ਨਵੀਂ ਦਿੱਲੀ, 22 ਅਗਸਤ (ਉਪਮਾ ਡਾਗਾ ਪਾਰਥ)-ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਪਾਰਟੀ ਦੇ ਨਵ-ਨਿਯੁਕਤ ਅਹੁਦੇਦਾਰਾਂ ਨਾਲ ਪਹਿਲੀ ਮੀਟਿੰਗ ਕੀਤੀ, ਜਿਸ ’ਚ ਚੋਣ ਰਣਨੀਤੀ ਤੇ ਜ਼ਮੀਨੀ ਪੱਧਰ ’ਤੇ ਜਨ ਸੰਪਰਕ ਨੂੰ ਲੈ ਕੇ ਚਰਚਾ ਕੀਤੀ ਗਈ। ਪਾਰਟੀ ਸੂਤਰਾਂ ਅਨੁਸਾਰ ਮੀਟਿੰਗ ’ਚ ਅਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ, ਬੂਥ ਪੱਧਰ ’ਤੇ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਸਰਕਾਰ ਦੀਆਂ ਯੋਜਨਾਵਾਂ ਤੇ ਤਰਜੀਹਾਂ ਨੂੰ ਜਨਤਾ ਤੱਕ ਪਹੁੰਚਾਉਣ ’ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਗਿਆ। ਇਸ ਤੋਂ ਇਲਾਵਾ ਭਾਜਪਾ ਸ਼ਾਸਤ ਰਾਜਾਂ ਦੇ ਮੁੱਖ ਮੰਤਰੀਆਂ, ਪ੍ਰਦੇਸ਼ ਪ੍ਰਧਾਨਾਂ ਤੇ ਸੂਬਾਈ ਇੰਚਾਰਜਾਂ ਨਾਲ ਵੀ ਮੀਟਿੰਗਾਂ ਕੀਤੀਆਂ ਗਈਆਂ। ਭਾਜਪਾ ਨੇ ਇਸ ਹਫ਼ਤੇ ਦੀ ਸ਼ੁਰੂਆਤ ’ਚ ਨਿਤਿਨ ਨਬੀਨ ਦੀ ਅਗਵਾਈ ’ਚ ਨਵੀਂ ਰਾਸ਼ਟਰੀ ਟੀਮ ਦਾ ਐਲਾਨ ਕੀਤਾ ਸੀ। ਇਸ ’ਚ ਕੁੱਲ 65 ਅਹੁਦੇਦਾਰ (51 ਨਵੇਂ ਚਿਹਰੇ) ਸ਼ਾਮਿਲ ਹਨ। ਨਵੀਂ ਟੀਮ ’ਚ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ, ਆਰ.ਐਸ.ਐਸ. ਦੇ ਸਾਬਕਾ ਅਹੁਦੇਦਾਰ ਰਾਮ ਮਾਧਵ ਸਮੇਤ 13 ਰਾਸ਼ਟਰੀ ਉਪ ਪ੍ਰਧਾਨ ਹਨ। ਉਥੇ ਹੀ ਸਾਬਕਾ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੂੰ 8 ਰਾਸ਼ਟਰੀ ਜਨਰਲ ਸਕੱਤਰਾਂ ’ਚੋਂ ਇਕ ਨਿਯੁਕਤ ਕੀਤਾ ਗਿਆ ਹੈ। ਬੀ.ਐਲ. ਸੰਤੋਸ਼ ਨੂੰ ਰਾਸ਼ਟਰੀ ਜਨਰਲ ਸਕੱਤਰ (ਸੰਗਠਨ) ਅਹੁਦੇ ’ਤੇ ਬਰਕਰਾਰ ਰੱਖਿਆ ਗਿਆ ਹੈ, ਜਦੋਂ ਕਿ ਵਿਨੋਦ ਤਾਵੜੇ ਤੇ ਸੁਨੀਲ ਬਾਂਸਲ ਜਨਰਲ ਸਕੱਤਰ ਅਹੁਦੇ ’ਤੇ ਹਨ। ਭਾਜਪਾ ਦੀ ਨਵੀਂ ਟੀਮ ’ਚ 12 ਔਰਤਾਂ ਤੇ ਘੱਟ ਗਿਣਤੀ ਭਾਈਚਾਰਿਆਂ ਨਾਲ ਜੁੜੇ 6 ਨੇਤਾ ਸ਼ਾਮਿਲ ਹਨ। ਕੇਂਦਰੀ ਮੰਤਰੀ ਪਿਊਸ਼ ਗੋਇਲ ਨੂੰ ਪਾਰਟੀ ਦਾ ਰਾਸ਼ਟਰੀ ਖਜ਼ਾਨਚੀ ਬਣਾਇਆ ਗਿਆ ਹੈ। ਭਾਜਪਾ ਨੇ ਸੂਚਨਾ ਤਕਨੀਕੀ ਵਿਭਾਗ ਦੇ ਪ੍ਰਮੁੱਖ ਅਮਿਤ ਮਾਲਵੀਆ ਨੂੰ ਅਹੁਦੇ ਤੋਂ ਹਟਾ ਕੇ ਉਨ੍ਹਾਂ ਦੀ ਥਾਂ ਛੱਤੀਸਗੜ੍ਹ ਦੇ ਦੀਪਕ ਮਹਾਸਕੇ ਨੂੰ ਨਿਯੁਕਤ ਕੀਤਾ ਹੈ। ਉਥੇ ਹੀ ਗੁਜਰਾਤ ਦੇ ਹੇਮਾਂਗ ਜੋਸ਼ੀ ਨੂੰ ਪਾਰਟੀ ਯੁਵਾ ਮੋਰਚੇ ਦਾ ਪ੍ਰਧਾਨ ਬਣਾਇਆ ਗਿਆ ਹੈ। ਉਨ੍ਹਾਂ ਸੰਸਦ ਮੈਂਬਰ ਤੇਜਸਵੀ ਸੂਰਿਆ ਦੀ ਥਾਂ ਲਈ ਹੈ। ਇਹ ਸੰਗਠਨਾਤਮਕ ਬਦਲਾਅ ਸਾਲ 2015 ’ਚ ਤੱਤਕਾਲੀਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਕਾਰਜਕਾਲ ’ਚ ਹੋਏ ਵੱਡੇ ਫੇਰਬਦਲ ਬਾਅਦ ਦਹਾਕੇ ਤੋਂ ਵੱਧ ਸਮੇਂ ’ਚ ਸਭ ਤੋਂ ਵੱਡਾ ਬਦਲਾਅ ਹੈ।
ਨਿਖੇਧੀ ਮਤਾ ਪਾਸ
ਵੰਦੇ ਮਾਤਰਮ ਦੇ ਦੋ ਪੈਰੇ ਬਨਾਮ 6 ਪੈਰੇ ਗਾਇਨ ਦੇ ਵਿਵਾਦ ਦਰਮਿਆਨ ਭਾਜਪਾ ਨੇ ਸਨਿਚਰਵਾਰ ਨੂੰ ਕਾਂਗਰਸ ਦੇ ਵੰਦੇ ਮਾਤਰਮ ਦੇ ਦੋ ਪੈਰੇ ਗਾਇਨ ਦੇ ਫ਼ੈਸਲੇ ਦੀ ਨਿਖੇਧੀ ਕਰਦਿਆਂ ਇਸ ਖ਼ਿਲਾਫ਼ ਪ੍ਰਸਤਾਵ ਪਾਸ ਕੀਤਾ। ਭਾਜਪਾ ਪ੍ਰਧਾਨ ਨਿਤਿਨ ਨਬੀਨ ਦੀ ਅਗਵਾਈ ਹੇਠ ਹੋਈ ਬੈਠਕ ’ਚ ਪਾਰਟੀ ਨੇ ਕਿਹਾ ਕਿ ਵੰਦੇ ਮਾਤਰਮ ਦੇ ਸਨਮਾਨ ਨਾਲ ਸਿਆਸੀ ਸੁਵਿਧਾ ਜਾਂ ਤੁਸ਼ਟੀਕਰਨ ਲਈ ਸਮਝੌਤਾ ਨਹੀਂ ਹੋਏਗਾ ਅਤੇ ਭਾਜਪਾ ਇਸ ਦੀ ਵਿਰਾਸਤ ਨੂੰ ਦੇਸ਼ ਭਰ ’ਚ ਪਹੁੰਚਾਉਣ ਲਈ ਮੁਹਿੰਮ ਚਲਾਏਗੀ। ਇਸ ਸੰਬੰਧ ’ਚ ਪਾਰਟੀ ਵਲੋਂ ਨੌਜਵਾਨਾਂ ਦਰਮਿਆਨ ਜਾਗਰੂਕਤਾ ਮੁਹਿੰਮ ਚਲਾਈ ਜਾਏਗੀ, ਤਾਂ ਜੋ ਨਵੀਂ ਪੀੜ੍ਹੀ ਪੂਰੇ ਵੰਦੇ ਮਾਤਰਮ ਅਤੇ ਉਸ ਨਾਲ ਜੁੜੇ ਇਤਿਹਾਸ ਨੂੰ ਸਮਝ ਸਕੇ। ਨਿਤਿਨ ਨਬੀਨ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪਾਏ ਸੰਦੇਸ਼ ’ਚ ਵੀ ਕਿਹਾ ਕਿ ਇਹ ਸਿਰਫ਼ ਇਕ ਸਿਆਸੀ ਪਾਰਟੀ ਨਾਲ ਜੁੜਿਆ ਵਿਸ਼ਾ ਨਹੀਂ ਹੈ, ਸਗੋਂ ਭਾਰਤ ਦੇ ਸਨਮਾਨ ਅਤੇ ਉਨ੍ਹਾਂ ਕਈ ਦੇਸ਼ ਭਗਤਾਂ ਦੀ ਵਿਰਾਸਤ ਦਾ ਸਵਾਲ ਹੈ, ਜਿਨ੍ਹਾਂ ਨੇ ਦੇਸ਼ ਦੀ ਸੁਤੰਤਰਤਾ ਲਈ ਆਪਣਾ ਆਪ ਵਾਰ ਦਿੱਤਾ। ਜ਼ਿਕਰਯੋਗ ਹੈ ਕਿ ਕਾਂਗਰਸ ਵਲੋਂ ਹਾਲ ’ਚ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ’ਚ ਆਪਣੇ ਪ੍ਰੋਗਰਾਮਾਂ ’ਚ ਵੰਦੇ ਮਾਤਰਮ ਦੇ ਸਿਰਫ਼ ਪਹਿਲੇ ਦੋ ਪੈਰਾ ਗਾਇਨ ਦਾ ਮਤਾ ਪਾਸ ਕੀਤਾ ਗਿਆ ਸੀ।