04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸ੍ਰੀ ਮੁਕਤਸਰ ਸਾਹਿਬ ਵਿਖੇ ‘ਹਰ ਬੂਥ ਕਾਂਗਰਸ ਮਜ਼ਬੂਤ’ ਸਮਾਗਮ ਦੌਰਾਨ ਚੰਨੀ ਸਮਰਥਕਾਂ ਨੂੰ ਸ਼ਾਮਿਲ ਹੋਣ ਤੋਂ ਰੋਕਿਆ

ਸ੍ਰੀ ਮੁਕਤਸਰ ਸਾਹਿਬ, 3 ਅਗਸਤ (ਰਣਜੀਤ ਸਿੰਘ ਢਿੱਲੋਂ)-‘ਹਰ ਬੂਥ ਕਾਂਗਰਸ ਮਜ਼ਬੂਤ’ ਮੁਹਿੰਮ ਤਹਿਤ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਕਾਂਗਰਸ ਪਾਰਟੀ ਵਲੋਂ ਸਮਾਗਮ ਕੀਤਾ ਗਿਆ, ਜਿਸ ਵਿਚ ਬੋਲਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੇ ਆਖਿਆ ਕਿ ਬੂਥ ਲੈਵਲ ਤੱਕ ਕਾਂਗਰਸ ਨੂੰ ਮਜ਼ਬੂਤ ਕੀਤਾ ਜਾਵੇਗਾ । ਇਸ ਸਮੇਂ ਪੰਜਾਬ ਵਿਚ ਰਾਜਾ ਵੜਿੰਗ ਵਧੀਆ ਸੰਗਠਨ ਚਲਾ ਰਹੇ ਹਨ ।

ਅਜੀਤ ਡੈਸਕ 04-08-2026

ਸ੍ਰੀ ਮੁਕਤਸਰ ਸਾਹਿਬ, 3 ਅਗਸਤ (ਰਣਜੀਤ ਸਿੰਘ ਢਿੱਲੋਂ)-‘ਹਰ ਬੂਥ ਕਾਂਗਰਸ ਮਜ਼ਬੂਤ’ ਮੁਹਿੰਮ ਤਹਿਤ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਕਾਂਗਰਸ ਪਾਰਟੀ ਵਲੋਂ ਸਮਾਗਮ ਕੀਤਾ ਗਿਆ, ਜਿਸ ਵਿਚ ਬੋਲਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੇ ਆਖਿਆ ਕਿ ਬੂਥ ਲੈਵਲ ਤੱਕ ਕਾਂਗਰਸ ਨੂੰ ਮਜ਼ਬੂਤ ਕੀਤਾ ਜਾਵੇਗਾ । ਇਸ ਸਮੇਂ ਪੰਜਾਬ ਵਿਚ ਰਾਜਾ ਵੜਿੰਗ ਵਧੀਆ ਸੰਗਠਨ ਚਲਾ ਰਹੇ ਹਨ । ਇਸ ਮੌਕੇ ਬੋਲਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਉੱਠ ਕੇ ਮੈਂ ਮੈਂਬਰ ਪਾਰਲੀਮੈਂਟ ਤੱਕ ਪਹੁੰਚਿਆ ਹਾਂ । ਉਨ੍ਹਾਂ ਕਿਹਾ ਕਿ ਅੱਜ ਵਿਖਾਈ ਦੇ ਰਿਹਾ ਵਰਕਰਾਂ ਵਿਚ ਜੋਸ਼ 2027 ਦੀਆਂ ਚੋਣਾਂ ਜਿੱਤਣ ਵਿਚ ਵੱਡੀ ਭੂਮਿਕਾ ਨਿਭਾਏਗਾ । ਉਨ੍ਹਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਭੁਪੇਸ਼ ਬਘੇਲ ਦਾ ਆਉਣਾ ਸਾਡੇ ਲਈ ਖਾਸ ਸੀ । ਉਨ੍ਹਾਂ ਕਿਹਾ ਕਿ ਜਿਹੜੇ ਦੋ ਤਿੰਨ ਵਾਰ ਪਾਰਟੀ ਨੂੰ ਦਗਾ ਦੇ ਗਏ ਉਨ੍ਹਾਂ ਨੂੰ ਟਿਕਟਾਂ ਨਹੀਂ ਲੈਣ ਦੇਵਾਂਗਾ । ਉਨ੍ਹਾਂ ਕਿਹਾ ਕਿ ਚਾਹੇ ਕੋਈ ਸਿਆਸੀ ਪਿਛੋਕੜ ਨਾ ਹੋਵੇ ਹਰ ਇੱਕ ਆਮ ਘਰ ਦੇ ਵਿਅਕਤੀ ਨੂੰ ਮੌਕਾ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਅਤੇ ਬਲਾਕ ਪ੍ਰਧਾਨਾਂ ਸਮੇਤ ਨੌਜਵਾਨਾਂ ਨੂੰ ਸ੍ਰੀ ਰਾਹੁਲ ਗਾਂਧੀ ਟਿਕਟ ਦੇ ਕੇ ਅੱਗੇ ਲਿਆਉਣਾ ਚਾਹੁੰਦੇ ਹਨ । ਜਦੋਂ ਵਕੀਲ ਤਕੜਾ ਹੋਵੇ ਤਾਂ ਤਕੜਾ ਕੇਸ ’ਚੋਂ ਵੀ ਬਰੀ ਕਰਵਾ ਦਿੰਦਾ ਹੈ। ਮੈਂ ਆਮ ਘਰਾਂ ਦੇ ਵਰਕਰਾਂ ਨੂੰ ਅੱਗੇ ਲਿਆਉਣ ਲਈ ਵਕੀਲ ਵਾਂਗ ਪੈਰਵਾਈ ਕਰਾਂਗਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿਚ ਤਾਨਾਸ਼ਾਹੀ ਰਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਨਰੇਗਾ ਮਜ਼ਦੂਰਾਂ, ਸਫ਼ਾਈ ਮਜ਼ਦੂਰਾਂ ਅਤੇ ਹੱਕੀ ਮੰਗਾਂ ਮਨਵਾਉਣ ਲਈ ਸੰਘਰਸ਼ ਕਰਨ ਵਾਲੇ ਮੁਲਾਜ਼ਮਾਂ ਤੇ ਲਾਠੀਚਾਰਜ ਕਰਨਾ ਬਹੁਤ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਗੈਂਗਸਟਰ ਫਿਰੌਤੀਆਂ ਲਈ ਖੁੱਲ੍ਹੇਆਮ ਧਮਕੀਆਂ ਦੇ ਰਹੇ ਹਨ । ਨਸ਼ਾ ਦਿਨੋ-ਦਿਨ ਵੱਧ ਰਿਹਾ ਹੈ । ਭਗਵੰਤ ਮਾਨ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਾਬਿਤ ਹੋ ਰਹੀ ਹੈ । ਇਸ ਮੌਕੇ ਪੰਜਾਬ ਕਾਂਗਰਸ ਮਾਮਲਿਆਂ ਦੇ ਸਹਿ ਇੰਚਾਰਜ ਰਵਿੰਦਰ ਡਾਲਵੀ, ਪੰਜਾਬ ਦੇ ਸਕੱਤਰ ਜਗਪਾਲ ਸਿੰਘ ਅਬੁਲ ਖੁਰਾਣਾ, ਹਰਚਰਨ ਸਿੰਘ ਬਰਾੜ ਸੋਥਾ, ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਸੰਤ ਸਿੰਘ ਬਰਾੜ, ਬਲਾਕ ਕਾਂਗਰਸ ਪ੍ਰਧਾਨ ਸ਼ਰਨਜੀਤ ਸਿੰਘ ਸੰਧੂ, ਸਿਮਰਜੀਤ ਸਿੰਘ ਭੀਨਾ ਬਰਾੜ, ਗੁਰਵੀਰ ਸਿੰਘ ਬਰਾੜ ਕਾਕੂ ਸੀਰਵਾਲੀ, ਭਿੰਦਰ ਸ਼ਰਮਾ, ਨਰਿੰਦਰ ਸਿੰਘ ਕਾਉਣੀ, ਮਲੋਟ ਬਲਾਕ ਦੇ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਹੀ ਪੰਜਾਬ ਨੂੰ ਤਰੱਕੀ ਅਤੇ ਖੁਸ਼ਹਾਲੀ ਵੱਲ ਲੈ ਕੇ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਅੱਕ ਚੁੱਕੇ ਹਨ ਅਤੇ 2027 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਹੀ ਬਣੇਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਨੇ ਸਮੂਹ ਆਗੂਆਂ ਅਤੇ ਵਰਕਰਾਂ ਨੂੰ ਜੀ ਆਇਆਂ ਆਖਿਆ। ਜਦ ਕਿ ਸਟੇਜ ਦੀ ਕਾਰਵਾਈ ਬਲਾਕ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਸ਼ਰਨਜੀਤ ਸਿੰਘ ਸੰਧੂ ਵੱਲੋਂ ਨਿਭਾਈ ਗਈ। ਇਸ ਮੌਕੇ ਭੁਪੇਸ਼ ਬਘੇਲ ਅਤੇ ਰਾਜਾ ਵੜਿੰਗ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ, ਸਾਬਕਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਗਿੱਲ, ਸਾਬਕਾ ਮੰਤਰੀ ਹੰਸ ਰਾਜ ਜੋਸ਼ਨ, ਅੰਮ੍ਰਿਤਾ ਵੜਿੰਗ, ਲੱਕੀ ਪੱਖੋਂ, ਰਾਣਾ ਚਾਹਲ ਅਤੇ ਹੋਰ ਆਗੂ ਹਾਜ਼ਰ ਸਨ।
ਸਮਾਗਮ ’ਚ ਪੱਤਰਕਾਰਾਂ ਨੂੰ ਜਾਣ ਤੋਂ ਰੋਕਿਆ
ਸ੍ਰੀ ਮੁਕਤਸਰ ਸਾਹਿਬ, 3 ਅਗਸਤ (ਰਣਜੀਤ ਸਿੰਘ ਢਿੱਲੋਂ)-‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਸਥਿਤ ਅਰਜਨ ਪੈਲੇਸ ਵਿਖੇ ਸਮਾਗਮ ਰੱਖਿਆ ਗਿਆ ਸੀ, ਜਿਸ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਵਿੰਦਰ ਡਾਲਵੀ ਸਮੇਤ ਹੋਰ ਆਗੂਆਂ ਨੇ ਸੰਬੋਧਨ ਕੀਤਾ। ਇਸ ਸਮਾਗਮ ਵਿਚ ਪੱਤਰਕਾਰਾਂ ਨੂੰ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਜੇਕਰ ਕੋਈ ਪੱਤਰਕਾਰ ਅੰਦਰ ਚਲਾ ਗਿਆ ਤਾਂ ਉਸ ਨੂੰ ਵਾਪਸ ਬਾਹਰ ਭੇਜ ਦਿੱਤਾ ਗਿਆ। ਇਸ ਤਰ੍ਹਾਂ ਹੀ ਜਿਹੜੇ ਕਾਂਗਰਸੀ ਵਰਕਰਾਂ ਦੇ ਚੰਨੀ ਸਮਰਥਕ ਹੋਣ ਦਾ ਅੰਦਾਜ਼ਾ ਸੀ, ਉਨ੍ਹਾਂ ਨੂੰ ਵੀ ਬਾਹਰ ਭੇਜ ਦਿੱਤਾ ਗਿਆ। ਇਸ ਤੋਂ ਇਲਾਵਾ ਮੋਬਾਈਲ ’ਤੇ ਵੀਡੀਓ ਬਣਾਉਣ ਜਾਂ ਫੋਟੋ ਖਿੱਚਣ ਤੋਂ ਵੀ ਰੋਕਿਆ ਜਾ ਰਿਹਾ ਸੀ।

ਪਿਛਲੀ ਖ਼ਬਰ ਬਰਸਾਤੀ ਪਾਣੀ ਜਮ੍ਹਾਂ ਹੋਣ ਕਾਰਨ... ਅਗਲੀ ਖ਼ਬਰ ਕਾਂਗਰਸ ਪਾਰਟੀ ਸਹੀ ਦਿਸ਼ਾ ’ਚ ਅੱਗੇ ਵਧ ਰਹੀ, ਵਿਰੋਧ ਤੋਂ ਕੋਈ ਫ਼ਰਕ ਨਹੀਂ ਪਵੇਗਾ-ਬਘੇਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।