ਨਵੀਂ ਦਿੱਲੀ, 7 ਸਤੰਬਰ (ਏਜੰਸੀ)-ਦੱਖਣ-ਪੱਛਮੀ ਦਿੱਲੀ ਦੇ ਸੱਤਿਆ ਨਿਕੇਤਨ ’ਚ ਇਮਾਰਤ ਢਹਿਣ ਦੇ ਮਾਮਲੇ ਵਿਚ ਪੁਲਿਸ ਨੇ ਸੋਮਵਾਰ ਨੂੰ ਮਕਾਨ ਮਾਲਕ ਭਾਰਤੀ ਹਵਾਈ ਫ਼ੌਜ ਦੇ ਸੇਵਾਮੁਕਤ ਸਾਰਜੈਂਟ ਹਰੀਰਾਮ ਗੁਪਤਾ (81), ਉਸ ਦੀ ਪਤਨੀ ਉਰਮਿਲਾ ਗੁਪਤਾ (75) ਅਤੇ ਪੁੱਤਰ ਮਹੇਸ਼ ਗੁਪਤਾ (52) ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਨੂੰ ਜੱਜ ਦੇ ਘਰ ਪੇਸ਼ ਕੀਤਾ ਗਿਆ। ਜਿੱਥੇ ਹਰੀ ਰਾਮ ਗੁਪਤਾ, ਉਸ ਦੀ ਪਤਨੀ ਉਰਮਿਲਾ ਗੁਪਤਾ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਗਿਆ। ਜਦੋਂ ਕਿ ਉਨ੍ਹਾਂ ਦੇ ਪੁੱਤਰ ਮਹੇਸ਼ ਗੁਪਤਾ ਨੂੰ 2 ਦਿਨ ਦੀ ਪੁਲਿਸ ਹਿਰਾਸਤ ’ਚ ਭੇਜ ਦਿੱਤਾ ਗਿਆ। ਪੁਲਿਸ ਵਲੋਂ ਪਰਿਵਾਰ ਦੀ ਪੀ.ਜੀ. ਰਿਹਾਇਸ਼ ਚਲਾਉਣ ਅਤੇ ਬੇਸਮੈਂਟ ਵਿਚ ਚੱਲ ਰਹੇ ਮੁਰੰਮਤ ਕਾਰਜ ਵਿਚ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਿਕ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਜਾਇਦਾਦ ਦੀ ਮਾਲਕ ਉਰਮਿਲਾ ਗੁਪਤਾ ਹੈ, ਜਦਕਿ ਹਰੀਰਾਮ ਅਤੇ ਮਹੇਸ਼ ਪੀ.ਜੀ. ਦਾ ਪ੍ਰਬੰਧ ਸੰਭਾਲਦੇ ਸਨ। ਹਰੀਰਾਮ ਦੇ ਨਾਂਅ ’ਤੇ ਇਮਾਰਤ ਦੀਆਂ ਦੋ ਮੰਜ਼ਿਲਾਂ ਦੇ ਬਿਜਲੀ ਕੁਨੈਕਸ਼ਨ ਹਨ ਅਤੇ ਮਹੇਸ਼ ਇਲਾਕੇ ਵਿਚ ‘ਹਰੀ ਪੇਂਟਸ’ ਨਾਂਅ ਦੀ ਹਾਰਡਵੇਅਰ ਤੇ ਪੇਂਟ ਦੀ ਦੁਕਾਨ ਚਲਾਉਂਦਾ ਹੈ। ਪੁਲਿਸ ਹੁਣ ਪੀ.ਜੀ ਦੇ ਹੋਰ ਸੰਚਾਲਕਾਂ ਅਤੇ ਮੁਰੰਮਤ ’ਚ ਸ਼ਾਮਿਲ ਠੇਕੇਦਾਰ ਦੀ ਵੀ ਭਾਲ ਕਰ ਰਹੀ ਹੈ।
ਮਕਾਨ ਮਾਲਕ, ਉਸ ਦੀ ਪਤਨੀ ਤੇ ਪੁੱਤਰ ਗ੍ਰਿਫ਼ਤਾਰ
ਮਕਾਨ ਮਾਲਕ, ਉਸ ਦੀ ਪਤਨੀ ਤੇ ਪੁੱਤਰ ਗ੍ਰਿਫ਼ਤਾਰ
ਅਜੀਤ ਡੈਸਕ
08-09-2026