22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਹਾਕੀ ਪੰਜਾਬ ਨੂੰ ਏਕਤਾ ਦੀ ਲੋੜ

ਹਾਕੀ ਪੰਜਾਬ ਨੂੰ ਏਕਤਾ ਦੀ ਲੋੜ

ਅਜੀਤ ਡੈਸਕ 22-09-2026

ਪੰਜਾਬ ਦੀ ਧਰਤੀ ਨੇ ਭਾਰਤੀ ਹਾਕੀ ਨੂੰ  ਅਣਗਿਣਤ ਉਲੰਪੀਅਨ, ਅੰਤਰਰਾਸ਼ਟਰੀ ਖਿਡਾਰੀ, ਕਪਤਾਨ, ਕੋਚ ਤੇ ਅੰਪਾਇਰ ਦਿੱਤੇ ਹਨ ਪਰ ਅੱਜ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਪੰਜਾਬ ਹਾਕੀ ਦੀ ਇਸ ਵੱਡੀ ਵਿਰਾਸਤ ਨੂੰ  ਇਕ ਮੰਚ 'ਤੇ ਕਿਉਂ ਨਹੀਂ ਲਿਆਂਦਾ ਜਾ ਰਿਹਾ | ਹਾਕੀ ਪੰਜਾਬ ਦੀਆਂ ਚੋਣਾਂ ਜਾਂ ਅਹੁਦੇ ਕਿਸੇ ਵੀ ਵਿਅਕਤੀ ਜਾਂ ਧੜੇ ਦੀ ਨਿੱਜੀ ਜਿੱਤ-ਹਾਰ ਨਹੀਂ ਹੋਣੇ ਚਾਹੀਦੇ | ਅਸਲ ਜਿੱਤ ਤਾਂ ਉਸ ਦਿਨ ਹੋਵੇਗੀ, ਜਦੋਂ ਪੰਜਾਬ ਦਾ ਹਰ ਖਿਡਾਰੀ ਇਹ ਮਹਿਸੂਸ ਕਰੇ ਕਿ ਹਾਕੀ ਪੰਜਾਬ ਉਸ ਦੀ ਆਪਣੀ ਸੰਸਥਾ ਹੈ | ਨਾਰਾਜ਼ ਖਿਡਾਰੀ ਸਮੱਸਿਆ ਨਹੀਂ, ਹੱਲ ਦਾ ਹਿੱਸਾ ਬਣਨ | ਪੰਜਾਬ ਹਾਕੀ 'ਚ ਜਿਹੜੇ ਸਾਬਕਾ ਖਿਡਾਰੀ, ਅੰਤਰਰਾਸ਼ਟਰੀ ਖਿਡਾਰੀ ਜਾਂ ਹਾਕੀ ਪ੍ਰੇਮੀ ਕਿਸੇ ਕਾਰਨ ਨਾਰਾਜ਼ ਹੋ ਕੇ ਦੂਰ ਹੋ ਗਏ ਹਨ, ਉਨ੍ਹਾਂ ਨੂੰ  ਵਿਰੋਧੀ ਮੰਨਣ ਦੀ ਬਜਾਏ ਵਾਪਸ ਸੱਦਣ ਦੀ ਲੋੜ ਹੈ | ਉਨ੍ਹਾਂ ਦੇ ਦਰਵਾਜ਼ੇ 'ਤੇ ਜਾ ਕੇ ਇਕੋ ਗੱਲ ਕਹਿਣੀ ਚਾਹੀਦੀ ਹੈ ਕਿ ਪੁਰਾਣੇ ਮਤਭੇਦ ਆਪਣੀ ਥਾਂ, ਪਰ ਪੰਜਾਬ ਦੀ ਹਾਕੀ ਸਭ ਤੋਂ ਉੱਪਰ | ਜੇ ਇਕ ਖਿਡਾਰੀ ਆਪਣੀ ਜ਼ਿੰਦਗੀ ਦੇ 15-20 ਸਾਲ ਪੰਜਾਬ ਦੀ ਹਾਕੀ ਨੂੰ  ਦੇ ਚੁੱਕਾ ਹੈ ਤਾਂ ਉਸ ਦਾ ਤਜਰਬਾ ਕਿਸੇ ਵੀ ਸੰਸਥਾ ਲਈ ਕੀਮਤੀ ਸੰਪਤੀ ਹੈ | ਉਸ ਨੂੰ  ਸਿਰਫ਼ ਇਸ ਲਈ ਦੂਰ ਕਰ ਦੇਣਾ ਕਿ ਉਸ ਦੀ ਸੋਚ ਵੱਖਰੀ ਹੈ, ਪੰਜਾਬ ਦੀ ਹਾਕੀ ਦੇ ਹਿੱਤ 'ਚ ਨਹੀਂ ਹੈ |
ਪੰਜਾਬ ਹਾਕੀ ਸਪੋਰਟਸ ਕੌਂਸਲ-ਹਾਕੀ ਪੰਜਾਬ ਦੇ ਨਾਲ ਇਕ ਵਿਸ਼ਾਲ 'ਪੰਜਾਬ ਹਾਕੀ ਸਪੋਰਟਸ ਕੌਂਸਲ' ਬਣਾਉਣ ਬਾਰੇ ਗੰਭੀਰਤਾ ਨਾਲ ਵਿਚਾਰ ਹੋਣਾ ਚਾਹੀਦਾ ਹੈ | ਇਹ ਕਿਸੇ ਚੁਣੀ ਹੋਈ ਸੰਸਥਾ ਦਾ ਬਦਲ ਨਹੀਂ, ਸਗੋਂ ਇਕ ਸਲਾਹਕਾਰੀ ਤੇ ਏਕਤਾ ਵਾਲਾ ਮੰਚ ਹੋਵੇ | ਇਸ 'ਚ ਉਲੰਪੀਅਨ, ਅਰਜੁਨ ਐਵਾਰਡੀ, ਸਾਬਕਾ ਕਪਤਾਨ, ਅੰਤਰਰਾਸ਼ਟਰੀ ਖਿਡਾਰੀ, ਮਹਿਲਾ ਹਾਕੀ ਦੀਆਂ ਪ੍ਰਮੁੱਖ ਖਿਡਾਰਨਾਂ, ਕੋਚ, ਅੰਪਾਇਰ, ਤਕਨੀਕੀ ਮਾਹਿਰ ਤੇ ਨਵੀਂ ਪੀੜ੍ਹੀ ਦੇ ਖਿਡਾਰੀ ਸ਼ਾਮਿਲ ਕੀਤੇ ਜਾਣ | ਇਸ ਕੌਂਸਲ ਦਾ ਪਹਿਲਾ ਮਿਸ਼ਨ ਹੋਵੇ 'ਕਿਸੇ ਨੂੰ  ਨਹੀਂ ਹਰਾਉਣਾ, ਹਾਕੀ ਨੂੰ  ਜਿਤਾਉਣਾ' |
ਮਹਿਲਾ ਹਾਕੀ ਨੂੰ  ਬਰਾਬਰਤਾ-ਪੰਜਾਬ ਦੀ ਮਹਿਲਾ ਹਾਕੀ ਨੇ ਦੇਸ਼ ਦਾ ਮਾਣ ਵਧਾਇਆ ਹੈ | ਇਸ ਲਈ ਮਹਿਲਾ ਹਾਕੀ ਦੀਆਂ ਸਾਬਕਾ ਤੇ ਮੌਜੂਦਾ ਖਿਡਾਰਨਾਂ ਨੂੰ  ਫ਼ੈਸਲਾ ਲੈਣ ਵਾਲੀ ਪ੍ਰਕਿਰਿਆ ਵਿਚ ਅਸਲ ਪ੍ਰਤੀਨਿਧਤਾ ਮਿਲਣੀ ਚਾਹੀਦੀ ਹੈ | ਮਹਿਲਾ ਹਾਕੀ ਦੀ ਨੁਮਾਇੰਦਗੀ ਸਿਰਫ਼ ਕਾਗਜ਼ੀ ਜਾਂ ਰਸਮੀ ਨਾ ਹੋਵੇ, ਸਗੋਂ ਉਨ੍ਹਾਂ ਦੀ ਰਾਇ ਨੂੰ  ਨੀਤੀ ਬਣਾਉਣ ਵਿਚ ਮਹੱਤਵ ਮਿਲੇ |
ਹਰ ਜ਼ਿਲ੍ਹੇ 'ਚ ਯੋਜਨਾ-ਪੰਜਾਬ ਦੀ ਹਾਕੀ ਸਿਰਫ਼ ਜਲੰਧਰ, ਲੁਧਿਆਣਾ, ਅੰਮਿ੍ਤਸਰ ਜਾਂ ਕੁਝ ਹੋਰ ਰਿਵਾਇਤੀ ਕੇਂਦਰਾਂ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ | ਹਰ ਜ਼ਿਲ੍ਹੇ ਲਈ ਪੰਜ ਸਾਲ ਦਾ ਹਾਕੀ ਵਿਕਾਸ ਯੋਜਨਾ ਬਣਾਈ ਜਾਵੇ | ਸਕੂਲ ਹਾਕੀ, ਪਿੰਡ ਪੱਧਰੀ ਮੁਕਾਬਲੇ, ਕੋਚਿੰਗ ਕੈਂਪ, ਮੈਦਾਨਾਂ ਦੀ ਸੰਭਾਲ, ਐਸਟ੍ਰੋਟਰਫ ਦੀ ਵਰਤੋਂ, ਮਹਿਲਾ ਹਾਕੀ ਅਤੇ ਹੁਨਰ ਦੀ ਪਛਾਣ, ਹਰ ਖੇਤਰ ਲਈ ਮਾਪਣ ਯੋਗ ਟੀਚੇ ਨਿਰਧਾਰਤ ਕੀਤੇ ਜਾਣ |
ਕੌਂਸਲ ਤੱਕ ਸਿੱਧੀ ਆਵਾਜ਼-ਇਕ ਪਲੇਅਰਜ਼ ਫੋਰਮ ਬਣਾਇਆ ਜਾਵੇ ਜਿੱਥੇ ਖਿਡਾਰੀ ਚੋਣ, ਕੋਚਿੰਗ, ਕੈਂਪ, ਸਹੂਲਤਾਂ, ਸਾਜ਼ੋ-ਸਾਮਾਨ ਅਤੇ ਹੋਰ ਖੇਡ ਸੰਬੰਧੀ ਮਸਲਿਆਂ ਬਾਰੇ ਆਪਣੀ ਗੱਲ ਰੱਖ ਸਕਣ | ਖਿਡਾਰੀ ਨੂੰ  ਆਪਣੀ ਸਮੱਸਿਆ ਦੱਸਣ ਲਈ ਕਿਸੇ ਧੜੇ ਜਾਂ ਵਿਅਕਤੀ ਦੀ ਸਿਫ਼ਾਰਸ਼ ਦੀ ਲੋੜ ਨਹੀਂ ਹੋਣੀ ਚਾਹੀਦੀ ਤੇ ਹਰ ਖਿਡਾਰੀ ਦੀ ਆਵਾਜ਼ ਸਿੱਧੀ ਕੌਂਸਲ ਤੱਕ ਪਹੁੰਚਣੀ ਚਾਹੀਦੀ ਹੈ |
ਹੁਣ ਏਕਤਾ ਦੀ ਲੋੜ-ਚੋਣਾਂ ਤੋਂ ਬਾਅਦ ਕੋਈ ਵਿਰੋਧੀ ਨਹੀਂ ਰਹਿੰਦਾ, ਸਗੋਂ ਸਾਰੇ ਹਾਕੀ ਪਰਿਵਾਰ ਦਾ ਹਿੱਸਾ ਹੁੰਦੇ ਹਨ | ਇਸ ਲਈ ਚੋਣਾਂ ਤੋਂ ਬਾਅਦ ਪਹਿਲਾ ਵੱਡਾ ਕਦਮ ਇਹ ਹੋਣਾ ਚਾਹੀਦਾ ਹੈ ਕਿ ਸਾਰੇ ਨਾਰਾਜ਼ ਖਿਡਾਰੀਆਂ, ਸਾਬਕਾ ਅਹੁਦੇਦਾਰਾਂ ਤੇ ਹਾਕੀ ਹਸਤੀਆਂ ਨੂੰ  ਬੁਲਾ ਕੇ 'ਪੰਜਾਬ ਹਾਕੀ ਏਕਤਾ ਸੰਮੇਲਨ' ਕਰਾਇਆ ਜਾਵੇ | ਇੱਥੇ ਕਿਸੇ 'ਤੇ ਦੋਸ਼ ਲਗਾਉਣ ਦੀ ਬਜਾਏ ਸਿਰਫ਼ ਇਕ ਸਵਾਲ ਪੁੱਛਿਆ ਜਾਵੇ ਕਿ ਅਸੀਂ ਮਿਲ ਕੇ ਪੰਜਾਬ ਦੀ ਹਾਕੀ ਨੂੰ  ਅਗਲੇ ਪੰਜ ਸਾਲਾਂ 'ਚ ਕਿੱਥੇ ਲੈ ਕੇ ਜਾਣਾ ਹੈ? ਜੇ ਪੰਜਾਬ ਹਾਕੀ ਸਪੋਰਟਸ ਕੌਂਸਲ, ਪਲੇਅਰਜ਼ ਫੋਰਮ ਅਤੇ ਜ਼ਿਲ੍ਹਾ ਹਾਕੀ ਵਿਕਾਸ ਮਾਡਲ ਨੂੰ  ਇਮਾਨਦਾਰੀ ਨਾਲ ਲਾਗੂ ਕੀਤਾ ਜਾਂਦਾ ਹੈ ਤਾਂ ਅੱਜ ਦੀ ਨਾਰਾਜ਼ਗੀ ਕੱਲ੍ਹ ਦੀ ਤਾਕਤ ਬਣ ਸਕਦੀ ਹੈ | ਪੰਜਾਬ ਦੀ ਹਾਕੀ ਨੂੰ  ਹੁਣ ਹੋਰ ਵੰਡਣ ਦੀ ਨਹੀਂ, ਸਗੋਂ ਜੋੜਨ ਦੀ ਲੋੜ ਹੈ | ਧੜੇ ਜਿੱਤਣਗੇ ਤਾਂ ਸ਼ਾਇਦ ਅਹੁਦੇ ਮਿਲ ਜਾਣ, ਪਰ ਜੇ ਹਾਕੀ ਜਿੱਤੀ ਤਾਂ ਪੂਰਾ ਪੰਜਾਬ ਜਿੱਤੇਗਾ |
-ਮੋਬਾਇਲ –98729-78781

ਪਿਛਲੀ ਖ਼ਬਰ ਏਸ਼ਿਆਈ ਖੇਡਾਂ 2026 ਸ਼ੂਟਿੰਗ ਤੋਂ ਉਮੀਦਾਂ ਤੇ ਸੰਭਾਵਨਾਵਾਂ ਅਗਲੀ ਖ਼ਬਰ ਪੁਰਾਤਨ ਭਾਰਤੀ ਖੇਡਾਂ ਦੀ ਮਾਣਮੱਤੀ ਵਿਰਾਸਤ ਹੈ ਖੋ-ਖੋ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।