03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਪ੍ਰਾਇਮਰੀ ਸਕੂਲ ਖੇਡਾਂ ਨੂੰ ਦਰਪੇਸ਼ ਸਮੱਸਿਆਵਾਂ

ਪ੍ਰਾਇਮਰੀ ਸਕੂਲ ਖੇਡਾਂ ਨੂੰ ਦਰਪੇਸ਼ ਸਮੱਸਿਆਵਾਂ

ਅਜੀਤ ਡੈਸਕ 03-11-2026

 ਪ੍ਰਾਇਮਰੀ ਸਕੂਲ ਖੇਡਾਂ ਨੂੰ  ਜੇ ਖੇਡਾਂ ਦੀ ਪਨੀਰੀ ਕਹਿ ਲਈਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਅਤੇ ਜੇਕਰ ਇਸ ਪਨੀਰੀ ਦੀ ਸਾਂਭ-ਸੰਭਾਲ ਤੇ ਪਾਲਣ-ਪੋਸ਼ਣ ਸਹੀ ਢੰਗ ਨਾਲ ਕਰ ਸਕੀਏ ਤਾਂ ਦੇਸ਼ ਮੁੜ ਖੇਡ ਮੁਕਾਬਲਿਆਂ 'ਚ ਮੋਹਰਲੀ ਕਤਾਰ ਵਿਚ ਖੜ੍ਹਾ ਹੋ ਸਕਦਾ ਹੈ | ਪ੍ਰਾਇਮਰੀ ਸਕੂਲ ਖੇਡਾਂ ਦੀ ਤ੍ਰਾਸਦੀ ਇਹ ਹੈ ਕਿ ਉੱਚ ਅਧਿਕਾਰੀਆਂ ਅਤੇ ਸਰਕਾਰਾਂ ਨੇ ਇਸ ਨੂੰ  ਪੂਰੀ ਤਰ੍ਹਾਂ ਅੱਖੋਂ ਪਰੋਖੇ ਕਰਕੇ ਇਸ ਨੂੰ  ਗ਼ੈਰ-ਜ਼ਰੂਰੀ ਕੰਮ ਹੀ ਸਮਝਿਆ ਹੋਇਆ ਹੈ, ਜਦਕਿ ਇਹ ਪੜ੍ਹਾਈ ਦਾ ਹਿੱਸਾ ਹਨ ਤੇ ਬੱਚਿਆਂ ਦੇ ਬਹੁ-ਪੱਖੀ ਵਿਕਾਸ ਲਈ ਜ਼ਰੂਰੀ ਵੀ ਹਨ | ਪੰਜਾਬ ਵਿਚ ਪ੍ਰਾਇਮਰੀ ਸਕੂਲ ਖੇਡਾਂ ਨੂੰ  ਕਈ ਵੱਡੀਆਂ ਦਰਪੇਸ਼ ਸਮੱਸਿਆਵਾਂ 'ਚੋਂ ਗੁਜ਼ਰਨਾ ਪੈ ਰਿਹਾ ਹੈ, ਜਿਨ੍ਹਾਂ 'ਚੋਂ ਸਭ ਤੋਂ ਜ਼ਰੂਰੀ ਤੇ ਅਹਿਮ ਹੈ ਬਜਟ ਦੀ ਘਾਟ ਜਾਂ ਬਿਲਕੁਲ ਨਾ ਮਿਲਣਾ | ਹੈਰਾਨੀ ਦੀ ਗੱਲ ਹੈ ਕਿ ਸਰਕਾਰ ਵਲੋਂ ਸੈਂਟਰ ਪੱਧਰ 'ਤੇ ਦੋ ਹਜ਼ਾਰ ਰੁਪਏ, ਬਲਾਕ ਪੱਧਰ 'ਤੇ ਪੰਜ ਹਜ਼ਾਰ ਰੁਪਏ ਤੇ ਜ਼ਿਲ੍ਹ੍ਹਾ ਪੱਧਰ 'ਤੇ ਪੰਜੀ ਹਜ਼ਾਰ ਦਾ ਬਜਟ ਰੱਖਿਆ ਗਿਆ ਹੈ, ਜੋ ਕਿ ਕਈ ਵਾਰ ਪ੍ਰਾਪਤ ਵੀ ਨਹੀਂ ਹੁੰਦਾ ਤੇ ਇੰਨੇ ਘੱਟ ਬਜਟ ਵਿਚ ਖੇਡਾਂ ਕਰਾਉਣੀਆਂ ਅਸੰਭਵ ਤੇ ਨਾਮੁਮਕਿਨ ਹਨ | ਵਧਦੀ ਮਹਿੰਗਾਈ ਨੂੰ  ਧਿਆਨ ਵਿਚ ਰੱਖਦੇ ਹੋਏ ਖੇਡ ਬਜਟ ਵਿਚ ਵਾਧਾ ਕਰਨਾ ਚਾਹੀਦਾ ਹੈ |

ਪਿਛਲੇ ਕਈ ਸਾਲਾਂ ਤੋਂ ਸਰਕਾਰ ਵਲੋਂ ਇਕ ਹੀ ਬਜਟ ਵਿਚ ਇਹ ਖੇਡਾਂ ਕਰਾਈਆਂ ਜਾ ਰਹੀਆਂ ਹਨ | ਇਸ ਬਜਟ ਨੂੰ  ਲੈ ਕੇ ਸਮੁੱਚੇ ਸਿੱਖਿਆ ਵਿਭਾਗ ਤੇ ਅਧਿਆਪਕ ਯੂਨੀਅਨਾਂ 'ਚ ਰੋਸ ਹੈ, ਜੋ ਕਿ ਪੂਰੀ ਤਰ੍ਹਾਂ ਜਾਇਜ਼ ਵੀ ਹੈ | ਪਿਛਲੇ ਕਈ ਸਾਲਾਂ ਤੋਂ ਪ੍ਰਾਇਮਰੀ ਅਧਿਆਪਕ ਪੱਲਿਓਾ ਪੈਸੇ ਪਾ ਕੇ ਸਕੂਲ ਪੱਧਰ ਤੋਂ ਲੈ ਕੇ ਰਾਜ ਪੱਧਰ ਤੱਕ ਖੇਡਾਂ ਨੂੰ  ਸੰਪੂਰਨ ਕਰਾ ਰਹੇ ਹਨ | ਇਸ ਲਈ ਬਜਟ ਨੂੰ  ਸਮੇਂ ਦਾ ਹਾਣ ਦਾ ਬਣਾਇਆ ਜਾਣਾ ਚਾਹੀਦਾ ਹੈ | ਇਸ ਤੋਂ ਇਲਾਵਾ ਪ੍ਰਾਇਮਰੀ ਸਕੂਲਾਂ 'ਚ ਖੇਡ ਮੈਦਾਨਾਂ ਦੀ ਵੱਡੀ ਘਾਟ ਹੈ | ਜੇ ਖੇਡ ਮੈਦਾਨ ਹਨ ਤਾਂ ਉਨ੍ਹਾਂ ਦੀ ਸਾਂਭ-ਸੰਭਾਲ ਸਹੀ ਤਰੀਕੇ ਨਾਲ ਨਹੀਂ ਹੋ ਰਹੀ | ਬੱਚਿਆਂ ਲਈ ਖੇਡ ਸਾਮਾਨ ਨਾ ਹੋਣਾ, ਅਧੂਰੀਆਂ ਖੇਡ ਕਿੱਟਾਂ, ਖੇਡਾਂ ਦੌਰਾਨ ਆਉਣ-ਜਾਣ ਦੀ ਸਹੂਲਤ ਨਾ ਹੋਣਾ ਆਦਿ ਸਾਡੇ ਖੇਡ ਪ੍ਰਬੰਧਾਂ ਨੂੰ  ਖੋਖਲਾ ਕਰਾਰ ਦਿੰਦੇ ਹਨ | ਜ਼ਿਆਦਾਤਰ ਖਿਡਾਰੀ ਗਰੀਬ ਘਰਾਂ ਦੇ ਹੋਣ ਕਾਰਨ ਉਨ੍ਹਾਂ ਦੀ ਖ਼ੁਰਾਕ ਵੱਲ ਵੀ ਖ਼ਾਸ ਧਿਆਨ ਦੇਣਾ ਬਣਦਾ ਹੈ | ਖੇਡਾਂ ਦੌਰਾਨ ਉਮਰ ਨਾਲ ਸੰਬੰਧਿਤ ਬੇਨਿਯਮੀਆਂ ਨੂੰ  ਤਰਕ ਸੰਗਤ ਬਣਾਉਣ ਦੀ ਲੋੜ ਹੈ | ਇਸ ਤੋਂ ਇਲਾਵਾ ਪ੍ਰਾਇਮਰੀ ਸਕੂਲ ਖੇਡਾਂ ਵਿਚ ਹੋਰ ਖੇਡਾਂ ਸ਼ਾਮਿਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਤਾਂ ਕਿ ਬੱਚਿਆਂ ਨੂੰ  ਵੱਧ ਤੋਂ ਵੱਧ ਆਪਣੇ ਹੁਨਰ-ਨਿਖਾਰਨ ਦਾ ਪੂਰਾ ਮੌਕਾ ਮਿਲ ਸਕੇ | ਰਾਜ ਪੱਧਰ 'ਤੇ ਪ੍ਰਾਇਮਰੀ ਸਕੂਲ ਦੇ ਜੇਤੂ ਬੱਚਿਆਂ ਦੀ ਖੇਡ ਨਾਲ ਸੰਬੰਧਿਤ ਸਰਟੀਫਿਕੇਟਾਂ ਦੀ ਕੋਈ ਗ੍ਰੇਡੇਸ਼ਨ ਨਹੀਂ ਹੁੰਦੀ | ਇੱਥੋਂ ਤੱਕ ਕਿ ਉਨ੍ਹਾਂ ਲਈ ਕੋਈ ਵਿਸ਼ੇਸ਼ ਸਿਖਲਾਈ ਦੀ ਸਹੂਲਤ ਵੀ ਨਹੀਂ ਹੈ | ਗਰੀਬ ਘਰਾਂ ਦੇ ਬੱਚੇ ਹੋਣ ਕਾਰਨ ਉਹ ਕਿਸੇ ਚੰਗੀ ਸਪੋਰਟਸ ਸੰਸਥਾ 'ਚ ਵੀ ਦਾਖਲਾ ਨਹੀਂ ਲੈ ਪਾਉਂਦੇ | ਪ੍ਰਾਇਮਰੀ ਸਕੂਲ ਵਿਸ਼ੇਸ਼ ਸਿਖਲਾਈ ਪ੍ਰਾਪਤ ਤੇ ਸਰੀਰਕ ਸਿੱਖਿਆ ਅਧਿਆਪਕਾਂ ਤੋਂ ਪੂਰੀ ਤਰ੍ਹਾਂ ਸੱਖਣੇ ਹਨ | ਸਿਰਫ਼ ਖੇਡਾਂ ਵਿਚ ਰੁਚੀ ਰੱਖਣ ਵਾਲੇ ਪ੍ਰਾਇਮਰੀ ਅਧਿਆਪਕ ਹੀ ਇਨ੍ਹਾਂ ਖੇਡਾਂ ਨੂੰ  ਕਰਾਉਂਦੇ ਤੇ ਨੇਪਰੇ ਚਾੜ੍ਹਦੇ ਹਨ |
ਜੇ ਸਰਕਾਰਾਂ ਸਚਮੁੱਚ ਹੀ ਖੇਡਾਂ ਪ੍ਰਤੀ ਸੁਹਿਰਦ ਤੇ ਸੁਚਾਰੂ ਸੋਚ ਰੱਖਦੀਆਂ ਹਨ ਤਾਂ ਸਮੱਸਿਆਵਾਂ ਨਾਲ ਜੂਝ ਰਹੀਆਂ ਪ੍ਰਾਇਮਰੀ ਸਕੂਲ ਖੇਡਾਂ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ, ਤਾਂ ਜੋ ਅੰਤਰਰਾਸ਼ਟਰੀ ਪੱਧਰ 'ਤੇ ਖੇਡਾਂ ਦਾ ਭਵਿੱਖ ਉਜਵਲ ਨਜ਼ਰ ਆਵੇ, ਬੱਚੇ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰਹਿਣ ਅਤੇ ਪੰਜਾਬ ਦੀ ਸ਼ਾਨ ਤੇ ਮਾਣ ਵਿਚ ਵਾਧਾ ਹੋ ਸਕੇ |
 

-ਹੈੱਡ ਟੀਚਰ, ਸ.ਐ.ਸ. ਦੋਦ, ਬਲਾਕ ਗੰਡੀਵਿੰਡ |
ਮੋਬਾਈਲ : 9815199101

ਪਿਛਲੀ ਖ਼ਬਰ ਜਪਾਨ ਦੀ ਧਰਤੀ 'ਤੇ ਅਗਲੀ ਖ਼ਬਰ ਟੈਨਿਸ ਜਗਤ ਦਾ ਨਵਾਂ ਸਿਖਰ ਹੈ ਐਲੇਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।