03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਜਪਾਨ ਦੀ ਧਰਤੀ 'ਤੇ

ਜਪਾਨ ਦੀ ਧਰਤੀ 'ਤੇ

ਅਜੀਤ ਡੈਸਕ 03-11-2026

ਭਾਰਤੀ ਪੈਰਾ ਖਿਡਾਰੀਆਂ ਦਾ ਇਤਿਹਾਸਕ ਪ੍ਰਦਰਸ਼ਨ

ਜਪਾਨ ਦੇ ਆਈਚੀ-ਨਾਗੋਯਾ 'ਚ 18 ਤੋਂ 24 ਅਕਤੂਬਰ 2026 ਤੱਕ ਹੋਈਆਂ 5ਵੀਆਂ ਏਸ਼ੀਅਨ ਪੈਰਾ ਖੇਡਾਂ 'ਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਵਾਂ ਰਿਕਾਰਡ ਕਾਇਮ ਕੀਤਾ |

ਭਾਰਤੀ ਖਿਡਾਰੀਆਂ ਨੇ ਆਪਣੀ ਮਿਹਨਤ, ਦਿ੍ੜ੍ਹ ਇਰਾਦੇ ਤੇ ਸ਼ਾਨਦਾਰ ਖੇਡ ਦੇ ਦਮ 'ਤੇ 30 ਸੋਨ, 35 ਚਾਂਦੀ, 49 ਕਾਂਸੀ ਦੇ ਅਤੇ ਕੁੱਲ 114 ਤਮਗੇ ਜਿੱਤੇ | ਇਸ ਪ੍ਰਦਰਸ਼ਨ ਨਾਲ ਭਾਰਤ ਤਗਮਾ ਸੂਚੀ 'ਚ ਚੌਥੇ ਸਥਾਨ 'ਤੇ ਰਿਹਾ | ਇਹ ਪ੍ਰਾਪਤੀ ਇਸ ਲਈ ਵੀ ਮਹੱਤਵਪੂਰਨ ਹੈ ਕਿ ਭਾਰਤ ਨੇ ਪਿਛਲੀਆਂ ਹਾਂਗਝੂ 2023 ਏਸ਼ੀਅਨ ਪੈਰਾ ਖੇਡਾਂ ਦੇ ਰਿਕਾਰਡ ਨੂੰ  ਪਿੱਛੇ ਛੱਡ ਦਿੱਤਾ | ਇਹ ਵੀ ਅਹਿਮ ਗੱਲ ਹੈ ਕਿ ਇਸ ਵਾਰ ਭਾਰਤ ਨੇ 2023 ਦੇ 309 ਖਿਡਾਰੀਆਂ ਦੇ ਮੁਕਾਬਲੇ 168 ਖਿਡਾਰੀਆਂ ਦਾ ਦਲ ਭੇਜਿਆ ਸੀ, ਫਿਰ ਵੀ ਤਗਮਿਆਂ ਦੀ ਗਿਣਤੀ 'ਚ ਵਾਧਾ ਦਰਜ ਕੀਤਾ | ਇਨ੍ਹਾਂ ਖੇਡਾਂ 'ਚ ਭਾਰਤ ਦੇ ਪੈਰਾ ਅਥਲੀਟਾਂ ਨੇ 22 ਸੋਨ ਤਗਮੇ, 19 ਚਾਂਦੀ ਤੇ 24 ਕਾਂਸੀ ਦੇ ਤਗਮੇ (ਕੁੱਲ 65) ਹਾਸਿਲ ਕੀਤੇ | ਪੈਰਾ ਬੈਡਮਿੰਟਨ 'ਚ 3 ਸੋਨ, 5 ਚਾਂਦੀ ਤੇ 8 ਕਾਂਸੀ ਦੇ, ਪੈਰਾ ਤੀਰਅੰਦਾਜ਼ੀ 'ਚ 3 ਸੋਨ ਤੇ 3 ਚਾਂਦੀ ਦੇ, ਪੈਰਾ ਸ਼ੂਟਿੰਗ 'ਚ 2 ਸੋਨ, 2 ਚਾਂਦੀ ਤੇ 1 ਕਾਂਸੀ ਦਾ, ਪੈਰਾ ਤੈਰਾਕੀ 'ਚ 3 ਚਾਂਦੀ ਤੇ 8 ਕਾਂਸੀ ਦੇ, ਪੈਰਾ ਟੇਬਲ ਟੈਨਿਸ 'ਚ 7 ਕਾਂਸੀ ਦੇ, ਪੈਰਾ ਜੂਡੋ 'ਚ 1 ਚਾਂਦੀ ਤੇ 1 ਕਾਂਸੀ ਦਾ, ਪੈਰਾ ਪਾਵਰ ਲਿਫਟਿੰਗ 'ਚ 2 ਚਾਂਦੀ ਦੇ ਤਗਮੇ ਭਾਰਤ ਦੀ ਝੋਲੀ ਪਏ ਹਨ | ਭਾਰਤ ਦੀ ਤਗਮਾ ਮੁਹਿੰਮ ਵਿਚ ਪੈਰਾ ਅਥਲੈਟਿਕਸ ਸਭ ਤੋਂ ਵੱਡੀ ਤਾਕਤ ਬਣ ਕੇ ਉੱਭਰੀ | ਅਥਲੀਟ ਨਿਸ਼ਾਦ ਕੁਮਾਰ ਨੇ ਪੁਰਸ਼ਾਂ ਦੇ ਉੱਚੀ ਛਾਲ ਤੇ ਲੰਬੀ ਛਾਲ ਵਿਚ ਸੋਨ ਤਮਗੇ ਜਿੱਤ ਕੇ ਦੋਹਰੀ ਸਫ਼ਲਤਾ ਹਾਸਿਲ ਕੀਤੀ | ਸਿਮਰਨ ਨੇ ਮਹਿਲਾਵਾਂ ਦੇ 100 ਮੀਟਰ ਤੇ 200 ਮੀਟਰ 'ਚ ਸੋਨ ਤਗਮੇ ਜਿੱਤੇ | ਦੀਪਤੀ ਜੀਵਨਜੀ ਨੇ 400 ਮੀਟਰ 'ਚ ਸੋਨ ਤਗਮਾ ਜਿੱਤਿਆ | ਇਸ ਤੋਂ ਇਲਾਵਾ ਦਿਲੀਪ ਮਹਾਦੂ ਗਾਵਿਤ ਨੇ 100 ਤੇ 400 ਮੀਟਰ 'ਚ ਸੋਨ ਤਗਮੇ ਜਿੱਤੇ | ਇਨ੍ਹਾਂ ਪ੍ਰਾਪਤੀਆਂ ਨੇ ਸਾਬਤ ਕੀਤਾ ਕਿ ਭਾਰਤ ਦਾ ਪੈਰਾ ਅਥਲੈਟਿਕਸ ਖੇਤਰ ਹੁਣ ਏਸ਼ੀਆ ਦੇ ਸਭ ਤੋਂ ਮਜ਼ਬੂਤ ਖੇਤਰਾਂ ਵਿਚ ਸ਼ਾਮਿਲ ਹੋ ਰਿਹਾ ਹੈ | ਪੈਰਾ ਬੈਡਮਿੰਟਨ ਖਿਡਾਰੀ ਨਿਤੇਸ਼ ਕੁਮਾਰ ਨੇ ਪੁਰਸ਼ਾਂ ਦੇ ਸਿੰਗਲਜ਼ ਤੇ ਨਵੀਨ ਸ਼ਿਵਾਕੁਮਾਰ ਨੇ ਸਿੰਗਲਜ਼ 'ਚ ਸੋਨ ਤਗਮਾ ਜਿੱਤਿਆ | ਥੁਲਾਸੀਮਾਥੀ ਮੁਰੂਗੇਸਨ ਤੇ ਮਾਨਸੀ ਜੋਸ਼ੀ ਦੀ ਜੋੜੀ ਨੇ ਮਹਿਲਾਵਾਂ ਦੇ ਡਬਲਜ਼ ਵਿਚ ਸੋਨ ਤਗਮਾ ਜਿੱਤਿਆ | ਪੈਰਾ ਤੈਰਾਕੀ ਵਿਚ ਰਵੀ ਕਾਰਤਿਕ ਬੁਡੀਗੀਨਾ ਨੇ 100 ਮੀਟਰ ਫ੍ਰੀਸਟਾਈਲ ਤੇ 100 ਮੀਟਰ ਬੈਕਸਟ੍ਰੋਕ ਮੁਕਾਬਲਿਆਂ 'ਚ ਚਾਂਦੀ ਦੇ ਤਗਮੇ ਜਿੱਤੇ | ਕਪਿਲ ਕੁਮਾਰ ਨੇ ਪੁਰਸ਼ਾਂ ਦੇ 400 ਮੀਟਰ ਫ੍ਰੀਸਟਾਈਲ ਮੁਕਾਬਲੇ 'ਚ ਚਾਂਦੀ ਦਾ ਤਗਮਾ ਜਿੱਤਿਆ | ਪੈਰਾ ਤੀਰਅੰਦਾਜ਼ੀ 'ਚ ਸ਼ੀਤਲ ਦੇਵੀ ਨੇ ਮਹਿਲਾਵਾਂ ਦੇ ਕੰਪਾਊਾਡ ਵਿਅਕਤੀਗਤ ਮੁਕਾਬਲੇ 'ਚ ਸੋਨ ਤਗਮਾ ਜਿੱਤਿਆ | ਉਸ ਨੇ ਤੋਮਨ ਜੁਮਾਰ ਨਾਲ ਮਿਲ ਕੇ ਮਿਕਸਡ ਟੀਮ ਕੰਪਾਊਾਡ ਮੁਕਾਬਲੇ 'ਚ ਵੀ ਸੋਨ ਤਗਮੇ 'ਤੇ ਕਬਜ਼ਾ ਕੀਤਾ | ਪੁਰਸ਼ਾਂ ਦੇ ਪੈਰਾ ਰਿਕਰਵ ਡਬਲਜ਼ ਵਿਚ ਹਰਵਿੰਦਰ ਸਿੰਘ ਤੇ ਵਿਜੈ ਸੁੰਡੀ ਦੀ ਜੋੜੀ ਨੇ ਸੋਨ ਤਗਮਾ ਹਾਸਲ ਕੀਤਾ | ਪੈਰਾ ਸ਼ੂਟਿੰਗ 'ਚ ਭਾਰਤ ਨੇ ਦੋ ਸੋਨੇ, ਦੋ ਚਾਂਦੀ ਤੇ ਇਕ ਕਾਂਸੀ ਸਮੇਤ ਪੰਜ ਤਗਮੇ ਜਿੱਤੇ | ਮੋਨਾ ਅਗਰਵਾਲ ਭਾਰਤ ਦੀਆਂ ਸਭ ਤੋਂ ਸਫਲ ਖਿਡਾਰੀਆਂ 'ਚ ਸ਼ਾਮਿਲ ਰਹੀ, ਜਿਸ ਨੇ ਮਹਿਲਾਵਾਂ ਦੇ 10 ਮੀਟਰ ਏਅਰ ਰਾਈਫਲ ਸਟੈਂਡਿੰਗ ਮੁਕਾਬਲੇ 'ਚ ਖੇਡਾਂ ਦੇ ਰਿਕਾਰਡ ਨਾਲ ਸੋਨ ਤਗਮਾ ਜਿੱਤਿਆ | ਉਸ ਨੇ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ 'ਚ ਵਿਸ਼ਵ ਰਿਕਾਰਡ ਬਣਾਉਂਦਿਆਂ ਇਕ ਹੋਰ ਸੋਨ ਤਗਮਾ ਜਿੱਤਿਆ | ਅਵਨੀ ਲੇਖਰਾ ਨੇ 10 ਮੀਟਰ ਏਅਰ ਰਾਈਫਲ 'ਚ ਚਾਂਦੀ, ਮਨੀਸ਼ ਨਰਵਾਲ ਨੇ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ 'ਚ ਚਾਂਦੀ ਤੇ ਸ਼ਿ੍ਸ਼ਟੀ ਅਰੋੜਾ ਨੇ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਵਿਚ ਕਾਂਸੀ ਦਾ ਤਗਮਾ ਜਿੱਤਿਆ | ਪੈਰਾ ਟੇਬਲ ਟੈਨਿਸ ਵਿਚ ਜੇਹਾਨ ਮਦਨ ਤੇ ਸ਼ੁਭਮ ਵਾਧਵਾ ਨੇ ਪੁਰਸ਼ਾਂ ਦੇ ਡਬਲਜ਼ 'ਚ ਕਾਂਸੀ ਦਾ ਤਗਮਾ ਜਿੱਤਿਆ | ਪੈਰਾ ਜੂਡੋ 'ਚ ਕੋਕਿਲਾ ਨੇ ਮਹਿਲਾਵਾਂ ਦੇ 52 ਕਿਲੋ ਵਰਗ 'ਚ ਚਾਂਦੀ ਤੇ ਕਪਿਲ ਪਰਮਾਰ ਨੇ ਪੁਰਸ਼ਾਂ ਦੇ 70 ਕਿਲੋਗ੍ਰਾਮ ਵਰਗ 'ਚ ਕਾਂਸੀ ਦਾ ਤਗਮਾ ਹਾਸਿਲ ਕੀਤਾ | ਪੈਰਾ ਪਾਵਰਲਿਫਟਿੰਗ 'ਚ ਅਸ਼ੋਕ ਨੇ ਪੁਰਸ਼ਾਂ ਦੇ 65 ਕਿਲੋਗ੍ਰਾਮ ਵਰਗ 'ਚ 192 ਕਿਲੋਗ੍ਰਾਮ ਭਾਰ ਚੁੱਕ ਕੇ ਚਾਂਦੀ ਜਿੱਤੀ, ਜਦਕਿ ਕਸਤੂਰੀ ਰਾਜਮਣੀ ਨੇ ਮਹਿਲਾਵਾਂ ਦੇ 67 ਕਿਲੋਗ੍ਰਾਮ ਵਰਗ 'ਚ ਚਾਂਦੀ ਦਾ ਤਗਮਾ ਜਿੱਤਿਆ | ਭਾਂਵੇ ਚੀਨ ਪਹਿਲੇ, ਜਪਾਨ ਦੂਜੇ ਤੇ ਉਜ਼ਬੇਕਿਸਤਾਨ ਤੀਜੇ ਸਥਾਨ 'ਤੇ ਰਹੇ, ਪਰ ਭਾਰਤ ਦੇ 168 ਖਿਡਾਰੀਆਂ ਦੇ ਛੋਟੇ ਦਲ ਵਲੋਂ 114 ਤਗਮੇ ਜਿੱਤਣਾ ਖਿਡਾਰੀਆਂ ਦੀ ਪ੍ਰਤਿਭਾ, ਕੋਚਾਂ ਦੀ ਮਿਹਨਤ ਤੇ ਭਾਰਤ ਵਿਚ ਪੈਰਾ ਖੇਡਾਂ ਦੇ ਵਿਕਾਸ ਦਾ ਪ੍ਰਮਾਣ ਹੈ |

-ਡੀ.ਪੀ.ਈ.
ਮੋਬਾਈਲ : 9417479449

ਪਿਛਲੀ ਖ਼ਬਰ ਅਰਬ ਪਾਰਟੀਆਂ ਦੇ ਸਹਿਯੋਗ ਨਾਲ ਹੀ ਬਣੇਗੀ ਇਜ਼ਰਾਈਲ ਵਿਚ ਨਵੀਂ ਸਰਕਾਰ ਅਗਲੀ ਖ਼ਬਰ ਪ੍ਰਾਇਮਰੀ ਸਕੂਲ ਖੇਡਾਂ ਨੂੰ ਦਰਪੇਸ਼ ਸਮੱਸਿਆਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।