![]()
ਪਿਛਲੇ ਦਿਨੀਂ ਪੰਜ ਵਾਰ 'ਬੈਲਨ ਡਰ' ਨਾਂਅ ਦਾ ਪ੍ਰਸਿੱਧ ਖ਼ਿਤਾਬ ਜਿੱਤਣ ਵਾਲੇ ਦਿੱਗਜ ਫੁੱਟਬਾਲ ਖਿਡਾਰੀ ਕਿ੍ਸਟੀਆਨੋ ਰੋਨਾਲਡੋ ਨੇ ਆਪਣੀ ਭਾਵਕ ਪੋਸਟ ਰਾਹੀਂ ਕੌਮਾਂਤਰੀ ਫੁੱਟਬਾਲ ਨੂੰ ਅਲਵਿਦਾ ਆਖਿਆ ਤਾਂ ਦੁਨੀਆ ਭਰ ਦੇ ਫੁੱਟਬਾਲ ਪ੍ਰਸ਼ੰਸਕਾਂ 'ਚ ਨਿਰਾਸ਼ਾ ਦਾ ਮਾਹੌਲ ਬਣ ਗਿਆ | ਉਸ ਨੇ ਲਿਖਿਆ, 'ਕੀਤੇ ਗਏ ਗੋਲਾਂ ਦੀ ਯਾਦ ਧੁੰਦਲੀ ਪੈ ਸਕਦੀ ਹੈ, ਟਰਾਫੀਆਂ ਅਜਾਇਬ ਘਰਾਂ 'ਚ ਸਜ ਕੇ ਰਹਿ ਸਕਦੀਆਂ ਹਨ, ਰਿਕਾਰਡ ਵੀ ਟੁੱਟ ਸਕਦੇ ਹਨ, ਪਰ ਇਨ੍ਹਾਂ ਸਾਰਿਆਂ ਦੇ ਬਾਵਜੂਦ ਕੁਝ ਅਜਿਹਾ ਹੈ ਜਿਸ ਨੂੰ ਸਮਾਂ ਕਦੇ ਮਿਟਾ ਨਹੀਂ ਸਕਦਾ, ਉਹ ਹੈ ਲੋਕਾਂ ਦੇ ਦਿਲਾਂ 'ਚ ਸਾਡੀ ਥਾਂ |'
ਦੋ ਦਹਾਕਿਆਂ ਤੋਂ ਵੱਧ ਸਮੇਂ ਲਈ ਆਪਣੇ ਦੇਸ਼ ਪੁਰਤਗਾਲ ਦੀ ਟੀਮ ਦਾ ਹਿੱਸਾ ਬਣਨ ਵਾਲੇ ਤੇ ਸਭ ਤੋਂ ਵੱਧ ਕੌਮਾਂਤਰੀ ਮੈਚ (234) ਖੇਡ ਕੇ ਸਭ ਤੋਂ ਵੱਧ ਗੋਲ (146) ਕਰਨ ਵਾਲਾ ਰੋਨਾਲਡੋ ਛੇ ਵੱਖ–ਵੱਖ ਵਿਸ਼ਵ ਕੱਪਾਂ 'ਚ ਗੋਲ ਕਰਨ ਵਾਲਾ ਪਹਿਲਾ ਖਿਡਾਰੀ ਬਣਿਆ ਸੀ | ਉਸ ਨੇ ਆਪਣੇ ਅੰਤਰਰਾਸ਼ਟਰੀ ਖੇਡ ਦੀ ਸ਼ੁਰੂਆਤ ਸਾਲ 2003 'ਚ ਕੀਤੀ | ਉਸ ਦੀ ਕਪਤਾਨੀ ਹੇਠ ਪੁਰਤਗਾਲ ਟੀਮ ਨੇ 2016 ਦੀ ਯੂਰਪੀਅਨ ਚੈਂਪੀਅਨਸ਼ਿਪ, ਪੰਜ ਚੈਂਪੀਅਨਜ਼ ਲੀਗ ਅਤੇ ਦੋ ਨੇਸ਼ਨਜ਼ ਲੀਗ (2019 ਤੇ 2025) ਜਿੱਤੇ | ਉਸ ਨੇ ਭਾਵਕ ਸ਼ਬਦਾਂ 'ਚ ਕਿਹਾ ਸੀ ਕਿ ਉਹ ਪਿਛਲੇ 23 ਸਾਲਾਂ ਤੋਂ 7 ਨੰਬਰ ਦੀ ਟੀ-ਸ਼ਰਟ ਪਹਿਨ ਰਿਹਾ ਸੀ ਤੇ ਹੁਣ ਵਾਪਸ ਕਰਨ ਦਾ ਸਮਾਂ ਆ ਗਿਆ ਹੈ ਤਾਂ ਕਿ ਟੀਮ ਦੇ ਕਿਸੇ ਹੋਰ ਨੌਜਵਾਨ ਖਿਡਾਰੀ ਨੂੰ ਪਹਿਣਨ ਦਾ ਮੌਕਾ ਮਿਲੇ | ਜ਼ਿਕਰਯੋਗ ਹੈ ਕਿ ਰੋਨਾਲਡੋ ਨੂੰ 'ਸੀਆਰ–7' ਦੇ ਉਪਨਾਮ ਨਾਲ ਜਾਣਿਆ ਜਾਂਦਾ ਹੈ | ਫੀਫਾ ਵਲੋਂ ਉਸ ਨੂੰ ਪੰਜ ਵਾਰ 'ਵਿਸ਼ਵ ਦਾ ਸਰਬੋਤਮ ਖਿਡਾਰੀ' ਐਲਾਨਿਆ ਜਾ ਚੁੱਕਾ ਹੈ | 5 ਫਰਵਰੀ 2025 ਨੂੰ ਅਮਰੀਕਾ ਦੇ ਸ਼ਹਿਰ ਨਿਊਯਾਰਕ ਦੇ ਟਾਈਮ ਸੁਕੇਅਰ 'ਚ ਇਸ ਦਿੱਗਜ ਖਿਡਾਰੀ ਦਾ ਲਾਲ, ਹਰੇ ਤੇ ਸੁਨਹਿਰੀ ਰੰਗਾਂ ਵਾਲਾ ਤਾਂਬੇ ਦਾ ਬਣਿਆ 12 ਫੁੱਟ ਦਾ ਬੁੱਤ ਸਥਾਪਤ ਕੀਤਾ ਗਿਆ | ਰੋਨਾਲਡੋ ਦਾ ਜਨਮ ਪੁਰਤਗਾਲ ਦੇ ਮਦੀਰਾ ਟਾਪੂ ਵਿਖੇ ਪਿਤਾ ਮਾਰੀਆ ਸੈਂਟੋਸ ਅਵੈਰੋ ਅਤੇ ਮਾਤਾ ਜ਼ੋਸੋ ਡਿਨੀਸ ਅਵੈਰੋ ਦੇ ਘਰ 5 ਫਰਵਰੀ 1985 ਨੂੰ ਹੋਇਆ | ਉਸ ਨੇ ਮਾਨਚੈਸਟਰ ਯੂਨਾਈਟਡ ਫੁੱਟਬਾਲ ਕਲੱਬ ਵਲੋਂ 196 ਮੈਚ ਖੇਡ ਕੇ 84 ਗੋਲਾਂ ਦਾ, ਰੀਅਲ ਮੈਡਰਿਡ ਫੁੱਟਬਾਲ ਕਲੱਬ ਵਲੋਂ ਖੇਡਦਿਆਂ 292 ਮੈਚਾਂ 'ਚ 311 ਗੋਲਾਂ ਦਾ, ਇਟਲੀ ਦੀ ਜੁਵੈਂਟਸ ਕਲੱਬ ਵਲੋਂ ਖੇਡਦਿਆਂ 98 ਮੈਚਾਂ 'ਚ 81 ਗੋਲਾਂ ਤੇ ਫਿਰ ਮਾਨਚੈਸਟਰ ਯੂਨਾਈਟਡ ਵਲੋਂ 40 ਮੈਚ ਖੇਡ ਕੇ 19 ਗੋਲਾਂ ਦਾ ਯੋਗਦਾਨ ਪਾਇਆ | 2023 ਤੋਂ ਅਲ ਨਾਸਰ ਵਲੋਂ ਖੇਡਦਿਆਂ ਉਸ ਨੇ 117 ਮੈਚਾਂ 'ਚ 110 ਗੋਲ ਕੀਤੇ | ਉਹ ਲੰਬਾ ਸਮਾਂ ਪੁਰਤਗਾਲ ਟੀਮ ਦਾ ਕਪਤਾਨ ਰਿਹਾ |
ਫੀਫਾ ਵਿਸ਼ਵ ਕੱਪ-ਪੁਰਤਗਾਲ ਵਲੋਂ ਖੇਡਦਿਆਂ ਉਸ ਨੇ ਛੇ ਫੀਫਾ ਵਿਸ਼ਵ ਕੱਪ ਮੁਕਾਬਲਿਆਂ 'ਚ ਹਿੱਸਾ ਲਿਆ ਤੇ 2006 'ਚ ਇਕ ਗੋਲ, 2010 'ਚ ਇਕ, 2014 'ਚ ਇਕ, 2018 'ਚ ਚਾਰ, 2022 'ਚ ਇਕ ਤੇ 2026 'ਚ ਤਿੰਨ ਗੋਲ ਕੀਤੇ ਸਨ |
ਵਿਸ਼ੇਸ਼ ਸਨਮਾਨ-'ਫਰਾਂਸ ਫੁੱਟਬਾਲ' ਨਾਂਅ ਦੇ ਮੈਗਜ਼ੀਨ ਨੇ ਰੋਨਾਲਡੋ ਨੂੰ ਪੰਜ ਵਾਰ 'ਗੋਲਡਨ ਬਾਲ' (2008, 2013, 2014, 2016 ਤੇ 2017) ਨਾਲ ਸਨਮਾਨਿਤ ਕੀਤਾ | ਉਸ ਨੂੰ ਚਾਰ ਵਾਰ ਯੂਰਪੀ 'ਗੋਲਡਨ ਸ਼ੂ' (2007, 2010, 2013, 2014) ਤੇ ਤਿੰਨ ਵਾਰ ਫੀਫਾ 'ਪਲੇਅਰ ਆਫ਼ ਦਿ ਯੀਅਰ' (2008, 2016, 2017) ਅਤੇ ਲਾ ਲਿਗਾ ਦਾ ਸਰਵਸ਼੍ਰੇਸ਼ਟ ਖਿਡਾਰੀ (2013–14) ਐਲਾਨਿਆ ਜਾ ਚੁੱਕਾ ਹੈ | ਬੀ.ਬੀ.ਸੀ. ਨੇ ਵੀ ਰੋਨਾਲਡੋ ਨੂੰ 'ਸਪੋਰਟਸ ਪਰਸਨ ਆਫ਼ ਦਿ ਯੀਅਰ' (2014) ਖ਼ਿਤਾਬ ਨਾਲ ਸਨਮਾਨਿਤ ਕੀਤਾ | ਰੋਨਾਲਡੋ 22 ਅਪ੍ਰੈਲ 2019 ਨੂੰ ਇਤਿਹਾਸ ਦਾ ਪਹਿਲਾ ਫੁੱਟਬਾਲ ਖਿਡਾਰੀ ਬਣਿਆ ਸੀ, ਜਿਸ ਨੂੰ ਇੰਗਲਿਸ਼ ਪ੍ਰੀਮੀਅਰ ਲੀਗ, ਸਪੈਨਿਸ਼ ਲੀਗ ਤੇ ਇਟਲੀ ਦੀ ਸੀਰੀਜ਼ ਜਿੱਤਣ ਦਾ ਮਾਣ ਹਾਸਲ ਹੋਇਆ | ਉਸ ਨੂੰ ਪੁਰਤਗਾਲੀ 'ਪਲੇਅਰ ਆਫ਼ ਦਿ ਯੀਅਰ' ਸਾਲ 2015, 2016, 2017, 2018, 2019 ਅਤੇ ਸੀਰੀਜ਼–ਏ 'ਫੁੱਟਬਾਲਰ ਆਫ਼ ਦਿ ਯੀਅਰ' (2019, 2020) ਸਨਮਾਨਾਂ ਨਾਲ ਵੀ ਸਤਿਕਾਰਿਆ ਜਾ ਚੁੱਕਾ ਹੈ |
-ਸੇਵਾ ਮੁਕਤ ਲੈਕਚਰਾਰ, ਚੰਦਰ ਨਗਰ, ਬਟਾਲਾ |
ਮੋਬਾਈਲ : 6284220595