08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਦਰ 'ਤੇ ਆਈਆਂ 20ਵੀਆਂ ਏਸ਼ਿਆਈ ਖੇਡਾਂ

ਦਰ 'ਤੇ ਆਈਆਂ 20ਵੀਆਂ ਏਸ਼ਿਆਈ ਖੇਡਾਂ

ਅਜੀਤ ਡੈਸਕ 08-09-2026

 

ਏਸ਼ੀਆ ਦੀਆਂ ਖੇਡਾਂ ਦਾ ਸਭ ਤੋਂ ਵੱਡਾ ਮਹਾਂਕੁੰਭ '20ਵੀਆਂ ਏਸ਼ਿਆਈ ਖੇਡਾਂ ਏਚੀ-ਨਾਗੋਯਾ 2026' ਇਸ ਸਾਲ ਜਪਾਨ 'ਚ ਹੋਣ ਜਾ ਰਿਹਾ ਹੈ | ਇਹ ਖੇਡਾਂ 19 ਸਤੰਬਰ ਤੋਂ 4 ਅਕਤੂਬਰ 2026 ਤੱਕ ਏਚੀ ਪ੍ਰੀਫੈਕਚਰ ਅਤੇ ਨਾਗੋਯਾ ਸਮੇਤ ਜਪਾਨ ਦੇ ਵੱਖ-ਵੱਖ ਸਥਾਨਾਂ 'ਤੇ ਕਰਾਈਆਂ ਜਾਣਗੀਆਂ | ਜਪਾਨ ਤੀਜੀ ਵਾਰ ਏਸ਼ੀਅਨ ਗੇਮਜ਼ ਦੀ ਮੇਜ਼ਬਾਨੀ ਕਰ ਰਿਹਾ ਹੈ | ਇਸ ਤੋਂ ਪਹਿਲਾਂ ਟੋਕੀਓ ਨੇ 1958 ਤੇ ਹੀਰੋਸ਼ੀਮਾ ਨੇ 1994 ਵਿਚ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ | 
43 ਖੇਡਾਂ ਤੇ 469 ਈਵੈਂਟ-ਏਚੀ-ਨਾਗੋਯਾ ਏਸ਼ੀਅਨ ਗੇਮਜ਼ 'ਚ 43 ਖੇਡਾਂ ਦੇ 71 ਡਿਸਪਲਿਨਾਂ 'ਚ ਕੁੱਲ 469 ਈਵੈਂਟ ਹੋਣਗੇ | ਇਨ੍ਹਾਂ ਮੁਕਾਬਲਿਆਂ 'ਚ ਏਸ਼ੀਆ ਦੇ ਖਿਡਾਰੀ 1,407 ਤਗਮਾ ਸੈੱਟਾਂ ਲਈ ਆਪਣੀ ਤਾਕਤ, ਹੁਨਰ ਤੇ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ | ਇਨ੍ਹਾਂ ਖੇਡਾਂ 'ਚ ਐਥਲੈਟਿਕਸ, ਤੈਰਾਕੀ ਅਤੇ ਹੋਰ ਐਕਵੈਟਿਕਸ ਖੇਡਾਂ, ਤੀਰਅੰਦਾਜ਼ੀ, ਬੈਡਮਿੰਟਨ, ਬਾਸਕਟਬਾਲ, ਮੁੱਕੇਬਾਜ਼ੀ, ਸਾਈਕਲਿੰਗ, ਕ੍ਰਿਕਟ, ਫੈਂਸਿੰਗ, ਫੁੱਟਬਾਲ, ਗੋਲਫ, ਜਿਮਨਾਸਟਿਕਸ, ਹੈਂਡਬਾਲ, ਹਾਕੀ, ਜੂਡੋ, ਕਬੱਡੀ, ਕਰਾਟੇ, ਰੋਇੰਗ, ਰਗਬੀ, ਸੇਪਕਟਕਰਾ, ਸ਼ੂਟਿੰਗ, ਸਕੇਟਬੋਰਡਿੰਗ, ਸਪੋਰਟ ਕਲਾਈਮਬਿੰਗ, ਸਕਵੈਸ਼, ਸਰਫਿੰਗ, ਟੇਬਲ ਟੈਨਿਸ, ਤਾਇਕਵਾਂਡੋ, ਟੈਨਿਸ, ਟੈਕਬਾਲ, ਟ੍ਰਾਇਥਲਾਨ, ਵਾਲੀਬਾਲ, ਵੇਟਲਿਫਟਿੰਗ, ਕੁਸ਼ਤੀ ਅਤੇ ਵੁਸ਼ੂ ਆਦਿ ਸ਼ਾਮਿਲ ਹਨ | ਨਵੇਂ ਯੁੱਗ ਦੀਆਂ ਖੇਡਾਂ 'ਚ ਪੈਡਲ, ਟੈਕਬਾਲ ਅਤੇ ਵਰਚੁਅਲ ਤਾਇਕਵਾਂਡੋ ਵਰਗੀਆਂ ਦਿਲਚਸਪ ਵਿਧਾਵਾਂ ਵੀ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਰਹਿਣਗੀਆਂ |
45 ਦੇਸ਼ਾਂ ਤੇ ਖੇਤਰਾਂ ਦੀ ਭਾਗੀਦਾਰੀ-ਏਸ਼ਿਆਈ ਖੇਡਾਂ 'ਚ ਏਸ਼ੀਆ ਦੇ 45 ਦੇਸ਼ ਅਤੇ ਖੇਤਰ ਭਾਗ ਲੈਣਗੇ | ਇਸ ਤੋਂ ਇਲਾਵਾ ਏਸ਼ਿਆਈ ਉਲੰਪਿਕ ਕੌਂਸਲ ਦੀ ਸ਼ਰਨਾਰਥੀ ਟੀਮ ਵੀ ਇਨ੍ਹਾਂ ਖੇਡਾਂ 'ਚ ਹਿੱਸਾ ਲਵੇਗੀ | ਇਨ੍ਹਾਂ ਖੇਡਾਂ 'ਚ ਲਗਭਗ 11,000 ਖਿਡਾਰੀ ਅਤੇ 6,000 ਅਧਿਕਾਰੀ ਸ਼ਾਮਿਲ ਹੋਣ ਦੀ ਉਮੀਦ ਹੈ | ਇਸ ਤਰ੍ਹਾਂ ਏਚੀ-ਨਾਗੋਯਾ ਏਸ਼ਿਆਈ ਖੇਡਾਂ ਖਿਡਾਰੀਆਂ, ਕੋਚਾਂ ਅਤੇ ਖੇਡ ਅਧਿਕਾਰੀਆਂ ਦੀ ਭਾਗੀਦਾਰੀ ਪੱਖੋਂ ਇਕ ਵਿਸ਼ਾਲ ਖੇਡ ਮੇਲਾ ਸਾਬਤ ਹੋਣਗੀਆਂ | ਇਹ ਖੇਡਾਂ ਸਿਰਫ਼ ਤਗਮਿਆਂ ਦੀ ਦੌੜ ਨਹੀਂ ਹਨ, ਸਗੋਂ ਏਸ਼ੀਆ ਦੇ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੂੰ  ਖੇਡਾਂ, ਸੱਭਿਆਚਾਰ, ਦੋਸਤੀ ਅਤੇ ਆਪਸੀ ਸਾਂਝ ਦੇ ਇਕ ਮੰਚ 'ਤੇ ਲਿਆਉਣ ਦਾ ਮਹੱਤਵਪੂਰਨ ਮੌਕਾ ਵੀ ਹਨ | ਇਨ੍ਹਾਂ ਖੇਡਾਂ ਦਾ ਅਧਿਕਾਰਤ ਨਾਅਰਾ 'ਇਕ ਏਸ਼ੀਆ ਦੀ ਕਲਪਨਾ' ਹੈ, ਜੋ ਏਸ਼ੀਆ ਦੀ ਏਕਤਾ ਅਤੇ ਆਪਸੀ ਭਾਈਚਾਰੇ ਦਾ ਸੁਨੇਹਾ ਦਿੰਦਾ ਹੈ |
ਭਾਰਤ ਦੀ ਵੱਡੀ ਚੁਣੌਤੀ-ਭਾਰਤ ਇਸ ਵਾਰ ਵੀ ਏਸ਼ਿਆਈ ਖੇਡਾਂ 'ਚ ਇਕ ਮਜ਼ਬੂਤ ਦਲ ਨਾਲ ਉਤਰੇਗਾ | ਭਾਰਤ ਦੇ ਖੇਡ ਮੰਤਰਾਲੇ ਨੇ 492 ਖਿਡਾਰੀਆਂ ਦੇ ਦਲ ਨੂੰ  ਮਨਜ਼ੂਰੀ ਦਿੱਤੀ ਹੈ, ਜਿਸ 'ਚ 265 ਪੁਰਸ਼ ਤੇ 227 ਮਹਿਲਾ ਖਿਡਾਰੀ ਹਨ | ਭਾਰਤੀ ਖਿਡਾਰੀ 35 ਖੇਡ ਵਿਧਾਵਾਂ 'ਚ ਹਿੱਸਾ ਲੈਣਗੇ | ਭਾਰਤ ਵਲੋਂ ਸਭ ਤੋਂ ਵੱਡਾ ਦਲ ਅਥਲੈਟਿਕਸ ਦਾ ਹੈ, ਜਿਸ 'ਚ 73 ਖਿਡਾਰੀ ਹਨ | ਇਸ ਤੋਂ ਇਲਾਵਾ ਹਾਕੀ ਦੇ 40, ਨਿਸ਼ਾਨੇਬਾਜ਼ੀ ਦੇ 30 ਅਤੇ ਕ੍ਰਿਕਟ ਦੇ 30 ਖਿਡਾਰੀ ਭਾਰਤੀ ਦਲ ਦਾ ਹਿੱਸਾ ਹਨ | ਬੈਡਮਿੰਟਨ 'ਚ 20, ਤਲਵਾਰਬਾਜ਼ੀ 'ਚ 20, ਕਬੱਡੀ 'ਚ 24, ਕਿਸ਼ਤੀ ਦੌੜ 'ਚ 22, ਸੇਪਕਟਕਰਾ 'ਚ 21 ਅਤੇ ਕੁਸ਼ਤੀ 'ਚ 16 ਭਾਰਤੀ ਖਿਡਾਰੀ ਹਿੱਸਾ ਲੈਣਗੇ | ਭਾਰਤੀ ਦਲ 'ਚ ਕਈ ਵੱਡੇ ਅਤੇ ਤਜਰਬੇਕਾਰ ਖਿਡਾਰੀ ਵੀ ਸ਼ਾਮਿਲ ਹਨ | ਅਥਲੈਟਿਕਸ, ਬੈਡਮਿੰਟਨ, ਮੁੱਕੇਬਾਜ਼ੀ, ਕੁਸ਼ਤੀ, ਨਿਸ਼ਾਨੇਬਾਜ਼ੀ, ਹਾਕੀ ਅਤੇ ਭਾਰ ਚੁੱਕਣ ਵਰਗੀਆਂ ਖੇਡਾਂ 'ਚ ਭਾਰਤ ਨੂੰ  ਤਗਮੇ ਜਿੱਤਣ ਦੀਆਂ ਵੱਡੀਆਂ ਉਮੀਦਾਂ ਹਨ | ਕ੍ਰਿਕਟ 'ਚ ਭਾਰਤ ਦੀਆਂ ਪੁਰਸ਼ ਤੇ ਮਹਿਲਾ ਦੋਵੇਂ ਟੀਮਾਂ ਹਿੱਸਾ ਲੈਣਗੀਆਂ | ਦੋਵੇਂ ਟੀਮਾਂ ਨੇ ਪਿਛਲੀਆਂ ਏਸ਼ਿਆਈ ਖੇਡਾਂ 'ਚ ਸੋਨੇ ਦੇ ਤਗਮੇ ਜਿੱਤੇ ਸਨ | ਇਸ ਵਾਰ ਵੀ ਭਾਰਤ ਇਨ੍ਹਾਂ ਦੋਵੇਂ ਟੀਮਾਂ ਤੋਂ ਸੋਨੇ ਦੇ ਤਗਮੇ ਦੀ ਉਮੀਦ ਕਰੇਗਾ |
ਅੱਗੇ ਵਧਣ ਦਾ ਟੀਚਾ-2022 ਦੀਆਂ ਏਸ਼ਿਆਈ ਖੇਡਾਂ ਜੋ 2023 'ਚ ਚੀਨ ਦੇ ਹੰਗਜ਼ੂ ਸ਼ਹਿਰ ਵਿਚ ਹੋਈਆਂ ਸਨ, ਭਾਰਤ ਲਈ ਇਤਿਹਾਸਕ ਰਹੀਆਂ | ਭਾਰਤ ਨੇ ਉੱਥੇ 107 ਤਗਮੇ (28 ਸੋਨੇ, 38 ਚਾਂਦੀ ਤੇ 41 ਕਾਂਸੀ ਦੇ) ਜਿੱਤੇ ਸਨ ਅਤੇ ਤਗਮਾ ਸੂਚੀ 'ਚ ਚੌਥਾ ਸਥਾਨ ਹਾਸਿਲ ਕੀਤਾ ਸੀ | ਹੁਣ ਭਾਰਤੀ ਖਿਡਾਰੀਆਂ ਦੇ ਸਾਹਮਣੇ ਇਸ ਪ੍ਰਦਰਸ਼ਨ ਨੂੰ  ਹੋਰ ਬਿਹਤਰ ਕਰਨ ਦੀ ਚੁਣੌਤੀ ਵੀ ਹੈ | ਭਾਰਤ ਦਾ ਟੀਚਾ ਨਾ ਸਿਰਫ਼ ਪਿਛਲਾ ਰਿਕਾਰਡ ਤੋੜਨਾ ਹੋਵੇਗਾ, ਸਗੋਂ ਵੱਧ ਤੋਂ ਵੱਧ ਸੋਨ ਤਗਮੇ ਜਿੱਤ ਕੇ ਏਸ਼ਿਆਈ ਖੇਡਾਂ 'ਚ ਆਪਣੀ ਸਥਿਤੀ ਹੋਰ ਮਜ਼ਬੂਤ ਕਰਨੀ ਹੋਵੇਗੀ |
-ਡੀ.ਪੀ.ਈ. ਸਰਕਾਰੀ ਹਾਈ ਸਕੂਲ ਸੇਖੂਵਾਸ, ਜ਼ਿਲ੍ਹਾ ਸੰਗਰੂਰ | 
ਮੋਬਾਈਲ : 94174-79449

ਪਿਛਲੀ ਖ਼ਬਰ ਮਕਾਨ ਮਾਲਕ, ਉਸ ਦੀ ਪਤਨੀ ਤੇ ਪੁੱਤਰ ਗ੍ਰਿਫ਼ਤਾਰ ਅਗਲੀ ਖ਼ਬਰ ਪੰਜਾਬ ਕਾਂਗਰਸ ਦੇ ਨਿਯੁਕਤ ਕੀਤੇ ਗਏ ਨਵੇਂ ਇੰਚਾਰਜ ਅਤੇ ਰਾਜਸਥਾਨ ਦੇ ਸੀਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।