਿਆਂ ਪੁੱਛਿਆ ਗਿਆ ਕਿ ਅਮਿਤ ਸ਼ਾਹ ਸੰਸਦ ਤੋਂ ਗਾਇਬ ਕਿਉਂ?
ਲੋਕ ਸਭਾ ’ਚ ਜਨਮ ਤੇ ਮੌਤ ਦੇ ਰਜਿਸਟ੍ਰੇਸ਼ਨ ਬਾਰੇ (ਸੋਧ) ਬਿੱਲ ਪਾਸ
ਲੋਕ ਸਭਾ ’ਚ ਸ਼ੁੱਕਰਵਾਰ ਨੂੰ ਵੀ ਹੰਗਾਮਾ ਜਾਰੀ ਰਿਹਾ। ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰਾਂ ਦੇ ਮੈਂਬਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਦਨ ’ਚ ਆਉਣ ‘ਚੜ੍ਹਾਵਾ ਚੋਰ ਗੱਦੀ ਛੋੜ’ ਦੇ ਨਾਅਰੇ ਲਗਾਉਂਦੇ ਸਦਨ ਦੇ ਵਿਚਕਾਰ ਆ ਗਏ, ਜਿਸ ’ਤੇ ਸਪੀਕਰ ਓਮ ਬਿਰਲਾ ਨੇ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਉਠਾ ਦਿੱਤੀ। ਸਦਨ ਮੁੜ ਜੁੜਨ ’ਤੇ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਜਨਮ-ਮੌਤ ਦੇ ਰਜਿਸਟ੍ਰੇਸ਼ਨ ਬਾਰੇ ਸੋਧ (ਬਿੱਲ) ’ਤੇ ਚਰਚਾ ਦਾ ਪ੍ਰਸਤਾਵ ਰੱਖਿਆ। ਪਰ ਹੰਗਾਮਿਆਂ ਕਾਰਨ ਬਿਨਾਂ ਚਰਚਾ ਤੋਂ ਹੀ ਬਿੱਲ ਪੰਜ ਮਿੰਟਾਂ ’ਚ ਹੀ ਪਾਸ ਹੋ ਗਿਆ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਨਾਲ ਹੀ ਸਰਕਾਰ ਦਾ ਪੱਖ ਰੱਖਦਿਆਂ ਕਿਹਾ ਕਿ ਬਾਹਰ ਜਾ ਕੇ ਇਹ ਨਹੀਂ ਕਹਿਣਾ ਚਾਹੀਦਾ ਕਿ ਬਿਨਾਂ ਚਰਚਾ ਦੇ ਬਿੱਲ ਪਾਸ ਕੀਤਾ। ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਵੀਰਵਾਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਖ਼ਿਲਾਫ਼ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਨੋਟਿਸ ਦਿੱਤਾ। ਅਨੁਰਾਗ ਠਾਕੁਰ ਨੇ ਇਲਜ਼ਾਮ ਲਗਾਇਆ ਕਿ ਵਿਰੋਧੀ ਧਿਰ ਦੇ ਨੇਤਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਖ਼ਿਲਾਫ਼ ਗ਼ੈਰ ਸੰਸਦੀ ਅਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਅਤੇ ਉਨ੍ਹਾਂ ਦੇ ਖ਼ਿਲਾਫ਼ ਗੰਭੀਰ ਅਤੇ ਬੇਬੁਨਿਆਦ ਦੋਸ਼ ਲਗਾਏ।
ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਸਰਕਾਰ ਵਲੋਂ ਵਿਦਿਆਰਥੀਆਂ (ਜੈਨ ਜ਼ੀ) ਨੂੰ ਡਰਾਉਣ ਦਾ ਇਲਜ਼ਾਮ ਲਗਾਇਆ। ਰਾਹੁਲ ਗਾਂਧੀ ਨੇ ‘ਐਕਸ’ ’ਤੇ ਪਾਏ ਸੰਦੇਸ਼ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਜੈਨ ਜ਼ੀ ਨੂੰ ਚੁੱਪ ਰਹਿਣ ਲਈ ਧਮਕਾ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਪਹਿਲਾਂ ਤੁਸੀਂ (ਸਰਕਾਰ ਨੇ) ਉਨ੍ਹਾਂ (ਜੈਨ ਜ਼ੀ) ਦੀਆਂ ਹੱਡੀਆਂ ਤੋੜੀਆਂ। ਹੁਣ ਤੁਸੀਂ ਐਫ.ਆਈ.ਆਰ. ਕਰ ਰਹੇ ਹੋ। ਉਨ੍ਹਾਂ ਦੇ ਅਕਾਊਂਟ ਬੰਦ ਕਰ ਰਹੇ ਹਨ। ਰਾਹੁਲ ਗਾਂਧੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਤੁਸੀਂ ਭਾਰਤ ਦਾ ਅਤੀਤ ਹੋ। ਭਾਰਤ ਦੇ ਭਵਿੱਖ ਦੇ ਨਾਲ ਕਿਹੋ ਜਿਹਾ ਵਰਤਾਅ ਕਰਦੇ ਹੋ, ਇਸ ਬਾਰੇ ਸਾਵਧਾਨ ਰਹੋ।
ਖੜਗੇ ਵਲੋਂ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ
ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਬੋਧਿਤ ਕਰਕੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪਾਏ ਸੰਦੇਸ਼ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਅਸਤੀਫ਼ਾ ਲੈਣ ਦੀ ਮੰਗ ਕੀਤੀ। ਖੜਗੇ ਨੇ ਸਰਕਾਰ ਦੇ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਕਿਹਾ ਕਿ ਕੇਂਦਰ ਸਰਕਾਰ ਪ੍ਰਦਰਸ਼ਨਕਾਰੀਆਂ ਦੇ ਨਾਲ ਕੀਤੇ ਵਾਅਦਿਆਂ ਤੋਂ ਮੁਕਰ ਰਹੀ ਹੈ।

ਪਿਛਲੀ ਖ਼ਬਰ ਸਾਬਕਾ ‘ਆਪ’ ਕੌਂਸਲਰ ਤਾਹਿਰ ਹੁਸੈਨ ਤੇ ਚਾਰ ਹੋਰਾਂ ਨੂੰ ਉਮਰ ਕੈਦ ਅਗਲੀ ਖ਼ਬਰ ਯਾਮਿਨੀ ਮੌਰੀਆ ਨੇ ਜਿੱਤਿਆ ਚਾਂਦੀ ਦਾ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।