![]()
ਪੰਜਾਬ 'ਚ ਕਿਸਾਨੀ ਨਾਲ ਜੁੜੇ ਹੋਏ ਕਈ ਕਾਰੋਬਾਰ ਹੁਣ ਵਪਾਰੀ ਦੇ ਹੱਥ ਆ ਚੁੱਕੇ ਹਨ, ਜਿਨ੍ਹਾਂ ਵਿਚ ਪੋਲਟਰੀ ਤੇ ਖੁੰਬਾਂ ਦਾ ਕਾਰੋਬਾਰ ਮੁੱਖ ਤੌਰ 'ਤੇ ਸ਼ਾਮਿਲ ਹੈ | ਖੁੰਬ ਵੀ ਹੋਰਨਾਂ ਉੱਲੀਆਂ ਦੀ ਤਰ੍ਹਾਂ ਇਕ ਉੱਲੀ ਹੈ | ਉੱਲੀਆਂ ਕਈ ਪ੍ਰਕਾਰ ਦੀਆਂ ਹੁੰਦੀਆਂ ਹਨ, ਜਿਨ੍ਹਾਂ 'ਚੋਂ ਕੁਝ ਲਾਭਦਾਇਕ ਹੁੰਦੀਆਂ ਹਨ ਅਤੇ ਕੁਝ ਨੁਕਸਾਨ ਵੀ ਕਰਦੀਆਂ ਹਨ | ਖੁੰਬ ਇਕ ਸਫੇਦ ਰੰਗ ਦੀ ਗੋਲ ਜਿਹੇ ਆਕਾਰ ਵਰਗੀ ਟੋਪੀ ਹੁੰਦੀ ਹੈ | ਖੁੰਬ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਦਵਾਈ ਦਾ ਕੰਮ ਕਰਦੀ ਹੈ | ਭਾਵੇਂ ਕਈ ਖੁੱਲ੍ਹੀਆਂ ਪਈਆਂ ਥਾਵਾਂ 'ਤੇ ਵੀ ਖੁੰਬ ਉੱਗੀ ਹੋਈ ਵੇਖਦੇ ਹਾਂ ਜਿਵੇਂ ਰੂੜੀ, ਪਰਾਲੀ, ਤੂੜੀ ਦੇ ਢੇਰ, ਖੇਤਾਂ ਵਿਚ ਤੂੜੀ ਦੇ ਕੁੱਪ ਵਾਲੀ ਜਗ੍ਹਾ, ਨਹਿਰਾਂ ਆਦਿ ਦੇ ਕਿਨਾਰੇ ਅਜਿਹੀਆਂ ਥਾਵਾਂ 'ਤੇ ਪੈਦਾ ਹੋਣ ਵਾਲੀਆਂ ਖੁੰਬਾਂ ਜ਼ਹਿਰੀਲੀਆਂ ਵੀ ਹੋ ਸਕਦੀਆਂ ਹਨ, ਕਿਉਂਕਿ ਅਜਿਹੀ ਖੁੰਬ ਦੀ ਪੈਦਾਵਾਰ ਵਾਲੀ ਜ਼ਮੀਨ ਹੇਠਾਂ ਕੋਈ ਵੀ ਜ਼ਹਿਰੀਲੀ ਚੀਜ਼ ਹੋ ਸਕਦੀ ਹੈ, ਜਿਸ ਕਰਕੇ ਫਾਰਮਾਂ ਅੰਦਰ ਪੈਦਾ ਕੀਤੀਆਂ ਖੁੰਬਾਂ ਹੀ ਖਾਣ ਯੋਗ ਮੰਨੀਆਂ ਜਾ ਸਕਦੀਆਂ ਹਨ |
ਕਿਸਮਾਂ-ਪੰਜਾਬ ਅਤੇ ਹਰਿਆਣਾ ਰਾਜ ਵਿਚ ਤਿੰਨ ਕਿਸਮ ਦੀਆਂ ਖੁੰਬਾਂ ਦੀ ਕਾਸ਼ਤ ਕੀਤੀ ਜਾਦੀ ਹੈ | ਪਹਿਲੀ ਬਟਨ ਖੁੰਬ, ਦੂਸਰੀ ਢੀਂਗਰੀ ਅਤੇ ਤੀਸਰੀ ਪਰਾਲੀ ਵਾਲੀ ਖੁੰਬ | ਭਾਵੇਂ ਕਿ ਮੌਸਮ ਦੇ ਹਿਸਾਬ ਨਾਲ ਠੰਢੇ ਇਲਾਕਿਆਂ ਵਿਚ ਸਾਰਾ ਸਾਲ ਬਟਨ ਖੁੰਬ ਦੀ ਕਾਸ਼ਤ ਕੀਤੀ ਜਾ ਸਕਦੀ ਹੈ | ਪਰ ਪੰਜਾਬ/ਹਰਿਆਣਾ ਵਿਚ ਸਮੇਂ 'ਤੇ ਮੌਸਮ ਦੇ ਹਿਸਾਬ ਨਾਲ ਤਿੰਨ ਕਿਸਮਾਂ ਹੀ ਬੀਜੀਆਂ ਜਾ ਸਕਦੀਆਂ ਹਨ |
ਬਿਜਾਈ ਦਾ ਸਮਾਂ-ਭਾਵੇਂ ਕਿ ਖੁੰਬਾਂ ਦੀ ਬਿਜਾਈ ਦਾ ਸਮਾਂ ਸਾਰਾ ਸਾਲ ਹੀ ਚਲਦਾ ਰਹਿੰਦਾ ਹੈ | ਪਰ ਬਟਨ ਖੁੰਬ ਦੀ ਕਾਸ਼ਤ ਸਤੰਬਰ ਮਹੀਨੇ ਤੋਂ ਅਪ੍ਰੈਲ ਤੱਕ ਕੀਤੀ ਜਾ ਸਕਦੀ ਹੈ | ਇਸ ਤੋਂ ਬਾਅਦ 15 ਸਤੰਬਰ ਤੱਕ ਪਰਾਲੀ ਵਾਲੀ ਖੁੰਬ ਦੀ ਕਾਸ਼ਤ ਅਤੇ ਨਵੰਬਰ ਤੋਂ ਲੈ ਕੇ ਮਾਰਚ ਤੱਕ ਤੀਸਰੀ ਕਿਸਮ ਢੀਂਗਰੀ ਬੀਜੀ ਜਾ ਸਕਦੀ ਹੈ | ਬਟਨ ਖੁੰਬ ਦੀ ਪੈਦਾਵਾਰ ਲਈ 16 ਤੋਂ 25 ਡਿਗਰੀ ਤਾਪਮਾਨ ਦੀ ਜ਼ਰੂਰਤ ਪੈਂਦੀ ਹੈ, ਕਿਉਂਕਿ ਉੱਲੀ ਦੇ ਵਧਣ ਫੁੱਲਣ ਲਈ ਤਾਪਮਾਨ 25 ਡਿਗਰੀ ਅਤੇ ਖੁੰਬਾਂ ਦਾ ਵੱਧ ਝਾੜ ਲੈਣ ਲਈ 16 ਤੋਂ 18 ਡਿਗਰੀ ਤਾਪਮਾਨ ਚਾਹੀਦਾ ਹੈ |
ਖੁੰਬਾਂ ਦੀ ਬਿਜਾਈ-ਬਟਨ ਖੁੰਬ ਦੀ ਬਿਜਾਈ ਕਰਨ ਲਈ ਕੰਪੋਸਟ ਦੀ ਜ਼ਰੂਰਤ ਪੈਂਦੀ ਹੈ | ਕੰਪੋਸਟ 35 ਤੋਂ 45 ਦਿਨਾਂ ਵਿਚ ਤਿਆਰ ਹੁੰਦੀ ਹੈ | ਗਲੀ/ਸੜੀ ਤੂੜੀ ਨੂੰ ਕੰਪੋਸਟ ਕਿਹਾ ਜਾਂਦਾ ਹੈ | ਕੰਪੋਸਟ ਤਿਆਰ ਕਰਨ ਦੇ ਕਈ ਤਰੀਕੇ ਹਨ | ਆਮ ਸਿਫ਼ਾਰਸਾਂ ਮੁਤਾਬਿਕ ਕਿਸਾਨਾਂ ਨੂੰ ਤਿੰਨ ਕੁਇੰਟਲ ਤੂੜੀ ਦੇ ਫਾਰਮੂਲੇ ਦੱਸੇ ਜਾਂਦੇ ਹਨ, ਜਿਸ ਨੂੰ ਤਿਆਰ ਕਰਨ ਲਈ ਕਣਕ ਦਾ ਚੋਕਰ, ਯੂਰੀਆ,ਕੈਲਸੀਅਮ ਅਮੋਨੀਆ ਨਾਈਟਰੇਟ, ਸੁਪਰ ਫਾਸਫੇਟ, ਮਿਊਰੇਟ ਆਫ ਪੋਟਾਸ, ਫਿਊਰਾਡਨ, ਸੀਰਾਂ, ਜਿਪਸਮ, ਬੀ.ਐਚ.ਸੀ. ਆਦਿ ਦੀ ਜ਼ਰੂਰਤ ਪੈਂਦੀ ਹੈ | ਘੱਟ ਤੂੜੀ ਦੀ ਕੰਪੋਸਟ ਤਿਆਰ ਕਰਨ ਲਈ ਲੋੜੀਂਦਾ ਸਾਮਾਨ ਘੱਟ ਮਾਤਰਾ ਵਿਚ ਮਿਲਣ ਦੀ ਬਹੁਤ ਵੱਡੀ ਸਮੱਸਿਆ ਸੀ, ਜਿਸ ਨੂੰ ਹੱਲ ਕਰਨ ਲਈ ਪੰਜਾਬ ਦੇ ਕਈ ਫਾਰਮਰ ਆਧੁਨਿਕ ਢੰਗ ਨਾਲ ਆਪਣੇ ਫਾਰਮਾਂ ਤੇ ਕੰਪੋਸਟ ਤਿਆਰ ਕਰਨ ਲੱਗ ਪਏ ਹਨ, ਜਿਸ ਕਰਕੇ ਕਿਸਾਨਾਂ ਨੂੰ ਤਿਆਰ-ਬਰ-ਤਿਆਰ ਕੰਪੋਸਟ ਵੀ ਮਿਲਣ ਲੱਗ ਪਈ ਹੈ | ਆਪਣੀ ਜ਼ਰੂਰਤ ਮੁਤਾਬਿਕ ਕਿਸਾਨ ਕੰਪੋਸਟ ਲੈ ਕੇ ਸਿੱਧਾ ਹੀ ਖੁੰਬਾਂ ਦੀ ਬਿਜਾਈ ਕਰ ਸਕਦੇ ਹਨ |
ਬਿਜਾਈ ਦਾ ਸਾਮਾਨ-ਖੁੰਬਾਂ ਬੀਜਣ ਲਈ ਟਰੇਆਂ, ਸੈਲਫਾਂ ਤੇ ਪੋਲੀਥੀਨ ਦੀ ਵਰਤੋਂ ਕੀਤੀ ਜਾਦੀ ਹੈ | ਬਾਜ਼ਾਰ 'ਚੋਂ ਫ਼ਲਾਂ ਵਾਲੀਆਂ ਖਾਲੀ ਪੇਟੀਆਂ ਅਤੇ ਵੱਡੇ ਆਕਾਰ ਦੇ ਲਿਫਾਫੇ ਮਿਲ ਜਾਦੇ ਹਨ ਜਾਂ ਫਿਰ ਬਾਂਸ ਗੱਡ ਕੇ ਸੈਲਫਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ, ਜਿਨ੍ਹਾਂ ਵਿਚ ਵੱਡੇ ਪੱਧਰ 'ਤੇ ਖੁੰਬਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ |
ਬੀਜਣ ਦਾ ਢੰਗ-ਖੁੰਬਾਂ ਦੀ ਬਿਜਾਈ ਕਰਨ ਤੋਂ ਪਹਿਲਾਂ ਤਿਆਰ ਕੀਤੀ ਗਈ ਕੰਪੋਸਟ ਨੂੰ ਖਿਲਾਰ ਕੇ ਠੰਢੀ ਕਰਨੀ ਚਾਹੀਦੀ ਹੈ | ਖੁੰਬਾਂ ਬੀਜਣ ਵਾਸਤੇ ਕੰਪੋਸਟ ਫਾਰਮ ਹਾਊਸ ਦੇ ਨੇੜੇ ਹੋਵੇ ਤਾਂ ਮਜ਼ਦੂਰਾਂ ਦਾ ਖਰਚਾ ਘੱਟ ਪੈਂਦਾ ਹੈ | ਖੁੰਬਾਂ ਦਾ ਬੀਜ ਸਫਾਨ ਪੰਜ ਤੋਂ ਛੇ ਬੋਤਲਾਂ ਪ੍ਰਤੀ ਕੁਇੰਟਲ ਸੁੱਕੀ ਤੂੜੀ ਦੇ ਹਿਸਾਬ ਨਾਲ ਪਾਇਆ ਜਾਦਾ ਹੈ | ਬੀਜ ਦੋ ਤਹਿਆਂ ਵਿਚ ਬੀਜਣ ਨਾਲ ਵੱਧ ਝਾੜ ਮਿਲਦਾ ਹੈ | ਪਹਿਲਾ ਬੀਜ ਤਿੰਨ ਇੰਚ ਕੰਪੋਸਟ ਪਾ ਕੇ ਬੀਜਣਾ ਚਾਹੀਦਾ ਹੈ | ਟਰੇਆਂ ਨੂੰ ਅਖਬਾਰਾਂ ਨਾਲ ਢਕ ਕੇ ਪਾਣੀ ਦਾ ਸਪਰੇਅ ਕੀਤਾ ਜਾਦਾ ਹੈ, ਜਿਸ ਨਾਲ ਸਿਰਫ਼ ਅਖਬਾਰ ਹੀ ਗਿੱਲੇ ਹੋਣ ਜੇਕਰ ਖੁੰਬਾਂ ਦੀ ਬਿਜਾਈ ਪਲਾਸਟਿਕ ਦੇ ਲਿਫਾਫੇ ਵਿਚ ਕੀਤੀ ਹੋਵੇ ਤਾਂ ਉਸ ਨਾਲ ਹੀ ਢਕਿਆ ਜਾ ਸਕਦਾ ਹੈ | ਬੀਜ ਨੂੰ ਫੈਲਣ ਲਈ ਕਮਰਾ ਬੰਦ ਰੱਖਿਆ ਜਾਂਦਾ ਹੈ, ਤਾਂ ਕਿ ਉੱਲੀ ਪੂਰੀ ਤਰ੍ਹਾਂ ਫੈਲ ਸਕੇ | ਕੰਪੋਸਟ ਵਿਚ ਉੱਲੀ ਫੈਲ ਜਾਣ ਤੋਂ ਬਾਅਦ ਕੇਸਿੰਗ ਕੀਤੀ ਜਾਂਦੀ ਹੈ |
ਕੇਸਿੰਗ ਦੀ ਤਿਆਰੀ-ਕੇਸਿੰਗ ਮਿੱਟੀ ਤਿਆਰ ਕਰਨ ਲਈ ਤਿੰਨ ਹਿੱਸੇ ਦੋ ਸਾਲ ਪੁਰਾਣੀ ਰੂੜੀ ਦੀ ਖਾਦ ਅਤੇ ਇਕ ਹਿੱਸਾ ਮਿੱਟੀ ਰਲਾ ਕੇ ਪੰਜ ਫ਼ੀਸਦੀ ਫਾਗਮਲੀਨ ਦੇ ਘੋਲ ਨਾਲ ਸੋਧ ਕੇ ਤਿਆਰ ਕੀਤੀ ਜਾਦੀ ਹੈ | ਯਾਦ ਰਹੇ ਕਿ ਕੇਸਿੰਗ ਮਿੱਟੀ ਬਿਲਕੁਲ ਬਰੀਕ ਹੋਣ ਦੀ ਬਜਾਏ ਉਸ ਵਿਚ ਛੋਟੀਆਂ/ਛੁੱਟੀਆਂ ਡਲੀਆਂ ਹੋਣੀਆਂ ਚਾਹੀਦੀਆਂ ਹਨ, ਕਿਉਂਕਿ ਬਿਲਕੁਲ ਬਰੀਕ ਕੇਸਿੰਗ ਵਿਚ ਗੈਸਾਂ ਅੰਦਰ/ਬਾਹਰ ਨਹੀਂ ਜਾ ਸਕਦੀਆਂ, ਜਿਸ ਕਰਕੇ ਖੁੰਬ ਦੀ ਫ਼ਸਲ 'ਤੇ ਬੁਰਾ ਪ੍ਰਭਾਵ ਪੈਦਾ ਹੈ | ਮੌਜੂਦਾ ਦੌਰ ਵਿਚ ਕੇਸਿੰਗ ਕਰਨ ਲਈ ਬਾਜ਼ਾਰ 'ਚੋਂ ਵੱਖਰੇ ਤੌਰ 'ਤੇ ਵੀ ਸਾਮਾਨ ਮਿਲਦਾ ਹੈ |
ਤੁੜਾਈ ਤੇ ਸਾਂਭ ਸੰਭਾਲ-ਜਦੋਂ ਖੁੰਬਾਂ ਤੋੜਨ ਲਈ ਤਿਆਰ ਹੋ ਜਾਦੀਆਂ ਹਨ ਤਾਂ ਇਨ੍ਹਾਂ ਦੀ ਡੰਡੀ 4/5 ਸੈਂਟੀਮੀਟਰ ਲੰਬੀ ਹੋ ਜਾਦੀ ਹੈ | ਖੁੰਬਾਂ ਨੂੰ ਤੋੜਨ ਲਈ ਥੋੜ੍ਹਾ ਜਿਹਾ ਘੁਮਾਓ ਤੇ ਤੋੜ ਲਓ, ਤੋੜੀਆਂ ਹੋਈਆਂ ਖੁੰਬਾਂ ਨੂੰ ਪਾਉਣ ਲਈ ਪਲਾਸਟਿਕ ਦੀ ਟਰੇਅ ਜਾਂ ਬਾਲਟੀ ਦੀ ਵਰਤੋਂ ਕਰੋ | ਬਟਨ ਖੁੰਬ ਦੀ ਫ਼ਸਲ ਤਕਰੀਬਨ ਤਿੰਨ ਮਹੀਨੇ ਤੱਕ ਚਲਦੀ ਹੈ | ਖੁੰਬਾਂ ਹਰ ਰੋਜ਼ ਤੋੜਨੀਆਂ ਜਰੂਰੀ ਹਨ |
ਖੁੰਬਾਂ ਦੀ ਕਾਸ਼ਤ ਬਾਰੇ ਹੋਰ ਜਾਣਕਾਰੀ ਲੈਣ ਅਤੇ ਖੁੰਬਾਂ ਦਾ ਬੀਜ ਲੈਣ ਲਈ ਮਾਈਕ੍ਰੋਬਾਈਲੋਜੀ ਵਿਭਾਗ ਜਾਂ ਪਸਾਰ ਸਿੱਖਿਆ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਚੌਧਰੀ ਚਰਨ ਸਿੰਘ ਖੇਤੀਬਾੜੀ ਯੂਨੀਵਰਸਿਟੀ ਹਿਸਾਰ, ਖੁੰਬ ਪ੍ਰੋਜੈਕਟ ਚੰਬਾ ਘਾਟੀ ਸੋਲਨ, ਦਫ਼ਤਰ ਡਿਪਟੀ ਡਾਈਰੈਕਟਰ ਬਾਗਬਾਨੀ ਵਿਭਾਗ ਬਾਰਾਦਾਰੀ ਬਾਗ ਪਟਿਆਲਾ, ਦਫ਼ਤਰ ਡਿਪਟੀ ਡਾਇਰੈਕਟਰ ਜਲੰਧਰ ਛਾਉਣੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ | ਇਸ ਤੋਂ ਇਲਾਵਾ ਕਈ ਪ੍ਰਾਈਵੇਟ ਫਰਮਾਂ ਵੀ ਖੁੰਬਾਂ ਦਾ ਬੀਜ ਤਿਆਰ ਕਰਕੇ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਦੇ ਰਹੀਆਂ ਹਨ | ਪੰਜਾਬ ਚ ਖੁੰਬਾਂ ਦਾ ਕਾਰੋਬਾਰ ਵੱਡੀ ਪੱਧਰ 'ਤੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਰੁਜ਼ਗਾਰ ਵੀ ਮਿਲਿਆ ਹੈ | ਖ਼ਾਸ ਕਰਕੇ ਔਰਤਾਂ ਨੂੰ ਖੁੰਬਾਂ ਦੇ ਫਾਰਮਾਂ ਚ ਕੰਮ ਕਾਰ ਮਿਲ ਰਿਹਾ ਹੈ, ਕਿਉਂਕਿ ਕੁਝ ਫਾਰਮ ਸਾਰਾ ਸਾਲ ਹੀ ਖੁੰਬਾਂ ਤਿਆਰ ਕਰ ਰਹੇ ਹਨ, ਜਿਸ ਕਰਕੇ ਔਰਤਾਂ ਖੁੰਬਾਂ ਦੀ ਬਿਜਾਈ, ਤੁੜਾਈ ਅਤੇ ਪੈਕਿੰਗ ਤੱਕ ਵੀ ਕਰ ਰਹੀਆਂ ਹਨ ਪਰ ਸਰਕਾਰੀ ਤੌਰ 'ਤੇ ਜ਼ਿਲ੍ਹਾ ਪੱਧਰ 'ਤੇ ਅਜਿਹੇ ਪ੍ਰੋਜੈਕਟ ਲਾਉਣ ਦੀ ਵੀ ਜ਼ਰੂਰਤ ਹੈ, ਜਿੱਥੇ ਖੁੰਬਾਂ ਦੀ ਪੈਕਿੰਗ ਕਰਕੇ ਜਾਂ ਵੱਖ-ਵੱਖ ਤਰ੍ਹਾਂ ਦੇ ਹੋਰ ਉਤਪਾਦ ਬਣਾ ਕੇ ਵਿਦੇਸ਼ਾਂ ਨੂੰ ਸਪਲਾਈ ਕੀਤੇ ਜਾ ਸਕਦੇ ਹਨ |
-ਕਾਹਨਗੜ੍ਹ ਰੋਡ, ਪਾਤੜਾਂ, ਜ਼ਿਲ੍ਹਾ ਪਟਿਆਲਾ |
ਮੋਬਾਈਲ : 98761-01698