![]()
ਭਾਰਤ ਦੀ ਧਰਤੀ ਨੇ ਸਦੀਆਂ ਤੋਂ ਅਜਿਹੀਆਂ ਖੇਡਾਂ ਨੂੰ ਜਨਮ ਦਿੱਤਾ ਹੈ, ਜੋ ਸਰੀਰਕ ਤਾਕਤ ਦੇ ਨਾਲ-ਨਾਲ ਅਨੁਸ਼ਾਸਨ, ਫੁਰਤੀ, ਏਕਤਾ ਤੇ ਟੀਮ ਭਾਵਨਾ ਦਾ ਸੰਦੇਸ਼ ਦਿੰਦੀਆਂ ਹਨ | ਖੋ-ਖੋ ਵੀ ਭਾਰਤ ਦੀ ਇਸ ਪ੍ਰਾਚੀਨ ਖੇਡ ਵਿਰਾਸਤ ਦਾ ਅਹਿਮ ਹਿੱਸਾ ਹੈ | ਮਿੱਟੀ ਦੇ ਮੈਦਾਨਾਂ ਤੋਂ ਨਿਕਲ ਕੇ ਅੱਜ ਖੋ-ਖੋ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਵਿਲੱਖਣ ਪਛਾਣ ਬਣਾਈ ਹੋਈ ਹੈ | ਖੋ-ਖੋ ਦੇ ਇਤਿਹਾਸ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਇਸ ਖੇਡ ਦੀ ਸ਼ੁਰੂਆਤ ਪ੍ਰਾਚੀਨ ਭਾਰਤ 'ਚ ਹੋਈ | ਸ਼ੁਰੂਆਤੀ ਸਮੇਂ ਇਹ ਖੇਡ ਰੱਥਾਂ ਨਾਲ ਖੇਡੀ ਜਾਂਦੀ ਸੀ | ਬਾਅਦ 'ਚ ਇਸ ਨੂੰ ਜ਼ਮੀਨ 'ਤੇ ਖੇਡਣ ਵਾਲੀ ਆਧੁਨਿਕ ਖੇਡ ਦਾ ਰੂਪ ਦੇ ਦਿੱਤਾ ਗਿਆ | 1914 'ਚ ਪੁਣੇ ਦੇ ਡੈਕਨ ਜਿਮਖਾਨਾ ਵਿਚ ਖੋ-ਖੋ ਦੇ ਨਿਯਮਾਂ ਨੂੰ ਵਿਵਸਥਿਤ ਤੇ ਮਿਆਰੀ ਰੂਪ ਦੇਣ ਦੀ ਪ੍ਰਕਿਰਿਆ ਸ਼ੁਰੂ ਹੋਈ ਤੇ 1935 'ਚ ਪੂਰਨ ਤੌਰ ਤੇ ਨਿਯਮ ਲਾਗੂ ਕਰ ਦਿੱਤੇ ਗਏ | 1936 ਦੀਆਂ ਬਰਲਿਨ ਉਲੰਪਿਕ ਖੇਡਾਂ ਦੌਰਾਨ ਇਸ ਖੇਡ ਦਾ ਪ੍ਰਦਰਸ਼ਨ ਵੀ ਕੀਤਾ ਗਿਆ | ਇਸ ਤੋਂ ਬਾਅਦ 1955 'ਚ ਆਲ ਇੰਡੀਆ ਖੋ-ਖੋ ਫੈੱਡਰੇਸ਼ਨ ਦੀ ਸਥਾਪਨਾ ਕੀਤੀ ਗਈ | ਫਿਰ 1959-60 'ਚ ਆਂਧਰਾ ਪ੍ਰਦੇਸ਼ ਦੇ ਵਿਜਯਵਾੜਾ ਵਿਖੇ ਪੁਰਸ਼ਾਂ ਦੀ ਪਹਿਲੀ ਰਾਸ਼ਟਰੀ ਖੋ-ਖੋ ਚੈਂਪੀਅਨਸ਼ਿਪ ਕਰਾਈ ਗਈ | ਅਗਲੇ ਸਾਲ ਹੀ ਮਹਾਰਾਸ਼ਟਰ ਦੇ ਕੋਲਹਾਪੁਰ ਵਿਖੇ ਮਹਿਲਾਵਾਂ ਦੀ ਵੀ ਪਹਿਲੀ ਰਾਸ਼ਟਰੀ ਖੋ-ਖੋ ਚੈਂਪੀਅਨਸ਼ਿਪ ਕਰਾਈ ਗਈ | 9ਵੀਆਂ ਏਸ਼ੀਆਈ ਖੇਡਾਂ ਦੌਰਾਨ 1982 'ਚ ਨਵੀਂ ਦਿੱਲੀ ਵਿਖੇ ਖੋ-ਖੋ ਨੂੰ ਪ੍ਰਦਰਸ਼ਨੀ ਖੇਡ ਵਜੋਂ ਪੇਸ਼ ਕੀਤਾ ਗਿਆ | 1987 'ਚ ਕੋਲਕਾਤਾ ਵਿਖੇ ਤੀਜੀ ਸਾਊਥ ਏਸ਼ੀਅਨ ਫੈੱਡਰੇਸ਼ਨ ਗੇਮਜ਼ ਦੌਰਾਨ ਏਸ਼ੀਅਨ ਖੋ-ਖੋ ਫੈੱਡਰੇਸ਼ਨ ਦੀ ਸਥਾਪਨਾ ਹੋਈ | 1996 'ਚ ਕੋਲਕਾਤਾ ਵਿਖੇ ਪਹਿਲੀ ਏਸ਼ਿਆਈ ਖੋ-ਖੋ ਚੈਂਪੀਅਨਸ਼ਿਪ ਕਰਾਈ ਗਈ | ਦੂਜੀ ਏਸ਼ਿਆਈ 2000 'ਚ ਖੋ-ਖੋ ਚੈਂਪੀਅਨਸ਼ਿਪ ਢਾਕਾ (ਬੰਗਲਾਦੇਸ਼) ਵਿਖੇ ਹੋਈ | 2016 'ਚ ਗੁਹਾਟੀ ਵਿਖੇ ਹੋਈਆਂ 12ਵੀਆਂ ਦੱਖਣੀ ਏਸ਼ਿਆਈ ਖੇਡਾਂ 'ਚ ਖੋ-ਖੋ ਨੂੰ ਮੁਕਾਬਲਾਤੀ ਤਗਮਾ ਖੇਡ ਵਜੋਂ ਸ਼ਾਮਿਲ ਕੀਤਾ ਗਿਆ | ਇਸੇ ਸਾਲ ਇੰਦੌਰ ਵਿਖੇ ਤੀਜੀ ਏਸ਼ਿਆਈ ਖੋ-ਖੋ ਚੈਂਪੀਅਨਸ਼ਿਪ ਵੀ ਕਰਾਈ ਗਈ | ਅੱਜ ਖੋ-ਖੋ ਫੈੱਡਰੇਸ਼ਨ ਆਫ ਇੰਡੀਆ ਦੇਸ਼ ਵਿਚ ਇਸ ਖੇਡ ਦੇ ਵਿਕਾਸ ਤੇ ਮੁਕਾਬਲਿਆਂ ਦਾ ਸੰਚਾਲਨ ਕਰ ਰਹੀ ਹੈ |
ਇਸ ਖੇਡ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਘੱਟ ਖਰਚ ਤੇ ਘੱਟ ਸਾਧਨਾਂ ਨਾਲ ਖੇਡੀ ਜਾ ਸਕਦੀ ਹੈ | ਭਾਰਤ ਵਿਚ ਖੋ-ਖੋ ਨੂੰ ਖੇਲੋ ਇੰਡੀਆ, ਨੈਸ਼ਨਲ ਗੇਮਜ਼, ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਤੇ ਵੱਖ-ਵੱਖ ਰਾਸ਼ਟਰੀ ਟੂਰਨਾਮੈਂਟਾ ਰਾਹੀਂ ਨਵੀਂ ਪਛਾਣ ਮਿਲੀ ਹੈ | 2022 'ਚ ਅਲਟੀਮੇਟ ਖੋ-ਖੋ ਲੀਗ ਸ਼ੁਰੂ ਹੋਈ, ਜਿਸ ਨੇ ਇਸ ਖੇਡ ਨੂੰ ਟੈਲੀਵਿਜ਼ਨ ਅਤੇ ਪੇਸ਼ੇਵਰ ਪੱਧਰ 'ਤੇ ਵੱਡੀ ਪ੍ਰਸਿੱਧੀ ਦਿੱਤੀ | ਅੰਤਰਰਾਸ਼ਟਰੀ ਪੱਧਰ 'ਤੇ ਖੋ-ਖੋ ਜਨਵਰੀ 2025 'ਚ ਨਵੀਂ ਦਿੱਲੀ ਵਿਚ ਪਹਿਲਾ ਖੋ-ਖੋ ਵਿਸ਼ਵ ਕੱਪ ਆਯੋਜਿਤ ਕੀਤਾ ਗਿਆ | ਇਸ 'ਚ 23 ਦੇਸ਼ਾਂ ਨੇ ਭਾਗ ਲਿਆ ਤੇ ਭਾਰਤ ਨੇ ਪੁਰਸ਼ ਤੇ ਮਹਿਲਾ ਦੋਵੇਂ ਵਰਗਾਂ 'ਚ ਚੈਂਪੀਅਨ ਬਣ ਕੇ ਇਤਿਹਾਸ ਰਚਿਆ | ਖੋ-ਖੋ ਖੇਡ ਵਿਚ ਪਹਿਲਾ 'ਅਰਜੁਨ ਪੁਰਸਕਾਰ' ਸ੍ਰੀ ਸੁਧੀਰ ਬੀ. ਪਰਬ ਨੂੰ 1970 'ਚ ਦਿੱਤਾ ਗਿਆ | ਇਸ ਤੋਂ ਬਾਅਦ ਅਚਲਾ ਦੇਵਰਾ, ਬੀ.ਐਚ. ਪਾਰਿਖ, ਐਨ.ਸੀ. ਸਰੋਲਕਰ, ਊਸ਼ਾ ਵਸੰਤ ਨਾਗਰਕਰ, ਸ੍ਰੀਰੰਗ ਇਨਾਮਦਾਰ, ਐਸ.ਆਰ. ਧਾਰਵਡਕਰ, ਸੁਸ਼ਮਾ ਸਰੋਲਕਰ, ਐਚ.ਐਮ. ਤਕਾਲਕਰ, ਵੀਣਾ ਪਾਰਬ, ਐਸ. ਪ੍ਰਕਾਸ਼, ਐਸ.ਬੀ. ਕੁਲਕਰਨੀ, ਸ਼ੋਭਾ ਨਾਰਾਇਣ, ਸਰੀਕਾ ਕਾਲੇ (2020) ਤੇ ਨਸਰੀਨ (2023) ਸਮੇਤ ਕਈ ਖਿਡਾਰੀਆਂ ਨੂੰ ਇਹ ਮਾਣ ਪ੍ਰਾਪਤ ਹੋਇਆ | ਇਸ ਤੋਂ ਬਾਅਦ 'ਦ੍ਰੋਣਾਚਾਰਿਆ ਪੁਰਸਕਾਰ' ਖੋ-ਖੋ ਦੇ ਪ੍ਰਸਿੱਧ ਕੋਚ ਈ. ਪ੍ਰਸਾਦ ਰਾਓ ਨੂੰ ਸਾਲ 2000 'ਚ ਦਿੱਤਾ ਗਿਆ | ਵਿਸ਼ਵ ਕੱਪ ਵਿਚ ਭਾਰਤ ਦੀ ਇਤਿਹਾਸਕ ਸਫ਼ਲਤਾ ਤੇ ਖਿਡਾਰੀਆਂ ਨੂੰ ਮਿਲ ਰਹੇ ਰਾਸ਼ਟਰੀ ਸਨਮਾਨ ਇਸ ਗੱਲ ਦਾ ਸਬੂਤ ਹਨ ਕਿ ਆਉਣ ਵਾਲੇ ਸਮੇਂ 'ਚ ਖੋ-ਖੋ ਦੇ ਹੋਰ ਵੀ ਖਿਡਾਰੀ ਦੇਸ਼ ਦੇ ਸਰਬਉੱਚ ਖੇਡ ਸਨਮਾਨ ਹਾਸਿਲ ਕਰਨਗੇ |
-ਮੋਬਾਈਲ : 95693-67400